ਬਾਬਾ ਬਲਬੀਰ ਸਿੰਘ ਮੂਸੇਵਾਲੇ ਦੇ ਮਾਤਾ ਪਿਤਾ ਨਾਲ ਦੁੱਖ ਵੰਡਾਉਣ ਲਈ ਮੂਸੇਵਾਲ ਪੁੱਜੇ
ਅੰਮ੍ਰਿਤਸਰ 3 ਜੂਨ 2022 - ਨੌਜਵਾਨ ਗਾਇਕ ਸ. ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਗ੍ਰਹਿ ਵਿਖੇ ਨਿਹੰਗ ਸਿੰਘਾਂ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ, ਮੂਸੇਵਾਲੇ ਦੇ ਪਿਤਾ ਸ: ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨਾਲ ਦੁਖ ਵੰਡਾਉਣ ਲਈ ਵਿਸ਼ੇਸ਼ ਤੌਰ ਤੇ ਪੁਜੇ। ਬਾਬਾ ਬਲਬੀਰ ਸਿੰਘ ਨੇ ਸ. ਬਲਕੌਰ ਸਿੰਘ ਨਾਲ ਦੁਖ ਸਾਂਝਾ ਕਰਦਿਆ ਕਿਹਾ ਕਿ ਅਨਹੋਣੀ ਹੋਈ ਹੈ ਮੂਸੇਵਾਲਾ ਸੁਭਦੀਪ ਸਿੰਘ ਨੇ ਅਜੇ ਆਪਣੇ ਖੇਤਰ ਵਿਚ ਬਹੁੱਤ ਕੁਝ ਕਰਨਾ ਸੀ। ਉਨ੍ਹਾਂ ਸਿੱਧੂ ਦੇ ਪਿਤਾ ਨੂੰ ਹੋਂਸਲਾ ਦਿੰਦਿਆ ਕਿਹਾ ਕਿ ਅਸੀ ਤੁਹਾਡੇ ਦੁਖ ਵਿਚ ਪੂਰੀ ਤਰ੍ਹਾਂ ਸ਼ਾਮਲ ਹਾਂ। ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਖਤ ਸਜ਼ਾ ਮਿਲਨੀ ਚਾਹੀਦੀ ਹੈ।
ਉਪਰੰਤ ਬਾਬਾ ਬਲਬੀਰ ਸਿੰਘ ਨੇ ਗਲਬਾਤ ਕਰਦਿਆ ਕਿਹਾ ਕਿ ਡਰ-ਸਹਿਮ ਦੇ ਮਾਹੌਲ ਵਿਚ ਲੋਕਤੰਤਰ ਦੀ ਭਾਵਨਾ ਕਦੇ ਵੀ ਕਾਇਮ ਨਹੀ ਰਹਿ ਸਕਦੀ ਤੇ ਕਿਸੇ ਵੀ ਤਰ੍ਹਾਂ ਦੀ ਹਿੰਸਾ ਮਨੁੱਖਤਾ ਦਾ ਘਾਣ ਹੈ। ਪੰਜਾਬ ਸਮੇਤ ਦੇਸ਼ ਦੇ ਕਈ ਹੋਰ ਸੂਬਿਆਂ ਅੰਦਰ ਇਸ ਤਰ੍ਹਾਂ ਦਾ ਕਹਿਰ ਵਰਤ ਰਿਹਾ ਹੈ ਜੋ ਨਾ ਸਮਾਜ ਲਈ ਅਤੇ ਨਾ ਹੀ ਸਰਕਾਰਾਂ ਲਈ ਸ਼ੁਭ ਸੰਕੇਤ ਹੈ। ਉਨ੍ਹਾਂ ਕਿਹਾ ਇਸ ਤਰ੍ਹਾਂ ਦੇ ਵਰਤਾਰੇ ਨੂੰ ਠੱਲਣ ਲਈ ਯੋਜਨਾ ਬੜੀ ਬਹੁਤ ਜਰੂਰੀ ਹੈ।
ਇਨਸਾਫ ਦੀ ਮੌਤ ਨਹੀ ਹੋਣੀ ਚਾਹੀਦੀ। ਗੈਰ ਲਾਇਸੈਂਸੀ, ਗੈਰਕਾਨੂੰਨੀ ਹਥਿਆਰਾਂ ਦੀਆਂ ਗੋਲੀਆਂ ਨਾਲ ਪੰਜਾਬ ਅੰਦਰ ਲਗਾਤਾਰ ਕਤਲੋਗਾਰਤ ਦੀਆਂ ਵੱਧ ਰਹੀਆ ਘਟਨਾਵਾਂ ਨਾਲ ਹਰ ਪੰਜਾਬੀ ਚਿੰਤਾ ਜਨਕ ਹੈ। ਫਿਰੋਤੀਆਂ, ਲੁਟਾਖੋਹਾਂ, ਡਿਕੈਤੀਆਂ, ਸ਼ਰੇਆਮ ਕਤਲੋਗਾਰਤ ਵੱਧਦੀ ਗੁੰਡਾਗਰਦੀ ਦਾ ਜਿਉਂਦਾ ਜਾਗਦਾ ਸਬੂਤ ਹੈ। ਫਿਰਕੂ ਅਨਸਰ ਵੀ ਧਾਰਿਮਕ ਭਾਵਨਾਵਾਂ ਭੜਕਾਉਣ ਦਾ ਯਤਨ ਕਰਦੇ ਰਹਿੰਦੇ ਹਨ। ਬਾਬਾ ਬਲਬੀਰ ਸਿੰਘ ਨੇ ਕਿਹਾ ਇਸ ਸਮੇਂ ਵਿਰੋਧੀ ਪਾਰਟੀਆਂ ਇਕ ਦੂਜੇ ਤੇ ਦੋਸ਼ ਮੜਨ ਦਾ ਯਤਨ ਕਰ ਰਹੀਆ ਹਨ ਅਤੇ ਨਵੀ ਬਣੀ ਸਰਕਾਰ ਤੇ ਉਂਗਲਾ ਚੁੱਕ ਰਹੀਆਂ ਹਨ। ਉਨ੍ਹਾਂ ਕਿਹਾ ਅਜਿਹੇ ਘਟਨਾ ਕਰਮ ਲਈ ਸਿਰਫ ਸਰਕਾਰ ਨੂੰ ਦੋਸ਼ੀ ਨਹੀ ਠਹਿਰਾਇਆ ਜਾ ਸਕਦਾ ਕਿਉਂ ਕਿ ਅਜਿਹਾ ਕੁੱਝ ਪਿਛਲੇ ਲੰਬੇ ਸਮੇਂ ਤੋ ਵਾਪਰ ਰਿਹਾ ਹੈ। ਇਸ ਗੰਭੀਰ ਸਥਿਤੀ ਨਾਲ ਨਜਿਠਨ ਲਈ ਸਿਆਸਤ ਤੋ ਉਪਰ ਉਠ ਕੇ ਸਾਂਝੇ ਰੂਪ ਵਿਚ ਗੰਭੀਰ ਯੋਜਨਾ ਬੰਦੀ ਦੀ ਜਰੂਰਤ ਹੈ।
ਉਨਾਂ ਇਹ ਵੀ ਕਿਹਾ ਵਾਪਰੀਆਂ ਘਟਨਾਵਾਂ ਦੇ ਕਈ ਪਹਲੂ ਹਨ। ਸਮਾਜ ਵਿੱਚ ਅਸਹਿਨਸ਼ੀਲਤਾ ਵੱਧੀ ਹੈ। ਜਾਬਤੇ ਦੀ ਘਾਟ ਬੁਰੀ ਤਰਾਂ ਰੜਕਣ ਲਗੀ ਹੈ। ਪੰਜਾਬ ਪਹਿਲਾਂ ਹੀ ਆਰਥਿਕ ਤੰਗੀ ਦੌਰ ਚ' ਗੁਜ਼ਰ ਰਿਹਾ ਹੈ ਉਨ੍ਹਾਂ ਕਿਹਾ ਵਿਗੜੀ ਸਥਿਤੀ ਨੂੰ ਸੰਭਾਲਣ ਲਈ ਪ੍ਰਭਾਵਸ਼ਾਲੀ ਢੰਗ ਨਾਲ ਵਾਰਦਾਤਾਂ ਨੂੰ ਕੰਟਰੋਲ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੁੰਮੇਵਾਰੀ ਕੇਵਲ ਤਤਕਾਲੀ ਸਰਕਾਰ ਦੇ ਨਾਲ ਨਾਲ ਵਿਰੋਧੀ ਪਾਰਟੀਆਂ ਦੇ ਸਿਆਸਤਦਾਨਾਂ ਦੀ ਵੀ ਬਣਦੀ ਹੈ। ਮੂਸੇਵਾਲੇ ਦੇ ਗ੍ਰਹਿ ਵਿਖੇ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਦੇ ਨਾਲ ਬਾਬਾ ਜੱਸਾ ਸਿੰਘ ਤਲਵੰਡੀ ਸਾਬੋ, ਬਾਬਾ ਵਿਸ਼ਵ ਪ੍ਰਤਾਪ ਸਿੰਘ, ਬਾਬਾ ਸੁਖਦੇਵ ਸਿੰਘ ਸਮੇਤ ਅਨੇਕ ਨਿਹੰਗ ਸਿੰਘ ਸ਼ਾਮਿਲ ਸਨ।