ਦਿੱਲੀ ਗੁਰਦੁਆਰਾ ਕਮੇਟੀ ਨੇ ਯੂਕਰੇਨ ’ਚ ਫ਼ੱਸੇ ਭਾਰਤੀਆਂ ਲਈ ਹੈਲਪਲਾਈਨ ਸ਼ੁਰੂ ਕੀਤੀ
- ਵਿਸ਼ਵ ਸ਼ਾਂਤੀ ਲਈ ਦਿੱਲੀ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਰੱਖਿਆ ਜਾਵੇਗਾ
ਨਵੀਂ ਦਿੱਲੀ, 26 ਫਰਵਰੀ 2022 - ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿੱਲੀ ਕਮੇਟੀ ਨੇ ਯੂਕਰੇਨ ’ਚ ਫੱਸੇ ਭਾਰਤੀਆਂ ਲਈ ਹੈਲਪਲਾਈਨ ਸ਼ੁਰੂ ਕੀਤੀ ਹੈ। ਕਿਉਂਕਿ ਸੰਕਟ ਦਾ ਸਾਹਮਣਾ ਕਰ ਰਹੇ ਭਾਰਤੀ ਪਰਿਵਾਰਾਂ ਨੂੰ ਵਿਦੇਸ਼ ਮੰਤਰਾਲੇ ਅਤੇ ਯੂਕਰੇਨ ਦੇ ਸਫ਼ਾਰਤਖਾਨੇ ਨਾਲ ਸੰਪਰਕ ਕਰਨਾ ਪੈਂਦਾ ਹੈ ਜਿਸ ਲਈ ਉਨ੍ਹਾਂ ਨੂੰ ਵਾਰ-ਵਾਰ ਦਿੱਲੀ ਆਉਣਾ ਪੈਂਦਾ ਹੈ ਅਤੇ ਕੁਝ ਪਰਿਵਾਰ ਅਜਿਹੇ ਹਨ ਜੋ ਆਰਥਕ ਤੌਰ ’ਤੇ ਸਮਰੱਥ ਨਹੀਂ ਹਨ ਉਨ੍ਹਾਂ ਲਈ ਦਿੱਲੀ ਕਮੇਟੀ ਵੱਲੋਂ ਹੈਲਪਲਾਈਨ ਬਣਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਹੈਲਪਲਾਈਨ ਤੋਂ ਇਲਾਵਾ ਦਿੱਲੀ ਕਮੇਟੀ ਅਜਿਹੇ ਪਰਿਵਾਰਾਂ ਨੂੰ ਮੁਫਤ ਰਿਹਾਇਸ਼, ਭੋਜਨ ਅਤੇ ਟਰਾਂਸਪੋਰਟ ਸਹਾਇਤਾ ਪ੍ਰਦਾਨ ਕਰੇਗੀ ਅਤੇ ਲੋੜ ਪੈਣ ’ਤੇ ਦਿੱਲੀ ਕਮੇਟੀ ਦਾ ਵਫਦ ਮੰਤਰਾਲੇ ਅਤੇ ਦੂਤਾਵਾਸ ਵੀ ਉਨ੍ਹਾਂ ਨਾਲ ਜਾਏਗਾ। ਕਾਲਕਾ ਨੇ ਕਿਹਾ ਕਿ ਫੱਸੇ ਹੋਏ ਜ਼ਿਆਦਾਤਰ ਭਾਰਤੀ ਵਿਦਿਆਰਥੀ ਅਤੇ ਕੰਮਗਾਰ ਹਨ ਜੋ ਰੋਜ਼ੀ-ਰੋਟੀ ਅਤੇ ਸਿੱਖਿਆ ਦੇ ਉਦੇਸ਼ ਨਾਲ ਯੂਕਰੇਨ ਗਏ ਸਨ ਅਤੇ ਅਸੀਂ ਚਾਹੁੰਦੇ ਹਾਂ ਕਿ ਉਹ ਸੁਰੱਖਿਅਤ ਭਾਰਤ ਪਰਤਣ।
ਸ. ਕਾਹਲੋਂ ਨੇ ਕਿਹਾ ਕਿ ਯੂਕਰੇਨ ਵਿੱਚ ਜੋ ਕੁਝ ਹੋ ਰਿਹਾ ਹੈ ਉਹ ਮੰਦਭਾਗਾ ਹੈ, ਇਸ ਲਈ ਦਿੱਲੀ ਕਮੇਟੀ ਵੱਲੋਂ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਅਤੇ ਵਿਸ਼ਵ ਸ਼ਾਂਤੀ ਲਈ 27 ਫਰਵਰੀ ਯਾਨੀ ਕਿ ਕੱਲ੍ਹ ਸਵੇਰੇ 10 ਵਜੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਰੱਖਿਆ ਜਾਵੇਗਾ।
ਕਾਹਲੋਂ ਨੇ ਦੱਸਿਆ ਕਿ ਦਿੱਲੀ ਕਮੇਟੀ ਵੱਲੋਂ ਇੱਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਆਤਮਾ ਸਿੰਘ ਲੁਬਾਣਾ ਮੀਤ ਪ੍ਰਧਾਨ (9868854548, 9971170833), ਪਰਮਜੀਤ ਸਿੰਘ ਚੰਢੋਕ ਮੁੱਖ ਸਲਾਹਕਾਰ (9810070597), ਰਣਧੀਰ ਸਿੰਘ ਮੈਨੇਜਰ (9810785420) ਸ਼ਾਮਲ ਹਨ। ਇਸ ਤੋਂ ਇਲਾਵਾ ਹੈਲਪਲਾਈਨ ਨੰਬਰ ’ਤੇ ਸੰਪਰਕ ਕਰਨ ਲਈ 011-2372580-81-82, 23737328-29 ਨੰਬਰਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।