ਬਿਆਸ ਦਰਿਆ 'ਚ ਵੱਧ ਰਹੀ ਪਾਣੀ ਦੀ ਆਮਦ: ਪੁਲਿਸ ਅਧਿਕਾਰੀਆਂ ਨੇ ਪਿੰਡੋਂ-ਪਿੰਡ ਜਾ ਕੇ ਲੋਕਾਂ ਨਾਲ ਕੀਤੀ ਮੁਲਾਕਾਤ
- ਪ੍ਰਸ਼ਾਸਨ ਲੋਕਾਂ ਨੂੰ ਕਰ ਰਿਹਾ ਅਪੀਲ
ਬਲਰਾਜ ਸਿੰਘ ਰਾਜਾ
ਬਿਆਸ, 20 ਜੁਲਾਈ 2023: ਬੀਤੇ 3 ਦਿਨ ਤੋਂ ਹੁਣ ਬਿਆਸ ਦਰਿਆ ਵਿੱਚ ਲਗਾਤਾਰ ਪਾਣੀ ਦੀ ਆਮਦ ਵੱਧਦੀ ਜਾ ਰਹੀ ਹੈ ।ਜਿਸ ਕਾਰਨ ਕੰਢੇ ਰਹਿਣੇ ਲੋਕ ਚਿੰਤਾ ਵਿੱਚ ਡੁੱਬੇ ਨਜਰ ਆ ਰਹੇ ਹਨ।ਅਜਿਹੇ ਹਾਲਾਤਾਂ ਵਿੱਚ ਹੁਣ ਆਪਣਾ ਘਰ ਦਾ ਸਮਾਨ ਬੰਨ ਕੇ ਉਪਰਲੀਆਂ ਥਾਂਵਾ ਤੇ ਜਾਣ ਨੂੰ ਮਜ਼ਬੂਰ ਹਨ।
ਬਿਆਸ ਦਰਿਆ ਵਿੱਚ ਪਾਣੀ ਦਾ ਊਫ਼ਾਨ ਦੇਖ ਕੇ ਹੁਣ ਪ੍ਰਸ਼ਾਸਨਿਕ ਅਧਿਕਾਰੀ ਵੀ ਲਗਾਤਾਰ ਸਰਗਰਮ ਨਜਰ ਆ ਰਹੇ ਹਨ।
ਜਿਸ ਲਈ ਸਿਵਲ ਵਿਭਾਗ ਤੋਂ ਇਲਾਵਾ ਪੁਲਸ ਪ੍ਰਸ਼ਾਸ਼ਨ ਵੀ ਲਗਾਤਾਰ ਹਾਲਾਤਾਂ ਤੇ ਆਪਣੀ ਨਜਰ ਬਣਾਏ ਹੋਏ ਹੈ।
ਬੇਸ਼ੱਕ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਲੋਕਾਂ ਵਿੱਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਪਾਣੀ ਵਧਣ ਕਾਰਨ ਲੋਕਾਂ ਨੂੰ ਦਰਿਆ ਬਿਆਸ ਤੋਂ ਦੂਰ ਹਟਾਉਣ ਲਈ ਪੁਲਿਸ ਲਗਾਤਾਰ ਕੋਸ਼ਿਸ਼ ਕਰ ਰਹੀ ਹੈ।
ਇਸੇ ਦੌਰਾਨ ਥਾਣਾ ਢਿੱਲਵਾਂ ਐਸ ਐਚ ਓ ਸਬ ਇੰਸਪੈਕਟਰ ਬਲਬੀਰ ਸਿੰਘ ਨੇ ਦੇਰ ਰਾਤ ਪੁਲਿਸ ਪਾਰਟੀਆਂ ਨਾਲ ਗਸ਼ਤ ਕਰਦੇ ਹੋਏ ਹਲਾਤਾਂ ਬਾਰੇ ਸਥਿਤੀ ਸਪੱਸ਼ਟ ਕਰਦਿਆਂ ਦਸਿਆ ਕਿ ਉਹ ਪੁਲਿਸ ਟੀਮ ਸਣੇ ਲਗਾਤਾਰ ਮੰਡ ਖੇਤਰ ਦਾ ਦੌਰਾ ਕਰ ਰਹੇ ਹਨ।ਉਨ੍ਹਾਂ ਸਾਫ ਕੀਤਾ ਹੈ ਕਿ ਫਿਲਹਾਲ ਦੀਆਂ ਰਿਪੋਰਟਾਂ ਅਨੁਸਾਰ ਬਿਆਸ ਵਿੱਚ ਵੱਧ ਰਿਹਾ ਪਾਣੀ ਨੁਕਸਾਨ ਕਰ ਸਕਦਾ ਹੈ। ਜਿਸ ਲਈ ਲੋਕਾਂ ਨੂੰ ਜਾਗਰੂਕ ਕਰਨ ਤੇ ਇਲਾਕੇ ਵਿੱਚ ਨਜਰ ਬਣਾਏ ਰੱਖਣ ਲਈ ਉਹ ਦਿਨ ਰਾਤ ਕੰਮ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਦਰਿਆ ਕੰਢੇ ਰਹਿੰਦੇ ਗੁੱਜਰ ਪਰਿਵਾਰਾਂ ਨੂੰ ਪਰਿਵਾਰ ਸਹਿਤ ਸੁਰੱਖਿਅਤ ਸਥਾਨਾਂ ਤੇ ਜਾਣ ਲਈ ਕਿਹਾ ਗਿਆ ਹੈ।ਕਿਉਂਕਿ ਲਗਾਤਾਰ ਬਿਆਸ ਦਰਿਆ ਦੇ ਵੱਧ ਰਹੇ ਪਾਣੀ ਨਾਲ ਸਥਿਤੀ ਤਨਾਵਪੂਰਨ ਬਣੀ ਹੋਈ ਹੈ ਅਤੇ ਅਜਿਹੇ ਹਾਲਾਤਾਂ ਵਿੱਚ ਕਿਸੇ ਤਰਾਂ ਦਾ ਰਿਸਕ ਨਹੀਂ ਲਿਆ ਜਾ ਸਕਦਾ ਹੈ।
ਐਸ ਐਚ ਓ ਬਲਬੀਰ ਸਿੰਘ ਨੇ ਦੱਸਿਆ ਕਿ ਥਾਣਾ ਢਿੱਲਵਾਂ ਅਧੀਨ ਬਿਆਸ ਦਰਿਆ ਦੇ ਨਾਲ ਨਾਲ ਲਗਦੇ ਕਰੀਬ 25 ਤੋਂ 30 ਪਿੰਡਾਂ ਵਿੱਚ ਲਗਾਤਾਰ ਪੁਲਿਸ ਪਾਰਟੀਆਂ ਵਲੋਂ ਦਿਨ ਰਾਤ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਤਰਾਂ ਦੀ ਸਥਿਤੀ ਨਾਲ ਨਿਪਟਣ ਲਈ ਪ੍ਰਸ਼ਾਸਨ ਤਿਆਰ ਹੈ।ਉਨ੍ਹਾਂ ਦੱਸਿਆ ਕਿ ਉਕਤ ਪਿੰਡਾਂ ਵਿੱਚ ਸਮੂਹ ਮੋਹਤਬਰਾਂ ਨੂੰ ਨਾਲ ਲੈਕੇ ਪੁਲਿਸ ਕੰਢੇ ਬੈਠੇ ਲੋਕਾਂ ਨੂੰ ਅਪੀਲ ਕਰ ਰਹੀ ਹੈ ਕਿ ਉਪਰਲੇ ਖੇਤਰਾਂ ਵਿੱਚ ਪ੍ਰਸ਼ਾਸਨ ਵਲੋਂ ਸੁਰੱਖਿਅਤ ਸਥਾਨਾਂ ਦੀ ਚੋਣ ਕੀਤੀ ਗਈ ਹੈ।ਉਨ੍ਹਾਂ ਦੱਸਿਆ ਇਕ ਦਰਿਆ ਕੰਢੇ ਬੈਠੇ ਲੋਕਾਂ ਨੂੰ ਚੁਣੇ ਹੋਏ ਸਥਾਨਾਂ ਤੇ ਲਿਜਾ ਕੇ ਖਾਣ ਪੀਣ ਰਹਿਣ ਦੀ ਸੁਵਿਧਾ ਦੇ ਪ੍ਰਬੰਧ ਕੀਤੇ ਗਏ ਹਨ ਤਾਂ ਜੌ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।