ਜੀ ਐਸ ਪੰਨੂ
ਪਟਿਆਲਾ, 8 ਸਤੰਬਰ, 2017 : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਕਰਨਾਟਕਾ ਦੀ ਕੰਨਡ਼ ਪੱਤਰਕਾਰਾ ਗੌਰੀ ਲੰਕੇਸ਼ ਦੀ ਹਿੰਦੂਤਵ ਫ਼ਾਸ਼ੀਵਾਦੀਆਂ ਵਲੋਂ ਕੀਤੀ ਹੱਤਿਆ ਦੇ ਵਿਰੋਧ ਵਿੱਚ ਪੰਜ ਜਥੇਬੰਦੀਆਂ ਡੀ.ਐੱਸ.ਉ, ਪੀ.ਐੱਸ.ਯੂ, ਪੀ.ਐੱਸ.ਯੂ ਲਲਕਾਰ, ਏ.ਆਈ.ਐੱਸ.ਐੱਫ, ਅਤੇ ਐੱਸ.ਐੱਫ.ਆਈ ਵਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਡੀ.ਐੱਸ.ਓ ਦੇ ਬੁਲਾਰੇ ਅਜੈਬ ਨੇ ਬੋਲਦੇ ਹੋਏ ਕਿਹਾ ਕਿ ਫਾਸ਼ੀਵਾਦ ਦਾ ਬੋਲਣ ਦੀ ਆਜ਼ਾਦੀ ਉਪਰ ਇਹ ਕੋਈ ਪਹਿਲਾ ਹਮਲਾ ਨਹੀਂ ਇਸਤੋਂ ਪਹਿਲਾਂ ਦਬੋਲਕਰ, ਗੋਵਿੰਦ ਪੰਸਾਰੇ, ਪ੍ਰੋਫੈਸਰ ਕਲਬੁਰਗੀ ਤੇ ਹੁਣ ਗੌਰੀ ਲੰਕੇਸ਼ ਇਸ ਹਮਲੇ ਦੀ ਸ਼ਿਕਾਰ ਹੋਈ ਹੈ। ਹਿੰਦੂਤਵ ਫਾਸ਼ੀਵਾਦ ਹਾਕਮ ਲੁਟੇਰੀਆਂ ਜਮਾਤਾਂ ਦਾ ਇੱਕ ਅਜਿਹਾ ਸੇਵਕ ਹੈ ਜੋ ਉਹਨਾਂ ਦੁਆਰਾ ਕੀਤੀ ਜਾਂਦੀ ਆਰਥਿਕ ਲੁੱਟ ਨੂੰ ਲੁਕਾਉਂਦਾ ਹੈ ਅਤੇ ਇਸ ਲੁੱਟ ਦਾ ਵਿਰੋਧ ਕਰਨ ਵਾਲਿਆਂ ਦਾ ਮੂੰਹ ਬੰਦ ਕਰਦਾ ਹੈ। ਦੇਸ਼ ਵਿੱਚ ਮਜ਼ਦੂਰਾਂ, ਕਿਸਾਨਾਂ,ਘੱਟ ਗਿਣਤੀਆਂ, ਦਲਿਤਾਂ, ਔਰਤਾਂ ਨੂੰ ਦਬਾਇਆ ਹਾ ਰਿਹਾ ਹੈ। ਮੁਸਲਮਾਨਾਂ ਅਤੇ ਸਿੱਖਾਂ ਨੂੰ ਅੱਤਵਾਦੀ ਕਹਿਕੇ ਮਾਰਿਆ ਜਾ ਰਿਹਾ ਹੈ ਉਹਨਾਂ ਉਪਰ ਹਿੰਦੂ ਰੀਤੀ ਰਿਵਾਜ਼ਾਂ ਨੂੰ ਧੱਕੇ ਨਾਲ ਥੋਪਿਆ ਜਾ ਰਿਹਾ ਹੈ। ਲਲਕਾਰ ਦੇ ਬੁਲਾਰੇ ਗੁਰਪ੍ਰੀਤ ਨੇ ਵਿਦਿਆਰਥੀਆਂ ਅੱਗੇ ਕੁੱਝ ਸਵਾਲ ਪੇਸ਼ ਕਰਦੇ ਹੋਏ ਅਪੀਲ ਕੀਤੀ ਕਿ ਸਾਨੂੰ ਆਪਣੀ ਕੈਰੀਅਰਵਾਦੀ ਸੋਚ ਨੂੰ ਛੱਡ ਕੇ ਸਮਾਜ ਨੂੰ ਬਿਹਤਰ ਬਣਾਉਣ ਲਈ ਅੱਗੇ ਅਉਣਾ ਚਾਹੀਦਾ ਹੈ। ਏ.ਆਈ.ਐੱਸ.ਐੱਫ ਦੇ ਬੁਲਾਰੇ ਪਰਮ ਨੇ ਇਨ੍ਹਾਂ ਹਮਲਿਆਂ ਨੂੰ ਵਿੱਤੀ ਸਰਮਾਏ ਦੀ ਲੁੱਟ ਨੂੰ ਲੁਕਾਉਣ ਦਾ ਇੱਕ ਸਾਧਨ ਦੱਸਿਆ। ਇਸਤੋਂ ਇਲਾਵਾ ਪੀ.ਐੱਸ.ਯੂ ਦੇ ਬੁਲਾਰੇ ਲਖਵਿੰਦਰ ਅਤੇ ਐੱਸ.ਐੱਫ.ਆਈ ਦੇ ਬੁਲਾਰੇ ਬਾਜਵਾ ਨੇ ਗੌਰੀ ਲੰਕੇਸ਼ ਦੀ ਹੱਤਿਆ ਦੀ ਸਖ਼ਤ ਸ਼ਬਦਾਂ ਚ ਨਿੰਦਿਆ ਕੀਤੀ। ਸਾਝੇ ਫਰੰਟ ਵਲੋਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਲੁਟੇਰੀਆਂ ਜਮਾਤਾਂ ਤੇ ਇਨ੍ਹਾਂ ਦੇ ਫਾਸ਼ੀਵਾਦੀ ਹਮਲੇ ਖ਼ਿਲਾਫ ਮਜ਼ਦਰਾਂ, ਕਿਸਾਨਾਂ,ਘੱਟ ਗਿਣਤੀਆਂ ਤੇ ਹੋਰ ਲਤਾਡ਼ੇ ਜਾਂਦੇ ਵਰਗਾਂ ਨਾਲ ਸੰਗਠਿਤ ਹੋ ਕੇ ਸ਼ੰਘਰਸ਼ ਕਰਨ ਤਾਂ ਕਿ ਇੱਕ ਬਰਾਬਰਤਾ ਅਧਾਰਿਤ ਸਮਾਜ ਸਿਰਜਿਆ ਜਾ ਸਕੇ ਜਿੱਥੇ ਕਿਸੇ ਦੀ ਲੁੱਟ ਸੰਭਵ ਨਾ ਰਹੇ ਅਤੇ ਸੱਚ ਦੀ ਆਵਾਜ਼ ਨੂੰ ਦਬਾਇਆ ਨਾ ਜਾ ਸਕੇ।ਦੱਸਣਾ ਬਣਦਾ ਹੈ ਕਿ ਅਜੇ ਤੱਕ ਸਰਕਾਰੀ ਤੋਰ ਤੇ ਨਿੰਦੀਆ ਨਹੀਂ ਕੀਤੀ ਗਈ ਹੈ।