ਲਾਰੈਂਸ ਬਿਸ਼ਨੋਈ ਦੇ ਸਾਥੀ ਸ਼ਾਰਪ ਸ਼ੂਟਰ ਕੇਸ਼ਵ ਦਾ ‘ਆੜੀ’ ਗ੍ਰਿਫਤਾਰ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ , 9ਜੂਨ2022: ਸੀਨੀਅਰ ਕਪਤਾਨ ਪੁਲਿਸ ਸ੍ਰੀ ਮੁਕਤਸਰ ਸਾਹਿਬ ਧਰੂਮਨ ਐੱਚ ਨਿੰਬਾਲੇ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੁਕਤਸਰ ਪੁਲਿਸ ਨੇ ਖਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਅਤੀਨਜ਼ਦੀਕੀ ਕੇਸ਼ਵ ਬਠਿੰਡਾ ਦੇ ਸਾਥੀ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਐਸ ਪੀ ਡੀ ਮੋਹਨ ਲਾਲ ਅਤੇ ਡੀ ਐਸ ਪੀ ਡੀ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਸੀ ਆਈ ਏ ਸਟਾਫ ਦੇ ਇੰਚਾਰਜ਼ ਇੰਸਪੈਕਟਰ ਰਜੇਸ਼ ਕੁਮਾਰ ਨੂੰ ਮਿਲੀ ਇਸ ਸਫਲਤਾ ਦੁ ਖੁਲਾਸਾ ਐਸ ਐਸ ਪੀ ਧਰੂਮਨ ਐੱਚ ਨਿੰਬਾਲੇ ਨੇ ਕੀਤਾ ਹੈ। ਐਸ ਐਸ ਪੀ ਨੇ ਦੱਸਿਆ ਕਿ ਗ੍ਰਿਫਤਾਰ ਮੁਲਜਮ ਦੀ ਪਛਾਣ ਸੁਮਿਤ ਕਟਾਰੀਆ ਪੁੱਤਰ ਰਜਿੰਦਰ ਕਟਾਰੀਆ ਵਾਸੀ ਕਲੋਨੀ ਰੋਡ ਮੰਡੀ ਡੱਬਵਾਲੀ ਜਿਲ੍ਹਾ ਸਿਰਸਾ ਦੇ ਤੌਰ ਤੇ ਕੀਤੀ ਗਈ ਹੈ।
ਸੁਮਿਤ ਕਟਾਰੀਆ ਨੂੰ ਥਾਣਾ ਲੰਬੀ ਪੁਲਿਸ ਨੇ ਧਾਰਾ 307/34 ਆਈ ਪੀ ਸੀ 25 /27 /54 /59 ਆਰਮਜ਼ ਐਕਟ ਤਹਿਤ ਥਾਣਾ ਲੰਬੀ ਵਿੱਚ ਮਿਤੀ 5ਅਪਰੈਲ22 ਦਰਜ ਮੁੱਕਦਮਾ ਨੰਬਰ 65 ਅਧੀਨ ਗਿ੍ਰਫਤਾਰ ਕੀਤਾ ਹੈ। ਮੁਕਤਸਰ ਪੁਲਿਸ ਦਾ ਕਹਿਣਾ ਹੈ ਕਿ ਸੁਮਿਤ ਕਟਾਰੀਆ ਵਾਸੀ ਡੱਬਵਾਲੀ, ਕੇਸ਼ਵ ਵਾਸੀ ਬਠਿੰਡਾ ਦਾ ਨਜ਼ਦੀਕੀ ਦੋਸਤ ਹੈ ਅਤੇ ਇਸ ਦਾ ਸਬੰਧ ਅਪਰਾਧ ਦੀ ਦੁਨੀਆਂ ਨਾਲ ਸਿੱਧੇ ਤੌਰ ਤੇ ਜੁੜਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸੁਮਿਤ ਕਟਾਰੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਨ ਤੋਂ ਬਾਅਦ ਸਖਤੀ ਤੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਇਹਨਾਂ ਮਾੜੇ ਅਨਸਰਾਂ ਵਿਰੁੱਧ ਕਾਨੂੰਨ ਦੀ ਪਕੜ ਮਜਬੂਤ ਕੀਤੀ ਜਾ ਸਕੇ।
ਇਸੇ ਪ੍ਰਕਾਰ ਇਸੇ ਸ਼੍ਰੇਣੀ ਦੇ ਇੱਕ ਹੋਰ ਸਮਾਜ ਵਿਰੋਧੀ ਅਨਸਰ ਬਲਕਰਨ ਸਿੰਘ ਉਰਫ ਵਿੱਕੀ ਪੁੱਤਰ ਅਜ਼ਾਦ ਸਿੰਘ ਵਾਸੀ ਚੱਕ ਦੂਹੇ ਵਾਲਾ ਨੂੰ ਵੀ ਥਾਣਾ ਕੋਟ ਭਾਈ ਪੁਲਿਸ ਨੇ ਕਤਲ ਸਮੇਤ ਵੱਖ ਵੱਖ ਧਾਰਾਵਾਂ ਤਹਿਤ ਦਰਜ ਮਾਮਲੇ ਵਿੱਚ ਗਿ੍ਰਫਤਾਰ ਕਰਕੇ ਅਗਲੇਰੀ ਪੁਲਿਸ ਤਫਤੀਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਮੁਕਤਸਰ ਪੁਲਿਸ ਨੇ ਸਿੱਧੇ ਤੌਰ ਤੇ ਤਾਂ ਕੁੱਝ ਨਹੀਂ ਕਿਹਾ ਪਰ ਇਸ ਗੱਲ ਦੇ ਸੰਕੇਤ ਦਿੱਤੇ ਹਨ ਕਿ ਪੁਲਿਸ ਪ੍ਰਸ਼ਾਸ਼ਨ ਵੱਲੋਂ ਸਰਗਰਮ ਕੀਤੇ ਪੁਲਿਸ ਦੇ ਸੂਹੀਆਂ ਵੱਲੋਂ ਨੱਪੀ ਜਾ ਰਹੀ ਪੈੜ ਸਦਕਾ ਅਗਲੇ ਦਿਨੀਂ ਹੋਰ ਵੀ ਅਪਰਾਧੀ ਕਾਨੂੰਨ ਦੇ ਜਾਲ ’ਚ ਉਲਝ ਸਕਦੇ ਹਨ।
ਐਸ ਐਸ ਪੀ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਸਮਾਜ ਦੇ ਦੁਸ਼ਮਣ ਤੇ ਅਪਰਾਧਿਕ ਸੋਚ ਵਾਲੇ ਮਾੜੇ ਅਨਸਰਾਂ ਅਤੇ ਉਨ੍ਹਾਂ ਨਾਲ ਕਿਸੇ ਕਿਸਮ ਦੀ ਹਮਦਰਦੀ ਰੱਖਣ ਵਾਲੇ ਵਿਅਕਤੀਆਂ ਨੂੰ ਸ਼ਹਿ ਦੇਣ ਜਾਂ ਹਮਦਰਦੀ ਰੱਖਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ। ਦੱਸਿਆ ਜਾਂਦਾ ਹੈ ਕਿ ਕੇਸ਼ਵ ਬਠਿੰਡਾ ਸ਼ਾਰਪ ਸ਼ੂਟਰ ਹੈ ਅਤੇ ਉਹ ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਵਾਲੇ ਸੰਦੀਪ ਕੇਕੜਾ ਦਾ ਨਜ਼ਦੀਕੀ ਹੈ। ਕੇਸ਼ਵ ਨੂੰ ਉਸ ਦੇ ਸਾਥੀ ਚੇਤਨ ਸਮੇਤ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਗ੍ਰਿਫਤਾਰ ਕੀਤਾ ਹੋਇਆ ਹੈ। ਕੇਸ਼ਵ ਦੇ ਸਾਥੀ ਸੁਮਿਤ ਕਟਾਰੀਆ ਦੀ ਗ੍ਰਿਫਤਾਰੀ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।