ਡੀ ਸੀ ਆਸ਼ਿਕਾ ਜੈਨ ਨੇ ਘੱਗਰ ਦੇ ਡੇਹਰ, ਆਲਮਗੀਰ, ਟਿਵਾਣਾ ਲਿੰਕ ਬੰਨ੍ਹ ’ਚ ਪਏ ਪਾੜ ਦੀ ਮੁਰੰਮਤ ਦਾ ਲਿਆ ਜਾਇਜ਼ਾ
ਹਰਜਿੰਦਰ ਸਿੰਘ ਭੱਟੀ
- ਡਰੇਨੇਜ ਵਿਭਾਗ ਵੱਲੋਂ 4500 ਫੁੱਟ ਲੰਬਾ ਪਾੜ ਪੂਰਨ ਲਈ ਕੀਤੀ ਮਿਹਨਤ ਨੂੰ ਸਰਾਹਿਆ
- ਅਗਲੇ ਹਫ਼ਤੇ ਤੱਕ ਬੰਨ੍ਹ ਦੀ ਉਚਾਈ ਪਹਿਲਾਂ ਜਿੰਨੀ ਕਰ ਦਿੱਤੀ ਜਾਵੇਗੀ
- ਕਿਸਾਨਾਂ ਵੱਲੋਂ ਫ਼ਸਲ ਮੁਆਵਜ਼ੇ ਲਈ ਅਗਲੇ ਹਫ਼ਤੇ ਅਨੁਮਾਨ ਲਵਾਉੁਣ ਦਾ ਭਰੋਸਾ
ਲਾਲੜੂ/ਡੇਰਾਬੱਸੀ/ਐੱਸ.ਏ.ਐੱਸ.ਨਗਰ, 21 ਜੁਲਾਈ, 2023: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਸ਼ਾਮ ਘੱਗਰ ਦੇ ਡੇਹਰ, ਆਲਮਗੀਰ, ਟਿਵਾਣਾ ਲਿੰਕ ਬੰਨ੍ਹ ’ਚ ਪਏ ਪਾੜ ਦੀ ਮੁਰੰਮਤ ਦੇ ਜੰਗੀ ਪੱਧਰ ’ਤੇ ਚੱਲ ਰਹੇ ਕੰਮ ਦਾ ਨਿਰੀਖਣ ਕੀਤਾ। ਉਨ੍ਹਾਂ ਦੱਸਿਆ ਕਿ 4500 ਫੁੱਟ ਲੰਬਾ ਪਾੜ ਜੋ ਹੜ੍ਹ ਦੇ ਪਾਣੀ ਨਾਲ ਘੱਗਰ ਦੇ ਤਲ ਤੋਂ ਕਾਫ਼ੀ ਨੀਵਾਂ ਚਲਾ ਗਿਆ ਸੀ, ਡਰੇਨੇਜ ਮਹਿਕਮੇ ਵੱਲੋਂ ਬਹੁਤ ਹੀ ਮੇਹਨਤ ਨਾਲ ਪੂਰਾ ਕੀਤਾ ਗਿਆ ਹੈ। ਉੁਨ੍ਹਾਂ ਕਿਹਾ ਕਿ ਇਸ ਨੂੰ ਪਹਿਲਾਂ ਜਿੰਨੇ ਬੰਨ੍ਹ ਦੀ ਉਚਾਈ ਤੱਕ ਲਿਜਾਣ ਲਈ ਇੱਕ ਹਫ਼ਤਾ ਕੰਮ ਹੋਰ ਚੱਲੇਗਾ। ਇਸ ਮੌਕੇ ਏ ਡੀ ਸੀ (ਪੇਂਡੂ ਵਿਕਾਸ) ਅਮਿਤ ਬੈਂਬੀ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।
ਉਨ੍ਹਾਂ ਦੱਸਿਆ ਕਿ ਮਿੱਟੀ ਦੇ ਬੰਨ੍ਹ ਨੂੰ ਸਿੱਧੀ ਟੱਕਰ ਤੋਂ ਬਚਾਉਣ ਲਈ 3 ਤੋਂ 4 ਲੱਖ ਗੱਟਾ ਇਸ ਦੇ ਅੰਦਰ ਲਾਇਆ ਜਾਵੇਗਾ ਤਾਂ ਜੋ ਰਿਬੱਟਮੈਂਟ ਬਣਾਈ ਜਾ ਸਕੇ। ਉਨ੍ਹਾਂ ਨੇ ਡਰੇਨੇਜ ਮਹਿਕਮੇ ਦੇ ਕਾਰਜਕਾਰੀ ਇੰਜੀਨੀਅਰ ਰਜਤ ਗਰੋਵਰ ਅਤੇ ਐਸ ਡੀ ਐਮ ਡੇਰਬੱਸੀ ਹਿਮਾਂਸ਼ੂ ਗੁਪਤਾ ਵੱਲੋਂ ਇਸ ਕੰਮ ਨੂੰ ਦਿ੍ਰੜਤਾ ਨਾਲ ਨੇਪਰੇ ਚਾੜ੍ਹਨ ਲਈ ਉਨ੍ਹਾਂ ਦੀ ਪ੍ਰਸ਼ੰਸਾ ਵੀ ਕੀਤੀ।
ਇਸ ਮੌਕੇ ਪਿੰਡ ਵਾਸੀਆਂ ਵੱਲੋਂ ਟਿਵਾਣਾ ਤੋਂ ਅੱਗੇ ਖਜੂਰ ਮੰਡੀ ਤੇ ਸਾਧਾਪੁਰ ਤੱਕ ਵੀ ਬੰਨ੍ਹ ਬਣਾਉਣ ਦੀ ਰੱਖੀ ਮੰਗ ’ਤੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਇਸ ਸਬੰਧੀ ਸਰਕਾਰ ਨੂੰ ਤਜ਼ਵੀਜ਼ ਭੇਜੀ ਗਈ ਹੈ ਅਤੇ ਪ੍ਰਵਾਨਗੀ ਮਿਲਦਿਆਂ ਹੀ ਇਸ ’ਤੇ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।
ਉਨ੍ਹਾਂ ਨੇ ਘੱਗਰ ਦੇ ਪਾਣੀ ਦੀ ਮਾਰ ਨਾਲ ਜ਼ਮੀਨਾਂ ਅਤੇ ਫ਼ਸਲਾਂ ਖਰਾਬ ਹੋਣ ’ਤੇ ਚਿੰਤਾ ਜ਼ਾਹਿਰ ਕਰਦਿਆਂ ਪ੍ਰਭਾਵਿਤ ਕਿਸਾਨਾਂ ਨੂੰ ਭਰੋੋਸਾ ਦਿੱਤਾ ਕਿ ਅਗਲੇ ਹਫ਼ਤੇ ਉਨ੍ਹਾਂ ਦੇ ਖਰਾਬੇ ਦਾ ਅਨੁਮਾਨ/ਗਿਰਦਾਵਰੀ ਕੀਤੀ ਜਾਵੇਗੀ ਅਤੇ ਉਨ੍ਹਾਂ ਦੇ ਬਣਦੇ ਮੁਆਵਜ਼ੇ ਦੀ ਰਿਪੋਰਟ ਤਿਆਰ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਇਸ ਮੁਸ਼ਕਿਲ ਦੀ ਘੜੀ ’ਚ ਕਿਸਾਨਾਂ ਦੇ ਨਾਲ ਹੈ ਅਤੇ ਉੁਨ੍ਹਾਂ ਦੇ ਨੁਕਸਾਨ ਦੀ ਭਰਪਾਈ ਕਰਨ ਲਈ ਵਚਨਬੱਧ ਹੈ।