ਪਟਿਆਲਾ: ਲੋੜਵੰਦ ਰੈੱਡ ਕਰਾਸ ਪਟਿਆਲਾ ਤੋਂ ਲੈ ਸਕਦੇ ਨੇ ਘਰ ਦਾ ਜ਼ਰੂਰੀ ਸਾਮਾਨ
-ਹੈਲਪ ਲਾਈਨ ਨੰਬਰ 9814067647 ’ਤੇ ਕੀਤਾ ਜਾ ਸਕਦੇ ਸੰਪਰਕ
ਪਟਿਆਲਾ 15 ਜੁਲਾਈ 2023 - ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਹੜ੍ਹਾਂ ਨਾਲ ਪ੍ਰਭਾਵਿਤ ਖੇਤਰਾਂ ਦੇ ਲੋੜਵੰਦ ਲੋਕਾਂ ਲਈ ਰੇਡ ਕਰਾਸ ਪਟਿਆਲਾ ਵਲੋਂ ਬਰਤਨਾਂ, ਕੱਪੜਿਆਂ ਸਮੇਤ ਘਰ ਦਾ ਹੋਰ ਜ਼ਰੂਰੀ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਲੋੜਵੰਦ ਵਿਅਕਤੀ ਜ਼ਿਲ੍ਹਾ ਅੰਗਹੀਣ ਤੇ ਮੁੜ ਵਸੇਬਾ ਕੇਂਦਰ ਜੇਲ ਰੋਡ ਪਟਿਆਲਾ ਦੇ ਦਫ਼ਤਰ ਵਿਖੇ ਜਾਂ ਫੇਰ ਫੋਨ ਨੰਬਰ 9814067647 ਉੱਤੇ ਸੰਪਰਕ ਕਰ ਸਕਦੇ ਹਨ।
ਇਸ ਸਬੰਧੀ ਹੋਰ ਵੇਰਵੇ ਦਿੰਦਿਆਂ ਸੈਕਟਰੀ ਰੈੱਡ ਕਰਾਸ ਡਾ. ਪ੍ਰਿਤਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਹੜਾਂ ਨਾਲ ਪ੍ਰਭਾਵਿਤ ਖੇਤਰਾਂ ਦੇ ਲੋੜਵੰਦ ਲੋਕ ਦਫ਼ਤਰ ਵਿਖੇ ਆਕੇ ਆਪਣਾ ਸ਼ਨਾਖ਼ਤੀ ਕਾਰਡ ਤੇ ਪਰਿਵਾਰਕ ਮੈਂਬਰਾਂ ਦੀ ਗਿਣਤੀ ਦੱਸ ਕੇ ਲੋੜੀਂਦਾ ਸਾਮਾਨ ਪ੍ਰਾਪਤ ਕਰ ਸਕਦੇ ਹਨ।
ਉਹਨਾਂ ਦੱਸਿਆ ਕਿ ਰੈੱਡ ਕਰਾਸ ਪਟਿਆਲਾ ਵਲੋਂ ਲਗਾਤਾਰ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਤੇ ਲੋੜਵੰਦਾਂ ਤੱਕ ਦਵਾਈਆਂ ਕੱਪੜੇ ਅਤੇ ਹੋਰ ਜ਼ਰੂਰੀ ਲੋੜੀਂਦਾ ਸਮਾਨ ਪਹੁੰਚਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਲੋੜਵੰਦਾਂ ਲਈ ਕੁਝ ਦਾਨ ਦੇਣ ਚਾਹੁੰਦਾ ਹੈ ਤਾਂ ਉਹ ਵੀ ਰੈੱਡ ਕਰਾਸ ਨਾਲ ਸੰਪਰਕ ਕਰ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸੰਕਟ ਦੀ ਘੜੀ ਵਿੱਚ ਲੋੜਵੰਦਾਂ ਦੀ ਮਦਦ ਕਰਨ ਲਈ ਜ਼ਰੂਰੀ ਅੱਗੇ ਆਇਆ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੱਲੋਂ ਕੀਤੀ ਥੋੜੀ ਮਦਦ ਵੀ ਕਿਸੇ ਲੋੜਵੰਦ ਲਈ ਵੱਡੀ ਹੋ ਸਕਦੀ ਹੈ।