ਲੁਧਿਆਣਾ 6 ਜੁਲਾਈ - ਪੰਜਾਬੀ ਸਾਹਿਤ ਅਕੈਡਮੀ ਦੇ ਪ੍ਰਧਾਨ ਤੇ ਨਸ਼ਾ ਖ਼ੋਰੀ ਵਿਰੁੱਧ ਪੂਰੀ ਉਮਰ ਕਰਮਸ਼ੀਲ ਰਹੇ ਲੇਖਕ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਭਾਵੇਂ ਨਸ਼ਾਖੋਰੀ ਵਿਸ਼ਵ ਵਿਆਪੀ ਵਰਤਾਰਾ ਹੈ ਪਰ ਪੰਜਾਬ ਚ ਹੁਣ ਕੁਦਰਤੀ ਨਸ਼ਿਆਂ ਤੋਂ ਰਸਾਇਣਕ ਨਸ਼ਿਆਂ ਤੀਕ ਦਾ ਸਫ਼ਰ ਹੀ ਅਸਲ ਚ ਤੁਰੰਤ ਮੌਤਾਂ ਦਾ ਸਫ਼ਰ ਬਣਿਆ ਹੈ।
ਉਨ੍ਹਾਂ ਅੱਜ ਆਪਣੇ ਘਰ ਚ ਕਲਾਕਾਰਾਂ, ਬੁੱਧੀਜੀਵੀਆਂ ਤੇ ਲੇਖਕਾਂ ਦੀ ਸੰਖੇਪ ਪਰ ਪ੍ਰਭਾਵਸ਼ਾਲੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਵਾਨੀ ਨੂੰਇਹ ਸਮਝਾਉਣ ਦੀ ਲੋੜ ਹੈ ਕਿ ਘੜੀ ਪਲ ਦੇ ਹੁਲਾਰੇ ਤੇ ਖ਼ੁਮਾਰੀ ਅੱਗੇ ਮੌਤ ਮੂੰਹ ਅੱਡੀ ਖੜੀ ਹੈ, ਨਸ਼ਾ ਕਰਨ ਵਾਲੇ ਨੂੰ ਇਲਮ ਹੋਣ ਦੇ ਬਾਵਜੂਦ ਨਸ਼ਾ ਖਿੱਚਾਂ ਪਾਉਂਦਾ ਹੈ।
ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਨੇ ਕਿਹਾ ਕਿ ਨਸ਼ਾ ਮੁਕਤੀ ਲਈ ਵੱਖ ਵੱਖ ਸਮੇਂ ਦੀਆਂ ਸਰਕਾਰਾਂ ਦੀ ਢਿੱਲੀ ਪਹੁੰਚ ਵੱਡੇ ਨਸ਼ਾ ਕਾਰੋਬਾਰ ਨੂੰ ਜਨਮ ਦੇ ਚੁਕੀ ਹੈ। ਜਿੰਨ੍ਹਾਂ ਨੇ ਰੋਕਣਾ ਸੀ, ਉਹ ਹੀ ਹੌਲੀ ਹੌਲੀ ਕਾਲੀਆਂ ਭੇਡਾਂ ਚ ਸ਼ਾਮਿਲ ਹੋ ਰਹੇ ਨੇ।
ਉੱਘੇ ਲੋਕ ਗਾਇਕ ਸੁਰਿੰਦਰ ਸ਼ਿੰਦਾ ਤੇ ਜਸਬੀਰ ਜੱਸੀ ਗੁਰਦਾਸਪੁਰੀ ਨੇ ਕਿਹਾ ਕਿ ਮਾਵਾਂ ,ਧੀਆਂ, ਭੈਣਾਂ ਦੇ ਵਿਰਲਾਪ ਨੇ ਹੁਣ ਸਭ ਧਿਰਾਂ ਨੂੰ ਹਲੂਣ ਜਗਾਇਆ ਹੈ, ਪਰ ਡਰ ਮਾਰਦਾ ਹੈ ਕਿ ਇਹ ਸਾਰਾ ਕੁਝ ਅਖ਼ਬਾਰੀ ਸੁਰਖ਼ੀਆਂ ਤੀਕ ਨਾ ਰਹਿ ਜਾਵੇ, ਸਗੋਂ ਨਿਰੰਤਰ ਪਹਿਰੇਦਾਰੀ ਨਾਲ ਪੱਕਾ ਬਾਨਣੂੰ ਬੱਝੇ। ਇਸ ਲਈ ਸਭ ਨੂੰ ਲਗਾਤਾਰ ਜਾਗਣਾ ਪਵੇਗਾ।
ਪ੍ਰੋ: ਗਿੱਲ ਨੇ ਕਿਹਾ ਕਿ ਸਰਵੇਖਣ ਦੱਸਦਾ ਹੈ ਕਿ ਨਸ਼ੇ ਦੀ ਹੋਮ ਡਲਿਵਰੀ ਚ ਔਰਤਾਂ ਤੇ ਬੱਚੇ ਵੀ ਸ਼ਾਮਿਲ ਹੋ ਚੁਕੇ ਹਨ, ਇਹ ਹੋਰ ਵੀ ਖ਼ਤਰਨਾਕ ਵਰਤਾਰਾ ਹੈ। ਸਾਫ਼ ਨੀਅਤ ਤੇ ਸਪਸ਼ਟ ਨੀਤੀ ਹੋਵੇ ਤਾਂ ਇਸਨੂੰ ਸਭ ਧਿਰਾਂ ਦੇ ਸਹਿਯੋਗ ਨਾਲ ਨਜਿੱਠਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਨਸ਼ਾ ਵਣਜਾਰਿਆਂ ਦੀ ਸਮੁੱਚੀ ਜਾਇਦਾਦ ਕੁਰਕ ਕਰਕੇ ਰਾਜ ਸਰਕਾਰ ਕੋਲ ਚਲੀ ਜਾਣੀ ਚਾਹੀਦੀ ਹੈ ਤਾਂ ਜੋ ਉਹ ਜਾਂ ਤਾਂ ਜੇਲ੍ਹ ਚ ਸੜੇ ਜਾਂ ਭੁੱਖਾ ਮਰੇ। ਵੱਡੀਆਂ ਸਿਆਸੀ ਤੇ ਸੱਤਾਵਾਨ ਮੱਛੀਆਂ ਨੂੰ ਹੱਥ ਪਾਏ ਬਿਨ ਸਹੀ ਨਤੀਜੇ ਨਹੀਂ ਮਿਲਣਾ। ਨਿੱਕੀਆਂ ਮੱਛੀਆਂ ਆਪੇ ਮਰ ਜਾਣਗੀਆਂ।
ਜਸਬੀਰ ਜੱਸੀ ਨੇ ਕਿਹਾ ਕਿ ਹੁਣ ਇਸਨੂੰ ਕੌਮੀ ਆਫ਼ਤ ਵਾਂਗ ਨਜਿੱਠਣ ਦੀ ਲੋੜ ਹੈ।
ਐਲਾਨੀਆ ਤੌਰ ਤੇ ਕਹਿਣਾ ਪਵੇਗਾ। ਉਨ੍ਹਾਂ ਇਸ ਮੌਕੇ ਗੁਰਭਜਨ ਗਿੱਲ ਦਾ ਨਸ਼ਿਆਂ ਖਿਲਾਫ ਲਿਖਿਆ ਗੀਤ ਵੀ ਸੋਸ਼ਲ ਮੀਡੀਆ ਤੇ ਯੂ ਟਿਊਬ ਤੇ ਲੋਕ ਅਰਪਨ ਕੀਤਾ। ਇਸ ਮੌਕੇ ਗੁਰਭਜਨ ਗਿੱਲ ਪਰਿਵਾਰ ਵੱਲੋਂ ਪੁਸਤਕਾਂ ਦਾ ਸੈੱਟ ਭੇਂਟ ਕੀਤਾ।
ਪੁੱਤ ਪੰਜ ਦਰਿਆਵਾਂ ਦੇ
ਭਲਾ ਕਿਉਂ ਨਸ਼ਿਆਂ ਜੋਗੇ ਰਹਿ ਗਏ।
ਮਾਏ ਵਰਜ ਨੀ ਪੁੱਤਰਾਂ ਨੂੰ,
ਇਹ ਤਾਂ ਰਾਹ ਸਿਵਿਆਂ ਦੇ ਪੈ ਗਏ।