ਰਾਹਤ ਕੰਮਾਂ ਵਿੱਚ ਕਿਸੇ ਕਿਸਮ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ : ਬੁੱਧ ਰਾਮ
ਮਾਨਸਾ, 21 ਜੁਲਾਈ 2023 - ਲੋਕਾਂ ਦੇ ਦੁੱਖਾਂ ਤਕਲੀਫਾਂ ਵਿੱਚ ਜੋ ਕੰਮ ਆਵੇ ਉਹ ਲੋਕਾਂ ਦੀ ਸਰਕਾਰ ਕਹਾਉਂਦੀ ਹੈ।ਇਸ ਕੁਦਰਤੀ ਆਫਤ ਵਿੱਚ ਅਸੀਂ ਲੋਕਾਂ ਕੋਲ ਜਾ ਰਹੇ ਹਾਂ । ਭਗਵੰਤ ਮਾਨ ਸਰਕਾਰ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕਰਨ ਵਿੱਚ ਲੱਗੀ ਹੋਈ ਹੈ ।
ਇਹ ਵਿਚਾਰ ਪ੍ਰਿੰਸੀਪਲ ਬੁੱਧ ਰਾਮ ਐਮ.ਐਲ.ਏ.ਹਲਕਾ ਬੁਢਲਾਡਾ ਅਤੇ ਕਾਰਜਕਾਰੀ ਪ੍ਰਧਾਨ ਪੰਜਾਬ ਨੇ ਪਿੰਡ ਗੋਰਖਨਾਥ ਵਿੱਚ ਰਾਸ਼ਨ ਕਿੱਟਾਂ ਵੰਡਣ ਵੇਲੇ ਲੋਕਾਂ ਨਾਲ ਸਾਂਝੇ ਕੀਤੇ।
ਉਨਾਂ ਨੇ ਕਿਹਾ ਕਿ ਭਾਵੇਂ ਚਾਂਦਪੁਰਾ ਬੰਨ੍ਹ ਬੰਦ ਕਰਨ ਵਿੱਚ ਹਰਿਆਣਾ ਸਰਕਾਰ ਨੇ ਅੜਿੱਕੇ ਡਾਹੇ ਪਰੰਤੂ ਉਨ੍ਹਾਂ ਨੇ ਪੰਜਾਬ ਸਰਕਾਰ ਰਾਹੀਂ ਬੰਨ੍ਹ ਬੰਨਣ ਦੀ ਮਨਜ਼ੂਰੀ ਲੈ ਲਈ ਹੈ ਅਤੇ ਫੌਜ ਵੱਲੋਂ ਪਿਛਲੇ ਦਿਨ ਤੋਂ ਕੰਮ ਲਗਾਤਾਰ ਕੰਮ ਜਾਰੀ ਹੈ ।ਇਸ ਬੰਨ੍ਹ ਦੇ ਕੱਲ ਤੱਕ ਮੁਕੰਮਲ ਹੋਣ ਦੀ ਉਮੀਦ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਮਾਨਸਾ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਰਾਹਤ ਕੈਂਪ ਚਲਾਏ ਜਾ ਰਹੇ ਹਨ ।ਜਿਹੜੇ ਪਰਿਵਾਰ ਰਾਹਤ ਕੈਂਪਾਂ ਵਿੱਚ ਨਹੀਂ ਗਏ, ਉਹਨਾਂ ਨੂੰ ਘਰ-ਘਰ ਸਾਡੀਆਂ ਟੀਮਾਂ ਖਾਣ ਪੀਣ ਦਾ ਰਾਸ਼ਨ , ਤਰਪਾਲਾਂ, ਮੱਛਰਦਾਨੀਆਂ , ਸੁੱਕਾ ਦੁੱਧ ਅਤੇ ਪੀਣ ਵਾਲਾ ਪਾਣੀ, ਪਸੂਆਂ ਲਈ ਹਰਾ ਚਾਰਾ ਮੁਹੱਈਆ ਕਰਵਾਇਆ ਜਾ ਰਿਹਾ ਹੈ I ਕਿਸੇ ਨੂੰ ਵੀ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਸਰਕਾਰੀ ਸਕੂਲ ਭਾਵਾ ਵਿੱਚ ਚੱਲ ਰਹੇ ਰਾਹਤ ਕੈਂਪ ਵਿੱਚ ਰਹਿ ਰਹੇ ਲੋਕਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਲੋੜਾਂ ਵਾਰੇ ਜਾਣਿਆ।
ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਪਿੰਡ ਭਾਵਾ ਦੇ ਨੰਬਰਦਾਰ ਜਸ ਸਿੰਘ , ਗੁਰਲਾਲ ਸਿੰਘ ਗੋਰਖਨਾਥ , ਬੂਟਾ ਸਿੰਘ , ਸਰਪੰਚ ਰਾਜਵੀਰ ਸਿੰਘ ਕੁੱਲਰੀਆਂ , ਦੀਪ ਸੈਨੀ , ਗੁਰਵਿੰਦਰ ਸਿੰਘ , ਨੈਬ ਸਿੰਘ ਕੁੱਲਰੀਆਂ ,ਟਰੱਕ ਯੂਨੀਅਨ ਬੋਹਾ ਦੇ ਪ੍ਰਧਾਨ ਨੈਬ ਸਿੰਘ , ਕਮਲਦੀਪ ਬਾਵਾ , ਦਰਸ਼ਨ ਘਾਰੂ, ਕੁਲਵੰਤ ਸਿੰਘ ਸ਼ੇਰਖਾਂ ਵਾਲਾ, ਗੁਰਦਰਸ਼ਨ ਸਿੰਘ ਪਟਵਾਰੀ , ਪ੍ਰਸ਼ਾਸਨਿਕ ਅਧਿਕਾਰੀ ਸੁਖਵਿੰਦਰ ਸਿੰਘ ਬੀ.ਡੀ.ਪੀ.ਓ. ਬੁਢਲਾਡਾ , ਨਿੱਕਾ ਸਿੰਘ ਪੰਚਾਇਤ ਸਕੱਤਰ , ਬੂਟਾ ਸਿੰਘ ਐਸ.ਐਚ.ਓ. ਬਰੇਟਾ , ਭੁਪਿੰਦਰ ਸਿੰਘ ਮਾਨ ਚੌਂਕੀ ਇੰਚਾਰਜ ਕੁੱਲਰੀਆਂ ਹਾਜ਼ਰ ਸਨ।