ਪੰਜਾਬ ਦੀ ਔਖੀ ਘੜੀ 'ਚ ਪ੍ਰਧਾਨ ਮੰਤਰੀ ਮਦਦ ਕਰਨ ਲਈ ਖੁੱਲ੍ਹ ਦਿਲੀ ਦਿਖਾਉਣ : ਗੁਰਮੀਤ ਖੁੱਡੀਆਂ
- ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ 'ਤੇ ਘਨੌਰ ਪੁੱਜੇ ਖੇਤੀਬਾੜੀ ਮੰਤਰੀ ਖੁੱਡੀਆਂ ਵਲੋਂ ਵਿਧਾਇਕ ਗੁਰਲਾਲ ਘਨੌਰ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ
- ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਅਤੇ ਸੂਬੇ ਦੇ ਲੋਕਾਂ ਨੇ ਔਖੀ ਘੜੀ 'ਚ ਹੜ੍ਹ ਪੀੜ੍ਹਤਾਂ ਦਾ ਦਿੱਤਾ ਸਾਥ : ਗੁਰਮੀਤ ਸਿੰਘ ਖੁੱਡੀਆਂ
- ਸੂਬੇ ਵਿਚ ਜਲਦੀ ਲੱਗਣੇ ਸ਼ੁਰੂ ਹੋਣਗੇ ਜ਼ਿਲ੍ਹਾ ਪੱਧਰ 'ਤੇ ਪਸ਼ੂ ਮੇਲੇ, ਬਾਅਦ 'ਚ ਬਲਾਕ ਪੱਧਰ 'ਤੇ ਵੀ ਲੱਗਣਗੇ
- ਵਿਧਾਇਕ ਗੁਰਲਾਲ ਘਨੌਰ ਵਲੋਂ ਰੱਖੀਆਂ ਮੰਗਾਂ ਮੰਨਣ ਦਾ ਭਰੋਸਾ
ਘਨੌਰ/ਪਟਿਆਲਾ, 19 ਜੁਲਾਈ 2023 - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਤਹਿਤ ਸੂਬੇ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਨੂੰ ਨਾਲ ਲੈਕੇ ਹਲਕੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲਿਆ ਤੇ ਲੋਕਾਂ ਨਾਲ ਗੱਲਬਾਤ ਕੀਤੀ।
ਗੁਰਮੀਤ ਸਿੰਘ ਖੁੱਡੀਆਂ, ਜਿਨ੍ਹਾਂ ਕੋਲ ਪਸ਼ੂ ਪਾਲਣ, ਮੱਛੀ ਪਾਲਣ ਅਤੇ ਫੂਡ ਪ੍ਰੋਸੈਸਿੰਗ ਵਿਭਾਗ ਵੀ ਹਨ, ਅੱਜ ਘਨੌਰ ਦੀ ਅਨਾਜ ਮੰਡੀ ਵਿਖੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਦਰਤੀ ਆਫਤ ਦੇ ਸਮੇਂ ਪੰਜਾਬ ਦੀ ਮਦਦ ਕਰਨ ਲਈ ਖੁੱਲ੍ਹਦਿਲੀ ਦਿਖਾਉਣ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਆਜ਼ਾਦੀ ਦੀ ਲੜਾਈ ਵਿਚ ਜਾਨਾਂ ਕੁਰਬਾਨ ਕੀਤੀਆਂ ਅਤੇ ਪੰਜਾਬ ਨੇ ਹਮੇਸ਼ਾ ਦੇਸ਼ ਦੀ ਤਰੱਕੀ ਲਈ ਮੋਹਰੀ ਭੂਮਿਕਾ ਨਿਭਾਈ ਹੈ ਤੇ ਅੱਜ ਜਦ ਸੂਬੇ 'ਤੇ ਹੜ੍ਹਾਂ ਦੀ ਮਾਰ ਕਾਰਨ ਔਖੀ ਘੜੀ ਆਈ ਹੈ ਤਾਂ ਕੇਂਦਰ ਸਰਕਾਰ ਨੂੰ ਵੀ ਮਦਦ ਲਈ ਖੁੱਲ੍ਹਦਿਲੀ ਦਿਖਾਉਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਜ਼ਾਦੀ ਦੀ ਲੜਾਈ ਅਤੇ ਦੇਸ਼ ਦੀ ਸਰਹੱਦਾਂ ਦੀ ਰਾਖੀ ਲਈ ਆਪਣੀਆਂ ਜਾਨਾਂ ਕੁਰਬਾਨੀਆਂ ਕੀਤੀਆਂ ਹਨ ਤੇ ਪਰ ਅੱਜ ਸੂਬੇ 'ਤੇ ਮੁਸ਼ਕਲ ਦੇ ਸਮੇਂ, ਇਸਨੂੰ ਅਤੇ ਹੜ੍ਹ ਮਾਰੇ ਲੋਕਾਂ ਨੂੰ ਦੁਬਾਰਾ ਲੀਹ 'ਤੇ ਲਿਆਉਣ ਲਈ ਪ੍ਰਧਾਨ ਮੰਤਰੀ ਨੂੰ ਖੁੱਲ੍ਹ ਦਿਲੀ ਨਾਲ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹਰ ਵਾਰ ਹੜ੍ਹਾਂ ਕਾਰਨ ਹੁੰਦੀ ਤਬਾਹੀ ਦਾ ਮੁੱਦਾ ਵੀ ਕੇਂਦਰ ਸਰਕਾਰ ਕੋਲ ਜ਼ੋਰਦਾਰ ਢੰਗ ਨਾਲ ਉਠਾਵਵੇਗੀ ਤਾਂ ਕਿ ਇਸ ਦਾ ਸਥਾਈ ਹੱਲ ਹੋ ਸਕੇ।
ਆਪਣੇ ਦੌਰੇ ਦੌਰਾਨ ਪ੍ਰਭਾਵਿਤ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਜਿਥੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਇਸ ਔਖੀ ਘੜੀ 'ਚ ਕਿਸਾਨਾਂ ਦੇ ਨਾਲ ਖੜ੍ਹੀ ਹੈ, ਉਥੇ ਸੂਬੇ ਦੇ ਲੋਕਾਂ, ਖਾਸ ਕਰਕੇ ਨੌਜਵਾਨਾਂ ਨੇ ਵੀ ਅੱਗੇ ਹੋਕੇ ਆਪਣੇ ਭਰਾਵਾਂ ਦਾ ਸਾਥ ਦਿੱਤਾ ਹੈ, ਜਿਸਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਉਹ ਘੱਟ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨਾਂ ਦੀ ਹੜ੍ਹਾਂ ਕਾਰਨ ਝੋਨੇ ਫ਼ਸਲ ਖਰਾਬ ਹੋਈ ਹੈ, ਉਹ ਝੋਨੇ ਦੀ ਪਨੀਰੀ ਲੈਣ ਲਈ ਦਿਨ ਸਮੇਂ ਫੋਨ ਨੰਬਰ 77106-65725 'ਤੇ ਸੰਪਰਕ ਕਰ ਸਕਦੇ ਹਨ।
ਇਸ ਮੌਕੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਪਿੰਡਾਂ ਮਹਿਦੂਦਾਂ, ਸਰਾਲਾ, ਚਮਾਰੂ, ਜੰਡ ਮੰਘੌਲੀ, ਪਿੱਪਲ ਮੰਘੌਲੀ ਅਤੇ ਸਰਾਲਾ ਨੇੜੇ ਭਾਖੜਾ ਨਹਿਰ ਦੀ ਨਰਵਾਣਾ ਬ੍ਰਾਂਚ ਦੇ ਪਾੜ ਵਾਲੀ ਥਾਂ ਦਾ ਵੀ ਦੌਰਾ ਕਰਕੇ ਅਧਿਕਾਰੀਆਂ ਨੂੰ ਇਸ ਦੇ ਸਥਾਈ ਹੱਲ ਦੇ ਨਿਰਦੇਸ਼ ਦਿੱਤੇ।
ਦੌਰੇ ਦੌਰਾਨ ਵਿਧਾਇਕ ਗੁਰਲਾਲ ਘਨੌਰ ਨੇ ਹਲਕੇ ਦੀਆਂ ਸਮੱਸਿਆਵਾਂ ਤੇ ਹੋਰ ਮੰਗਾਂ ਸਬੰਧੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਜਾਣੂ ਕਰਵਾਇਆ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਸਾਰੇ ਮਸਲਿਆਂ ਦੇ ਸਥਾਈ ਹੱਲ ਦਾ ਭਰੋਸਾ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੀ ਭਲਾਈ ਲਈ ਵਚਨਬੱਧ ਹੈ ਤੇ ਸਾਰੀਆਂ ਸਮੱਸਿਆਵਾਂ ਦਾ ਹੱਲ ਜਲਦ ਕੀਤਾ ਜਾਵੇਗਾ। ਉਨ੍ਹਾਂ ਨੇ ਇਸ ਮੌਕੇ ਐਲਾਨ ਕੀਤਾ ਕਿ ਸੂਬੇ ਵਿਚ ਜ਼ਿਲ੍ਹਾ ਪੱਧਰ 'ਤੇ ਪਸ਼ੂ ਮੇਲੇ ਜਲਦੀ ਲੱਗਣੇ ਸ਼ੁਰੂ ਹੋਣਗੇ ਅਤੇ ਬਾਅਦ 'ਚ ਇਹ ਮੇਲੇ ਬਲਾਕ ਪੱਧਰ 'ਤੇ ਵੀ ਲੱਗਣਗੇ।
ਉਨ੍ਹਾਂ ਨੇ ਘਨੌਰ ਮੰਡੀ ਨੂੰ ਸਾਰੇ ਸੀਜ਼ਨਾਂ ਲਈ ਪੱਕੀ ਮੰਡੀ ਵਜੋਂ ਵਿਕਸਤ ਕਰਨ, ਬਹਾਦਰਪੁਰ ਵਿਖੇ ਧੂਰੀ ਖੰਡ ਮਿੱਲ ਲਈ ਗੰਨੇ ਦਾ ਡੰਪ ਬਣਾਉਣ, ਘਨੌਰ ਵਿਖੇ ਪਸ਼ੂ ਮੇਲਾ ਕਰਵਾਉਂ ਅਤੇ ਮਹਿਦੂਦਾਂ ਮਾਈਨਰ ਹੇਠ ਸਾਈਫਨ ਬਣਾਉਣ ਸਮੇਤ ਵਿਧਾਇਕ ਗੁਰਲਾਲ ਘਨੌਰ ਵਲੋਂ ਰੱਖੀਆਂ ਹੋਰ ਮੰਗਾਂ ਮੰਨਣ ਦਾ ਭਰੋਸਾ ਦਿੱਤਾ। ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਕਿਸਾਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਸੂਬਾ ਸਰਕਾਰ ਇਸ ਮੁਸ਼ਕਲ ਘੜੀ ਵਿੱਚ ਉਨ੍ਹਾਂ ਦੇ ਨਾਲ ਖੜ੍ਹੀ ਹੈ।
ਖੇਤੀਬਾੜੀ ਮੰਤਰੀ ਦੇ ਦੌਰੇ ਦੌਰਾਨ ਐਸ.ਡੀ.ਐਮ ਰਾਜਪੁਰਾ ਪਰਲੀਨ ਕੌਰ ਬਰਾੜ, ਡੀ.ਐਸ.ਪੀ. ਰਘਬੀਰ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਨਾਮ ਸਿੰਘ, ਸਹਾਇਕ ਗੰਨਾ ਵਿਕਾਸ ਅਫ਼ਸਰ ਗੁਰਦੇਵ ਸਿੰਘ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ: ਗੁਰਚਰਨ ਸਿੰਘ, ਨਾਇਬ ਤਹਿਸੀਲਦਾਰ ਹਰੀਸ਼ ਕੁਮਾਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਇਸ ਮੌਕੇ ਅੰਕਿਤ ਸੂਦ, ਪਰਮਜੀਤ ਪੰਮਾ, ਦਵਿੰਦਰ ਸਿੰਘ ਭੰਗੂ, ਅਸ਼ਵਨੀ ਸਨੋਲੀਆ, ਸੁਰਿੰਦਰ ਸਰਵਾਰਾ, ਛਿੰਦਾ ਮੰਜੋਲੀ, ਗੱਬਰ ਸਿੰਘ, ਮੋਦਾ ਸਰਵਾਰਾ, ਬਿੰਨੀ ਬਾਂਸਲ, ਮੱਖਣ ਖਾਨ, ਹਰਚਰਨ ਸਿੰਘ, ਗੁਰਤਾਜ ਸਿੰਘ ਸੰਧੂ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।