ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂ ਪਾਲਕਾਂ ਲਈ ਐਡਵਾਈਜ਼ਰੀ ਜਾਰੀ
- ਹੜ੍ਹ ਪ੍ਰਭਾਵਿਤ ਖੇਤਰਾਂ ਦੇ ਪਸ਼ੂਆਂ ਦੇ ਇਲਾਜ ਲਈ 44 ਵੈਟਰਨਰੀ ਟੀਮਾਂ ਕਾਰਜਸ਼ੀਲ
- ਪਸ਼ੂ ਪਾਲਕ ਪਸ਼ੂਆਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਆਪਣੇ ਖੇਤਰ ਦੇ ਵੈਟਰਨਰੀ ਅਫ਼ਸਰ ਨਾਲ ਸੰਪਰਕ ਕਰਨ
ਪਟਿਆਲਾ, 16 ਜੁਲਾਈ 2023 - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਟਿਆਲਾ ਜ਼ਿਲ੍ਹੇ ਅੰਦਰ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪਸ਼ੂ ਪਾਲਣ ਵਿਭਾਗ ਪਟਿਆਲਾ ਵੱਲੋਂ 44 ਵੈਟਰਨਰੀ ਟੀਮਾਂ ਰਾਹੀਂ ਪਸ਼ੂ ਪਾਲਕਾਂ ਦੇ ਪਸ਼ੂਆਂ ਅਤੇ ਗਊਸ਼ਾਲਾਵਾਂ ਦੇ ਗਊ ਧਨ ਨੂੰ ਵੈਟਰਨਰੀ ਸਿਹਤ ਸੇਵਾਵਾਂ, ਵੈਕਸੀਨੇਸ਼ਨ ਅਤੇ ਬਿਮਾਰ ਪਸ਼ੂਆਂ ਦਾ ਇਲਾਜ ਜੰਗੀ ਪੱਧਰ 'ਤੇ ਕੀਤਾ ਜਾ ਰਿਹਾ ਹੈ। ਇਸ ਸੰਕਟ ਦੀ ਘੜੀ ਵਿੱਚ ਪਸ਼ੂ ਪਾਲਣ ਵਿਭਾਗ ਵੱਲੋਂ ਜਾਰੀ ਕੀਤੇ ਗਏ ਫੰਡਾ ਵਿੱਚੋਂ ਦਵਾਈਆਂ ਅਤੇ ਹੋਰ ਸਾਜੋ ਸਮਾਨ ਦੀ ਖ਼ਰੀਦ ਕਰਕੇ ਵੈਟਰਨਰੀ ਟੀਮਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ ਟੀਮਾਂ ਵੱਲੋਂ ਲੋੜਵੰਦ ਪਸ਼ੂ ਪਾਲਕਾਂ ਤੱਕ ਸੇਵਾਵਾਂ ਪਹੁੰਚਾਈਆਂ ਜਾ ਰਹੀਆਂ ਹਨ।
ਪਸ਼ੂ ਪਾਲਣ ਵਿਭਾਗ ਦੇ ਸਮੂਹ ਸੀਨੀਅਰ ਵੈਟਰਨਰੀ ਅਫ਼ਸਰਾਂ, ਵੈਟਰਨਰੀ ਅਫ਼ਸਰਾਂ, ਵੈਟਰਨਰੀ ਇੰਸਪੈਕਟਰਾਂ, ਵੈਟਰਨਰੀ ਫਾਰਮਾਸਿਸਟਾਂ ਅਤੇ ਸਮੇਤ ਸਮੁੱਚੇ ਅਮਲੇ ਵੱਲੋਂ ਪੂਰੀ ਤਨਦੇਹੀ ਨਾਲ ਦਿਨ ਰਾਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਜਿਨ੍ਹਾਂ ਇਲਾਕਿਆਂ ਵਿੱਚ ਅਜੇ ਪਾਣੀ ਜ਼ਿਆਦਾ ਹੈ ਉੱਥੇ ਕਿਸ਼ਤੀਆਂ ਅਤੇ ਟਰੈਕਟਰਾਂ ਤੇ ਚੜ ਕੇ ਪਸ਼ੂ ਪਾਲਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ। ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਆਪਣੇ ਪੱਧਰ 'ਤੇ ਐਨ.ਜੀ.ਓ. ਰਾਹੀਂ ਅਤੇ ਦਾਨੀ ਸੱਜਣਾਂ ਰਾਹੀ ਲੋੜਵੰਦਾਂ ਨੂੰ ਹਰਾ ਚਾਰਾ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਖੇਤੀਬਾੜੀ ਵਿਭਾਗ ਵੱਲੋਂ ਭੇਜੇ ਗਏ ਹਰੇ ਚਾਰੇ ਦੀ ਵੰਡ ਵਿੱਚ ਵੀ ਸਹਿਯੋਗ ਕੀਤਾ ਜਾ ਰਿਹਾ ਹੈ।
ਕਿਸੇ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਟੀਕਾਕਰਨ ਹੜ੍ਹਾਂ ਤੋਂ ਪਹਿਲਾਂ ਹੀ ਪਸ਼ੂਆਂ ਨੂੰ ਕਰਵਾ ਦਿੱਤੀ ਗਈ ਸੀ, ਪਰ ਜਿਨ੍ਹਾਂ ਪਸ਼ੂ ਪਾਲਕਾਂ ਨੇ ਕਿਸੇ ਕਾਰਨ ਟੀਕਾਕਰਨ ਨਹੀਂ ਕਰਵਾਇਆ ਸੀ, ਉਨ੍ਹਾਂ ਪਸ਼ੂ ਪਾਲਕਾਂ ਦੇ ਪਸ਼ੂਆਂ ਦਾ ਟੀਕਾਕਰਨ ਵੀ ਕੀਤੀ ਜਾ ਰਹੀ ਹੈ।
ਡਿਪਟੀ ਡਾਇਰੈਕਟਰ ਪਸ਼ੂ ਪਾਲਣ ਪਟਿਆਲਾ ਡਾ. ਗੁਰਚਰਨ ਸਿੰਘ ਵੱਲੋਂ ਸਮੂਹ ਸੀਨੀਅਰ ਵੈਟਰਨਰੀ ਅਫ਼ਸਰਾਂ, ਵੈਟਰਨਰੀ ਅਫ਼ਸਰਾਂ, ਵੈਟਰਨਰੀ ਇੰਸਪੈਕਟਰਾਂ, ਵੈਟਰਨਰੀ ਫਾਰਮਾਸਿਸਟਾਂ ਨੂੰ ਵੀਡੀਓ ਕਾਨਫ਼ਰੰਸਾਂ ਰਾਹੀ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਪਿੰਡਾਂ ਵਿੱਚ ਲਗਾਤਾਰ ਅਨਾਊਂਸਮੈਂਟ ਕਰਵਾਈਆਂ ਜਾਣ ਤਾਂ ਜੋ ਹਰੇਕ ਪਸ਼ੂ ਪਾਲਕ ਆਪਣੇ ਜਾਨਵਰਾਂ ਦਾ ਇਲਾਜ ਸਮੇਂ ਸਿਰ ਵੈਟਰਨਰੀ ਟੀਮਾਂ ਤੋਂ ਕਰਵਾ ਸਕੇ। ਵੈਟਰਨਰੀ ਅਫ਼ਸਰਾਂ ਅਤੇ ਹੋਰ ਸਟਾਫ਼ ਨੂੰ ਘਰ-ਘਰ ਜਾ ਕੇ ਪਸ਼ੂਆਂ ਦੇ ਇਲਾਜ ਕਰਨ ਦੀ ਹਦਾਇਤ ਕੀਤੀ ਗਈ ਹੈ।
ਉਨ੍ਹਾਂ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਵਿਭਾਗ ਦੀਆਂ ਟੀਮਾਂ ਨਾਲ ਤਾਲਮੇਲ ਰੱਖਿਆ ਜਾਵੇ ਅਤੇ ਪਸ਼ੂਆਂ ਦੇ ਵਾੜਿਆਂ, ਸ਼ੈੱਡਾਂ, ਪਾਣੀ ਦੇ ਚੁਬੱਚਿਆਂ ਆਦਿ ਨੂੰ ਚੰਗੀ ਤਰਾਂ ਸਾਫ਼ ਕਰ ਲਿਆ ਜਾਵੇ ਅਤੇ ਸੁੱਕਾ ਰੱਖਿਆ ਜਾਵੇ। ਹਰਾ ਚਾਰਾ, ਤੂੜੀ ਵਿੱਚ ਮਿਕਸ ਕਰਕੇ ਪਾਇਆ ਜਾਵੇ। ਖ਼ੁਰਾਕ ਹੋਲੀ-ਹੋਲੀ ਵਧਾਈ ਜਾਵੇ। ਪੀਣ ਲਈ ਸਾਫ਼ ਪਾਣੀ ਪਸ਼ੂਆਂ ਨੂੰ ਦਿੱਤਾ ਜਾਵੇ। ਜੇ ਕੋਈ ਪਸ਼ੂ ਬਿਮਾਰ ਹੋ ਜਾਂਦਾ ਹੈ ਤਾਂ ਤੁਰੰਤ ਵੈਟਰਨਰੀ ਟੀਮਾਂ ਨਾਲ ਸੰਪਰਕ ਕਰਕੇ ਇਲਾਜ ਕਰਵਾਇਆ ਜਾਵੇ। ਅਗਲੇ 7-8 ਦਿਨ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਹੈ।