ਅੰਮ੍ਰਿਤਸਰ, 7 ਜੁਲਾਈ - ਅੰਮ੍ਰਿਤਸਰ 'ਚ ਅੱਜ ਦੋ ਨੌਜਵਾਨਾਂ ਦੀ ਨਸ਼ੇ ਦੀ ੳਵਰਡੋਜ਼ ਕਾਰਨ ਮੌਤ ਹੋ ਗਈ। ਪੁਲਿਸ ਮੁਤਾਬਕ ਅੰਮ੍ਰਿਤਸਰ ਤੋਂ ਕਰੀਬ 40 ਅਤੇ 20 ਕਿਲੋਮੀਟਰ ਦੀ ਵਿੱਥ 'ਤੇ ਪੈਂਦੇ ਪਿੰਡ ਬਿਆਸ ਅਤੇ ਘਰਿੰਡਾ ਦੇ ਦੋ ਨੌਜਵਾਨਾਂ ਦੀ ਚਿੱਟੇ ਦੀ ੳਵਰਡੋਜ਼ ਕਾਰਨ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਦੋਵਾਂ ਦੀ ਹੈਰੋਇਨ ਦੇ ਨਸ਼ੇ ਦੀ ੳਵਰਡੋਜ਼ ਕਾਰਨ ਮੌਤ ਹੋਈ ਹੈ। ਦੋਨਾਂ 'ਚੋਂ ਇਕ ਦੇ ਪੋਸਟਮਾਰਟਮ ਤੋਂ ਬਾਅਦ ਉਸਦੀ ੳਵਰਡੋਜ਼ ਕਾਰਨ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ।
ਪੁਲਿਸ ਅਨੁਸਾਰ ਘਰਿੰਡਾ ਪਿੰਡ ਦੇ 27 ਸਾਲਾ ਨੌਜਵਾਨ ਸਵਰਨ ਸਿੰਘ ਦਾ ਪੁਲਿਸ ਦੇ ਪਿੰਡ ਵਿਚ ਪਹੁੰਚਣ ਤੋਂ ਪਹਿਲਾਂ ਹੀ ਸਸਕਾਰ ਕਰ ਦਿੱਤਾ ਗਿਆ ਸੀ। ਜਦਕਿ ਦੂਜੇ ਮ੍ਰਿਤਕ 24 ਸਾਲਾ ਜਤਿੰਦਰ ਸਿੰਘ ਜੋ ਕਿ ਬਿਆਸ ਪਿੰਡ ਦਾ ਵਸਨੀਕ ਸੀ, ਦਾ ਪੋਸਟਮਾਰਟਮ ਪੁਲਿਸ ਵੱਲੋਂ ਕਰਵਾਇਆ ਗਿਆ। ਐਸਐਸਪੀ ਅੰਮ੍ਰਿਤਸਰ (ਰੂਰਲ) ਪਰਮਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਜਤਿੰਦਰ ਦੀ ਮੌਤ ਪਿੱਛੇ 4 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ।
ਜਤਿੰਦਰ ਦੇ ਘਰ ਵਾਲਿਆ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਨ੍ਹਾਂ ਦਾ ਬੇਟਾ ਕਰੀਬ ਤਿੰਨ ਸਾਲ ਪਹਿਲਾਂ ਨਸ਼ੇ ਕਰਨ ਲੱਗਿਆ ਸੀ। ਦੂਜੇ ਮ੍ਰਿਤਕ ਸਵਰਨ ਸਿੰਘ ਬਾਰੇ ਗੱਲ ਕਰਦਿਆਂ ਪੁਲਿਸ ਨੇ ਕਿਹਾ ਕਿ ਸਵਰਨ ਸਿੰਘ ਕੁਝ ਮਹੀਨੇ ਪਹਿਲਾਂ ਹੀ ਨਸ਼ੇ ਦਾ ਆਦੀ ਹੋਇਆ ਸੀ। ਜਦੋਂ ਉਸਦੇ ਪਰਿਵਾਰ ਨੂੰ ਇਸ ਬਾਬਤ ਪਤਾ ਲੱਗਿਆ ਤਾਂ ਉਨ੍ਹਾਂ ਵੱਲੋਂ ਆਪਣੇ ਲੜਕੇ 'ਤੇ ਕਾਫੀ ਮੁਸਤੈਦੀ ਵੀ ਵਰਤੀ ਗਈ ਅਤੇ ਉਸਨੂੰ ਨਸ਼ਾ ਛੁਡਾਊ ਕੇਂਦਰਾਂ ਵਿਚ ਵੀ ਭਰਤੀ ਕਰਾਇਆ ਗਿਆ ਸੀ।