ਰਾਹਤ ਸਮੱਗਰੀ ਲੈ ਕੇ ਜਾ ਰਿਹਾ ਯੂਨਾਇਟਿਡ ਸਿੱਖਸ ਦਾ ਟਰੱਕ ਖਾਈ ਵਿੱਚ ਡਿੱਗਣ ਦੇ ਬਾਵਜੂਦ ਰਾਹਤ ਕਾਰਜ ਜਾਰੀ
ਹਰਜਿੰਦਰ ਸਿੰਘ ਭੱਟੀ
ਚੰਡੀਗੜ੍ਹ/ ਚੂਰਾਚੰਦਪੁਰ, ਮਨੀਪੁਰ, 28 ਜੁਲਾਈ, 2023: ਮਨੀਪੁਰ ਵਿੱਚ ਜਾਤੀ ਹਿੰਸਾ ਦੇ 40,000 ਤੋਂ ਵੱਧ ਪੀੜਤਾਂ ਲਈ ਰਾਸ਼ਨ, ਦਵਾਈਆਂ ਅਤੇ ਜ਼ਰੂਰੀ ਸਮਾਨ ਲੈ ਕੇ ਜਾ ਰਿਹਾ ਯੂਨਾਈਟਿਡ ਸਿੱਖਸ ਦਾ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ। ਢਿੱਗਾਂ ਡਿੱਗਣ ਕਾਰਨ ਰਾਹਤ ਸਮੱਗਰੀ ਲੈ ਕੇ ਜਾ ਰਿਹਾ ਟਰੱਕ ਪਲਟ ਗਿਆ ਅਤੇ ਖੱਡ ਵਿੱਚ ਜਾ ਡਿੱਗਾ। ਇਸ ਹਾਦਸੇ ਵਿਚ ਟਰੱਕ ਡਰਾਈਵਰ ਅਤੇ ਵਾਲੰਟੀਅਰ ਨੂੰ ਮਾਮੂਲੀ ਸੱਟਾਂ ਲੱਗੀਆਂ। ਕੁਝ ਸਥਾਨਕ ਐਨਜੀਓ ਸੰਸਥਾਵਾਂ ਦੀ ਬੇਨਤੀ 'ਤੇ ਭੇਜੀ ਜਾ ਰਹੀ ਜ਼ਿਆਦਾਤਰ ਰਾਹਤ ਸਮੱਗਰੀ ਦਾ ਵੀ ਬਚਾਅ ਹੋ ਗਿਆ।
ਯੂਨਾਈਟਿਡ ਸਿੱਖਸ ਦੇ ਡਾਇਰੈਕਟਰ ਮਹਿੰਦਰਜੀਤ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਸਹਾਇਤਾ ਟੀਮ ਰਾਹਤ ਸਮੱਗਰੀ ਲੈ ਕੇ ਸ਼ਿਲਾਂਗ ਤੋਂ ਚੂਰਾਚੰਦਪੁਰ ਜਾ ਰਹੀ ਸੀ। ਸੰਸਥਾ ਦੇ ਬਹਾਦਰ ਵਲੰਟੀਅਰਾਂ ਨੇ ਔਖੇ ਰਾਹਾਂ ਚੋਂ 5 ਦਿਨਾਂ ਦਾ ਕਠਿਨ ਸਫ਼ਰ ਜਾਰੀ ਰੱਖਿਆ।
ਮਨੀਪੁਰ ਨਸਲੀ ਹਿੰਸਾ ਕਾਰਨ ਵਧ ਰਹੇ ਮਾਨਵਤਾਵਾਦੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਜਿਸ ਵਿਚ 130 ਤੋਂ ਵੱਧ ਲੋਕ ਮਾਰੇ ਗਏ ਅਤੇ 50,000 ਤੋਂ ਵੱਧ ਲੋਕ ਬੇਘਰ ਹੋ ਗਏ ਹਨ।
ਯੂਨਾਈਟਿਡ ਸਿੱਖਸ ਨੇ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨ ਲਈ ਸਥਾਨਕ ਸੰਸਥਾਵਾਂ ਦੀ ਬੇਨਤੀ 'ਤੇ ਪਹਿਲੇ ਬੈਚ ਵਿਚ 40,000 ਤੋਂ ਵੱਧ ਲੋਕਾਂ ਨੂੰ ਰਾਸ਼ਨ, ਦਵਾਈਆਂ ਤੇ ਜ਼ਰੂਰੀ ਵਸਤਾਂ ਦੀ ਸਹਾਇਤਾ ਭੇਜ ਰਹੀ ਹੈ।
ਯੂਨਾਈਟਿਡ ਸਿੱਖਸ ਦੇ ਡਾਇਰੈਕਟਰ ਮਹਿੰਦਰਜੀਤ ਸਿੰਘ ਨੇ ਕਿਹਾ ਕਿ ਯੂਨਾਈਟਿਡ ਸਿੱਖਸ ਕਿਸੇ ਵੀ ਲੋੜਵੰਦ ਭਾਈਚਾਰੇ ਨੂੰ ਬਿਨਾਂ ਕਿਸੇ ਭੇਦ ਭਾਵ ਦੇ, ਉਸਦੀ ਧਾਰਮਿਕ ਪਛਾਣ ਜਾਂ ਜਾਤ ਦੀ ਪਰਵਾਹ ਕੀਤੇ ਬਿਨਾਂ ਮਦਦ ਕਰਦਾ ਹੈ। ਸੰਕਟਕਾਲੀਨ ਸਥਿਤੀਆਂ ਵਿੱਚ ਸਹਾਇਤਾ ਪ੍ਰਦਾਨ ਕਰਨ ਵਿੱਚ ਕਾਫ਼ੀ ਤਜ਼ਰਬੇ ਵਾਲੀ ਸੰਯੁਕਤ ਰਾਸ਼ਟਰ ਨਾਲ ਸਬੰਧਤ ਸੰਸਥਾ ਹੋਣ ਦੇ ਨਾਤੇ, ਯੂਨਾਈਟਿਡ ਸਿੱਖਸ ਦੀਆਂ ਟੀਮਾਂ ਪ੍ਰਭਾਵਿਤ ਅਤੇ ਦੁਖੀ ਲੋਕਾਂ ਨੂੰ ਮਾਨਵਤਾਵਾਦੀ ਸਹਾਇਤਾ ਤੇ ਦਵਾਈਆਂ ਪ੍ਰਦਾਨ ਕਰਵਾ ਰਹੀ ਹੈ।
ਉਨ੍ਹਾਂ ਕਿਹਾ ਕਿ ਭਾਵੇਂ ਸ਼ਿਲਾਂਗ ਵਿੱਚ ਸਿੱਖਾਂ ਨੂੰ ਬੇਦਖਲੀ ਦੇ ਕੰਢੇ 'ਤੇ ਧੱਕ ਦਿੱਤਾ ਗਿਆ ਹੈ, ਪਰ ਇਹ ਸਿੱਖ ਭਾਈਚਾਰਾ ਹੀ ਹੈ, ਜੋ ਹੁਣ ਪੀੜਤਾਂ ਨੂੰ ਸਹਾਇਤਾ ਪ੍ਰਦਾਨ ਕਰ ਰਿਹਾ ਹੈ ਅਤੇ ਉੱਤਰ ਪੂਰਬ ਵਿੱਚ ਉਨ੍ਹਾਂ ਦੇ ਜ਼ਖ਼ਮਾਂ ਨੂੰ ਭਰ ਰਿਹਾ ਹੈ। ਸਿੱਖ ਸਿਧਾਂਤਾਂ ਦੀ ਪਾਲਣਾ ਕਰਦੇ ਹੋਏ ਯੂਨਾਇਟਿਡ ਸਿੱਖਸ ਇੰਟਰਨੈਸ਼ਨਲ ਦੇ ਮਾਨਵਤਾਵਾਦੀ ਸਹਾਇਤਾ ਦੇ ਨਿਰਦੇਸ਼ਕ ਗੁਰਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਨਸਲ, ਧਰਮ ਜਾਂ ਪਛਾਣ ਦੀ ਪਰਵਾਹ ਕੀਤੇ ਬਿਨਾਂ ਹਾਸ਼ੀਏ 'ਤੇ ਪਏ ਅਤੇ ਵਾਂਝੇ ਭਾਈਚਾਰਿਆਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹਾਂ। ਕਿਸੇ ਵੀ ਭਾਈਚਾਰੇ ਦੇ ਲੋਕਾਂ ਦਾ ਦੁੱਖ ਦੁਨੀਆ ਭਰ ਦੇ ਹਰ ਕਿਸੇ ਲਈ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ ਅਤੇ ਹਰ ਭਾਈਚਾਰੇ ਲਈ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ।