ਤੇਰਾ ਤੇਰਾ ਹੱਟੀ ਦੇ ਸੇਵਾਦਾਰ ਹਿਮਾਚਲ ਪ੍ਰਦੇਸ਼ ਜਾਣਗੇ ਹੜ੍ਹ ਪੀੜਤਾਂ ਦੀ ਮਦਦ ਲਈ
- ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨਾਲ ਕੀਤੀ ਮੁਲਾਕਾਤ
ਰਾਜੂ ਗੁਪਤਾ
ਜਲੰਧਰ, 22 ਜੁਲਾਈ 2023 - ਪਿਛਲੇ ਕੁਝ ਦਿਨਾਂ ਤੋਂ ਮਾਨਸੂਨ ਦੌਰਾਨ ਪੂਰੇ ਉੱਤਰ ਭਾਰਤ 'ਚ ਤਬਾਹੀ ਦੇਖਣ ਨੂੰ ਮਿਲ ਰਹੀ ਹੈ। ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਦਿੱਲੀ ਸਮੇਤ ਕਈ ਇਲਾਕਿਆਂ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਪੰਜਾਬ ਵਿੱਚ ਹੜ੍ਹ ਪੀੜਤਾਂ ਦੀ ਮਦਦ ਲਈ ਹਜ਼ਾਰਾਂ ਸੰਸਥਾਵਾਂ ਅਤੇ ਪੰਜਾਬ ਸਰਕਾਰ ਕੰਮ ਕਰ ਰਹੀ ਹੈ।
ਇਸ ਸੇਵਾ ਦੇ ਕੰਮ ਵਿੱਚ ਜਲੰਧਰ ਦੀ ਸਮਾਜਿਕ ਸੰਸਥਾ ਤੇਰਾ ਤੇਰਾ ਹੱਟੀ ਵੀ ਪਿਛਲੇ ਇੱਕ ਹਫ਼ਤੇ ਤੋਂ ਪੰਜਾਬ ਦੇ ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਰਹੀ ਹੈ। ਪਰ ਹੁਣ ਪੰਜਾਬ ਵਿਚ ਦੇਖਿਆ ਜਾ ਰਿਹਾ ਹੈ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਕਾਫੀ ਰਾਹਤ ਸਮੱਗਰੀ ਪਹੁੰਚ ਗਈ ਹੈ। ਜਿਸ ਤੋਂ ਬਾਅਦ ਤੇਰਾ ਤੇਰਾ ਹੱਟੀ ਦੇ ਪ੍ਰਬੰਧਕਾਂ ਨੇ ਫੈਸਲਾ ਕੀਤਾ ਕਿ ਕਿਉਂ ਨਾ ਸਾਡੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਹੜ੍ਹਾਂ ਕਾਰਨ ਹੋਈ ਤਬਾਹੀ ਤੋਂ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਮੁਹੱਈਆ ਕਰਵਾਈ ਜਾਵੇ।
ਇਸ ਸਬੰਧ ਵਿੱਚ ਤੇਰਾ ਤੇਰਾ ਹੱਟੀ ਦੇ ਮੈਂਬਰ ਤਰਵਿੰਦਰ ਸਿੰਘ ਰਿੰਕੂ, ਗੁਰਦੀਪ ਸਿੰਘ ਕਾਰਵਾਂ, ਪਰਮਜੀਤ ਸਿੰਘ ਰੰਗਪੁਰੀ, ਅਮਰਪ੍ਰੀਤ ਸਿੰਘ ਅਤੇ ਅਰਵਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਊਨਾ ਵਿੱਚ ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨਾਲ ਮੁਲਾਕਾਤ ਕੀਤੀ ਅਤੇ ਰਾਹਤ ਸਮੱਗਰੀ ਵੰਡਣ ਬਾਰੇ ਗੱਲਬਾਤ ਕੀਤੀ। ਜਿਸ ਤੋਂ ਬਾਅਦ ਉਪ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਸਾਰੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ। ਫਿਰ ਵੀ, ਜੇਕਰ ਤੁਸੀਂ ਸੇਵਾ ਕਰਨੀ ਚਾਹੁੰਦੇ ਹੋ, ਤਾਂ ਤੁਸੀਂ ਰਾਹਤ ਸਮੱਗਰੀ ਮੰਡੀ ਅਤੇ ਕੁੱਲੂ-ਮਨਾਲੀ ਤੱਕ ਪਹੁੰਚਾ ਸਕਦੇ ਹੋ, ਜਿੱਥੇ ਜ਼ਿਆਦਾ ਪ੍ਰਭਾਵਿਤ ਲੋਕ ਹਨ।
ਇਸ ਮੀਟਿੰਗ ਤੋਂ ਬਾਅਦ ਤੇਰਾ ਤੇਰਾ ਹੱਟੀ ਦੇ ਸੇਵਾਦਾਰ ਗੁਰਦੀਪ ਸਿੰਘ ਕਾਰਵਾਂ ਅਤੇ ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨਾਲ ਹੋਈ ਮੀਟਿੰਗ ਤੋਂ ਬਾਅਦ ਅਸੀਂ ਫੈਸਲਾ ਲਿੱਤਾ ਹੈ ਕਿ ਉਨ੍ਹਾਂ ਦੀ ਸੰਸਥਾ ਮੰਡੀ ਅਤੇ ਕੁੱਲੂ-ਮਨਾਲੀ ਖੇਤਰਾਂ ਵਿੱਚ ਰਾਹਤ ਸਮੱਗਰੀ ਪਹੁੰਚਾਏਗੀ।