ਕਪੂਰਥਲਾ ਦੇ ਨਡਾਲਾ ਕਸਬੇ ਦੀ ਲੜਕੀ ਯੂਕਰੇਨ 'ਚ ਫਸੀ
- ਪਰਿਵਾਰ ਨੇ ਭਾਰਤ ਸਰਕਾਰ ਨੂੰ ਲਾਈ ਮਦਦ ਦੀ ਗੁਹਾਰ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 25 ਫਰਵਰੀ 2022 - ਯੂਕ੍ਰੇਨ ਤੇ ਰੂਸ ਦੇ ਵਿਚਾਲੇ ਸ਼ੁਰੂ ਹੋਈ ਜੰਗ ਕਾਰਨ ਉਥੋਂ ਦੇ ਹਾਲਾਤ ਕਾਫੀ ਤਣਾਅਪੂਰਣ ਬਣੇ ਹੋਏ ਹਨ ਅਤੇ ਵੱਡੀ ਗਿਣਤੀ ’ਚ ਭਾਰਤ ਦੇ ਨਾਗਰਿਕ ਯੂਕਰੇਨ ਦੇ ਵਿਚ ਫ਼ਸੇ ਹੋਏ ਹਨ। ਜਿਨ੍ਹਾਂ ਵਿੱਚ ਪੰਜਾਬੀ ਲੜਕੇ ਲੜਕੀਆਂ ਦੀ ਗਿਣਤੀ ਵੀ ਕਾਫੀ ਹੈ ਉਨ੍ਹਾਂ ਵਿਦਿਆਰਥੀਆਂ ਦੇ ਹਾਲਾਤ ਕਾਫੀ ਡਰ ਅਤੇ ਤਣਾਅਪੂਰਨ ਬਣ ਚੁਕੇ ਹਨ।
ਪੰਜਾਬ ਤੋਂ ਪੜ੍ਹਾਈ ਲਈ ਯੂਕਰੇਨ ਗਏ ਬੱਚਿਆਂ ਦੇ ਮਾਪੇ ਵੀ ਚਿੰਤਤ ਹੋਏ ਪਏ ਹਨ। ਇਸੇ ਤਹਿਤ ਜ਼ਿਲ੍ਹਾ ਕਪੂਰਥਲਾ ਦੇ ਵਿਧਾਨ ਸਭਾ ਹਲਕਾ ਭੁੱਲਥ ਦੇ ਪਿੰਡ ਨਡਾਲਾ ਵਾਸੀ ਸਰਦਾਰ ਕੁਲਦੀਪ ਸਿੰਘ ਦੀ ਬੇਟੀ ਵੀ ਯੂਕਰੇਨ ਵਿੱਚ ਹੈ ਜਿਸ ਕਾਰਨ ਸਰਦਾਰ ਕੁਲਦੀਪ ਸਿੰਘ ਤੇ ਉਹਨਾਂ ਦੀ ਪਤਨੀ ਨੇ ਡੁੰਘੀ ਚਿੰਤਾ ਦੇ ਆਲਮ ਵਿਚ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਜਾਵੇ।
ਉਹਨਾਂ ਪੱਤਰਕਾਰਾਂ ਨਾਲ ਗੱਲ ਕਰਦੇ ਦੱਸਿਆ ਕਿ ਉਹਨਾਂ ਦੀ ਇੱਕ ਬੇਟੀ ਨਿਊਜ਼ੀਲੈਂਡ ਹੈ। ਦੂਸਰੀ ਬੇਟੀ ਕੋਮਲਪ੍ਰੀਤ ਕੌਰ ਕਰੀਬ ਢਾਈ ਸਾਲ ਪਹਿਲਾਂ ਯੂਕਰੇਨ ਗਈ ਸੀ ਤੇ ਇਸ ਵੇਲੇ ਖਾਲ੍ਹੀ ਸ਼ਹਿਰ ਵਿਚ ਐਮਬੀਬੀਐਸ ਦੀ ਪੜ੍ਹਾਈ ਦੇ ਆਖ਼ਰੀ ਸਮੈਸਟਰ ਦੀ ਤਿਆਰੀ ਕਰ ਰਹੀ ਹੈ। ਜੂਨ ਮਹੀਨੇ ਉਸਦੇ ਪੇਪਰ ਹਨ। ਬੀਤੀ 15 ਸਤੰਬਰ ਨੂੰ ਹਾਲੇ ਕੁਝ ਦਿਨਾਂ ਦੀ ਛੁੱਟੀ ਕੱਟ ਕੇ ਭਾਰਤ ਤੋਂ ਵਾਪਿਸ ਯੂਕਰੇਨ ਗਈ ਸੀ। ਕਰੀਬ 15 ਦਿਨ ਪਹਿਲਾਂ ਉਸਦਾ ਫੋਨ ਆਇਆ ਕਿ ਇਥੇ ਹਾਲਾਤ ਖਰਾਬ ਹੋ ਰਹੇ ਹਨ। ਪੈਸੇ ਭੇਜ ਦਿਉ, ਉਸਨੇ ਪੰਜਾਬ ਵਾਪਸ ਆਉਣਾ ਹੈ। ਉਹਨਾਂ ਨੇ ਤੁਰੰਤ ਪੈਸੇ ਭੇਜੇ, ਬੇਟੀ ਨੇ 28 ਫਰਵਰੀ ਦੀ ਵਾਪਸੀ ਟਿਕਟ ਵੀ ਕਰਵਾ ਲਈ ਸੀ।
ਪ੍ਰੰਤੂ ਉਸ ਤੋਂ ਪਹਿਲਾਂ ਹੀ ਰੂਸ ਨੇ ਯੂਕਰੇਨ ਤੇ ਹਮਲਾ ਕਰ ਦਿੱਤਾ। ਰੋਜਾਨਾ ਹੋ ਰਹੀ ਬੰਬਾਰੀ ਤੇ ਸ਼ਹਿਰ ,ਚ ਟੈਂਕਾਂ ਦੀ ਗੜਗੜਾਹਟ ਕਾਰਨ ਬੱਚਿਆਂ ਦੇ ਮਨਾਂ ਵਿਚ ਭਾਰੀ ਦਹਿਸ਼ਤ ਬਣੀ ਹੋਈ ਹੈ। ਉਥੇ ਦੀ ਸਰਕਾਰ ਨੇ ਲੋਕਾਂ ਨੂੰ ਆਪਣੀ ਹਿਫਾਜ਼ਤ ਆਪ ਕਰਨ ਲਈ ਕਹਿ ਦਿੱਤਾ। ਏਅਰਪੋਰਟ ਤਬਾਹ ਹੋ ਗਏ ਹਨ। ਜਾਨ ਬਚਾ ਕੇ ਘਰ ਆਉਣ ਦਾ ਕੋਈ ਜ਼ਰੀਆ ਨਹੀਂ ਹੈ। ਇਸ ਸਬੰਧੀ ਡਾਹਢੇ ਚਿੰਤਾ ਵਿਚ ਡੁੱਬੇ ਇਸ ਜੋੜੇ ਕੁਲਦੀਪ ਸਿੰਘ ਤੇ ਰਣਜੀਤ ਕੌਰ ਨੇ ਭਾਰਤ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਗੁਹਾਰ ਲਾਈ ਹੈ ਕਿ ਉਹ ਉਹਨਾਂ ਦੇ ਬੱਚਿਆਂ ਦੀ ਸਹੀ ਸਲਾਮਤ ਘਰ ਵਾਪਸੀ ਦਾ ਪ੍ਰਬੰਧ ਕਰਨ ਤਾ ਕਿ ਬੱਚੇ ਸਹੀ ਸਲਾਮਤ ਅਪਣੇ ਘਰ ਪਰਤ ਸਕਣ।