ਭਗਵੰਤ ਮਾਨ ਸਰਕਾਰ ਨੇ 11 ਹੜ੍ਹ ਪੀੜਤ ਪਰਿਵਾਰਾਂ ਦੀ ਫੜੀ ਬਾਂਹ, ਮੁਆਵਜ਼ੇ ਦੇ ਚੈੱਕ ਸੌਂਪੇ
ਹਰਜਿੰਦਰ ਸਿੰਘ ਭੱਟੀ
- ਵਿਧਾਇਕ ਕੁਲਵੰਤ ਸਿੰਘ ਨੇ ਪਿੰਡ ਬਹਿਲੋਲਪੁਰ ਵਿਖੇ ਵੱਖੋ-ਵੱਖ ਪਿੰਡਾਂ ਦੇ 11 ਪਰਿਵਾਰਾਂ ਨੂੰ ਮੁਆਵਜ਼ੇ ਦੇ 13.20 ਲੱਖ ਰੁਪਏ ਦੇ ਚੈੱਕ ਸੌਂਪੇ
- ਪ੍ਰਤੀ ਪਰਿਵਾਰ 1.20 ਲੱਖ ਰੁਪਏ ਦੇ ਚੈੱਕ ਦਿੱਤੇ
- ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਲਈ ਜਲਦ ਬਣਾਏ ਜਾਣਗੇ 01 ਹਜ਼ਾਰ ਮਕਾਨ
ਐੱਸ.ਏ.ਐੱਸ. ਨਗਰ, 02 ਅਗਸਤ 2023 - ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਹੜ੍ਹ ਪੀੜਤਾਂ ਦੀ ਸਹਾਇਤਾ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਅਤੇ ਹੜ੍ਹ ਪੀੜਤਾਂ ਨੂੰ ਬਣਦੀ ਮੁਆਵਜ਼ਾ ਰਾਸ਼ੀ ਦੇ ਕੇ ਸਰਕਾਰ ਆਪਣਾ ਫਰਜ਼ ਨਿਭਾਅ ਰਹੀ ਹੈ।
ਇਹ ਪ੍ਰਗਟਾਵਾ ਵਿਧਾਇਕ ਕੁਲਵੰਤ ਸਿੰਘ ਨੇ ਹੜ੍ਹਾਂ ਕਾਰਨ ਮਕਾਨਾਂ ਦੇ ਹੋਏ ਨੁਕਸਾਨ ਸਬੰਧੀ ਪਿੰਡ ਬਹਿਲੋਲਪੁਰ ਵਿਖੇ ਵੱਖ ਵੱਖ ਪਿੰਡਾਂ ਦੇ 11 ਪੀੜਤ ਪਰਿਵਾਰਾਂ ਨੂੰ 13.20 ਲੱਖ ਰੁਪਏ ਦੀ ਰਾਸ਼ੀ ਦੇ ਚੈੱਕ ਸੌਂਪਣ ਮੌਕੇ ਕੀਤਾ। ਇਸ ਮੌਕੇ ਪ੍ਰਤੀ ਪਰਿਵਾਰ 1.20 ਲੱਖ ਰੁਪਏ ਦੇ ਚੈੱਕ ਦਿੱਤੇ ਗਏ।
ਜ਼ਿਕਰਯੋਗ ਹੈ ਕਿ ਇਹਨਾਂ ਪੀੜਤਾਂ ਵਿਚ ਪਿੰਡ ਬਹਿਲੋਲਪੁਰ ਦੇ ਸਵਰਨ ਸਿੰਘ, ਲਖਵੀਰ ਸਿੰਘ, ਹਰਦੀਪ ਸਿੰਘ, ਨਰੇਸ਼ ਕੁਮਾਰ, ਜਗਤਾਰ ਸਿੰਘ, ਮਹਿੰਦਰੋ ਦੇਵੀ ਤੇ ਮਨਦੀਪ ਸਿੰਘ, ਪਿੰਡ ਦਾਊਂ ਤੋਂ ਬਬਲੀ, ਪ੍ਰੀਤਮ ਕੌਰ ਤੇ ਬਿਮਲਾ ਕੌਰ ਅਤੇ ਪਿੰਡ ਝਾਮਪੁਰ ਦੀ ਸ਼ਮਸ਼ੇਰ ਕੌਰ ਦੇ ਪਰਿਵਾਰ ਸ਼ਾਮਲ ਹਨ। ਮੋਹਾਲੀ ਸਬ ਡਵੀਜ਼ਨ ਵਿੱਚ ਮੁਆਵਜ਼ਾ ਕਮੇਟੀ ਵੱਲੋਂ ਮਕਾਨਾਂ ਦੇ ਹੋਏ ਨੁਕਸਾਨ ਬਾਬਤ 29 ਮਕਾਨਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਬਾਬਤ ਮੁਆਵਜ਼ਾ ਦੇਣ ਦੀ ਪ੍ਰਕਿਰਿਆ ਜਾਰੀ ਹੈ।
ਹਲਕਾ ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਜਿਥੇ ਹੜ੍ਹਾਂ ਕਾਰਨ ਮਕਾਨਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ, ਉੱਥੇ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਦੇਣ ਬਾਰੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਹੜ੍ਹਾਂ ਕਾਰਨ ਹੋਏ ਜਾਨੀ ਨੁਕਸਾਨ ਦੀ ਭਰਪਾਈ ਕਰਨ ਲਈ ਵੀ ਤੇਜ਼ੀ ਨਾਲ ਕਦਮ ਚੁੱਕੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਭਾਵੇਂ ਕਿ ਕਿਸੇ ਵੀ ਪਰਿਵਾਰ ਦੇ ਹੋਏ ਜਾਨੀ ਨੁਕਸਾਨ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ ਪ੍ਰੰਤੂ ਉਸ ਪਰਿਵਾਰ ਦੀ ਆਰਥਿਕ ਮਦਦ ਕਰ ਕੇ ਪਰਿਵਾਰ ਨੂੰ ਕੁਝ ਰਾਹਤ ਜ਼ਰੂਰ ਦਿੱਤੀ ਜਾ ਸਕਦੀ ਹੈ, ਜੋ ਕਿ ਸਰਕਾਰ ਵੱਲੋਂ ਪੂਰੀ ਇਮਾਨਦਾਰੀ ਨਾਲ ਕੀਤੀ ਜਾ ਰਹੀ ਹੈ।
ਪੰਜਾਬ ਸਰਕਾਰ ਵਲੋਂ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਸਪੈਸ਼ਲ ਗਿਰਦਾਵਰੀਆਂ ਕਰਵਾਈਆਂ ਜਾ ਰਹੀਆਂ ਹਨ । ਸਮੂਹ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਦਿੱਤੇ ਗਏ ਹਨ ਕਿ 15 ਅਗਸਤ ਤਕ ਸਪੈਸ਼ਲ ਗਿਰਦਾਵਰੀਆਂ ਕਰਵਾ ਕੇ ਰਿਪੋਰਟ ਸਰਕਾਰ ਨੂੰ ਭੇਜੀ ਜਾਵੇ।
ਕੁਲਵੰਤ ਸਿੰਘ ਨੇ ਕਿਹਾ ਕਿ ਹੜ੍ਹਾਂ ਦੌਰਾਨ ਸਾਰੇ ਵਿਧਾਇਕ, ਸਾਰੇ ਮੰਤਰੀ ਅਤੇ ਮੁੱਖ ਮੰਤਰੀ ਸ. ਭਗਵੰਤ ਮਾਨ ਖੁਦ ਲਗਾਤਾਰ ਲੋਕਾਂ ਵਿਚ ਵਿਚਰੇ ਹਨ। ਨਾਲ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਦਿਨ ਰਾਤ ਇੱਕ ਕਰਕੇ ਆਪਣੀ ਜ਼ਿੰਮੇਵਾਰੀ ਨਿਭਾਈ। ਇਸ ਸਦਕਾ ਹੀ ਲੋਕਾਂ ਨੂੰ ਵੇਲੇ ਸਿਰ ਸਹਾਇਤਾ ਮਿਲੀ ਅਤੇ ਬਹੁਤ ਹੀ ਘੱਟ ਸਮੇਂ ਵਿੱਚ ਹੋਏ ਨੁਕਸਾਨ ਦਾ ਜਾਇਜ਼ਾ ਲੈ ਕੇ ਮੁਆਵਜ਼ਾ ਰਾਸ਼ੀ ਲੋਕਾਂ ਨੂੰ ਦਿੱਤੀ ਗਈ।
ਹਲਕਾ ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ ਤੇ ਇਹ ਸਰਕਾਰ ਲੋਕਾਂ ਨਾਲ ਕੀਤਾ ਹਰ ਇਕ ਵਾਅਦਾ ਲਗਾਤਾਰ ਪੂਰਾ ਕਰ ਰਹੀ ਹੈ। ਸਿਹਤ, ਸਿੱਖਿਆ ਅਤੇ ਰੋਜ਼ਗਾਰ ਸਮੇਤ ਬਹੁਪੱਖੀ ਵਿਕਾਸ ਲਈ ਸਰਕਾਰ ਨੇ ਇਨਕਲਾਬੀ ਫੈਸਲੇ ਲੈਂਦੇ ਹੋਏ, ਉਹਨਾਂ ਨੂੰ ਹੇਠਲੇ ਪੱਧਰ ਤੱਕ ਲਾਗੂ ਕੀਤਾ ਹੈ। ਇਸੇ ਲੜੀ ਤਹਿਤ ਬਹੁਤ ਜਲਦ ਬਹਿਲੋਲਪੁਰ ਨੇੜੇ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਨੂੰ 01 ਹਜ਼ਾਰ ਮਕਾਨ ਬਣਾ ਕੇ ਦਿੱਤੇ ਜਾਣਗੇ।
ਇਸ ਮੌਕੇ ਐੱਸ.ਡੀ.ਐਮ. ਮੋਹਾਲੀ ਸ਼੍ਰੀਮਤੀ ਸਰਬਜੀਤ ਕੌਰ, ਤਹਿਸੀਲਦਾਰ ਕੁਲਦੀਪ ਸਿੰਘ ਢਿੱਲੋਂ ਸਮੇਤ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ, ਪਿੰਡ ਵਾਸੀ ਤੇ ਪਤਵੰਤੇ ਹਾਜ਼ਰ ਸਨ।