ਲੋਕ ਮੋਰਚਾ ਪੰਜਾਬ ਵੱਲੋਂ ਰੂਸ- ਯੂਕਰੇਨ ਜੰਗ ਵਿਰੁੱਧ ਮਾਰਚ
ਅਸ਼ੋਕ ਵਰਮਾ
ਬਠਿੰਡਾ,9ਮਾਰਚ2022: ਲੋਕ ਮੋਰਚਾ ਪੰਜਾਬ ਨੇ ਰੂਸ-ਯੂਕਰੇਨ ਵਿਚਕਾਰ ਮਨੁੱਖਤਾ ਦੋਖੀ ਜੰਗ ਖਿਲਾਫ ਬਠਿੰਡਾ ’ਚ ਮਾਰਚ ਕੀਤਾ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ, ਮਜਦੂਰ, ਨੋਜਵਾਨ, ਠੇਕਾ ਕਾਮਿਆਂ, ਅਤੇ ਮੂਲਾਜਮਾਂ ਨੇ ਹਿੱਸਾ ਲਿਆ। ਇਸ ਮੌਕੇ ਜੰਗ ਵਿਰੁੱਧ ਬਣਦੀਆਂ ਮੰਗਾਂ ਲਈ ਲੋਕ ਲਹਿਰ ਉਸਾਰਨ ਤੇ ਸੰਘਰਸ਼ ਨੂੰ ਸਾਮਰਾਜੀ ਪ੍ਰਬੰਧ ਦੇ ਖਾਤਮੇ ਤੱਕ ਲੈ ਕੇ ਜਾਣ ਦਾ ਹੋਕਾ ਦਿੱਤਾ ਗਿਆ।ਇਕੱਤਰਤਾ ਨੂੰ ਸੰਬੋਧਨ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ ਨੇ ਕਿਹਾ ਕਿ ਇਸ ਜੰਗ ਦੇ ਸਿੱਧੇ ਤੇ ਅਸਿੱਧੇ ਮਾਰੂ ਪ੍ਰਭਾਵਾਂ ਨੇ ਨਾ ਸਿਰਫ ਯੂਕਰੇਨ ਤੇ ਰੂਸ ਦੇ ਲੋਕਾਂ ਦੀ ਜਾਨ ਫਿਕਰਾਂ ’ਚ ਪਾਈ ਹੋਈ ਹੈ ਬਲਕਿ ਦੁਨੀਆਂ ਦੇ ਲੋਕਾਂ ਦੇ ਸਾਹ ਸੂਤੇ ਹੋਏ ਹਨ।
ਉਨ੍ਹਾਂ ਕਿਹਾ ਕਿ ਇੱਥੋਂ ਪੜ੍ਹਨ ਗਏ ਵਿਦਿਆਰਥੀ ਤੇ ਉਹਨਾਂ ਦੇ ਮਾਪੇ ਤਾਂ ਸਿੱਧੇ ਹੀ ਮਾਰ ਹੇਠ ਆਏ ਹੋਏ ਹਨ। ਆਪਣੇ ਸੰਬੋਧਨ ਵਿਚ ਸਕੱਤਰ ਨੇ ਇਕੱਤਰਤਾ ਵਿੱਚ ਆਏ ਲੋਕਾਂ ਨੂੰ ਸੱਦਾ ਦਿੱਤਾ ਕਿ ਜੰਗ ਬੰਦ ਕਰਵਾਉਣ,ਰੂਸੀ ਫੌਜਾਂ ਯੂਕਰੇਨ ‘ਚੋਂ ਬਾਹਰ ਕਢਵਾਉਣ,ਯੂਕਰੇਨ ਦੀ ਸੰਸਾਰ ਸਾਮਰਾਜੀ ਧੜੇਬਾਜੀ ਤੋਂ ਦੂਰੀ ਬਣਵਾਉਣ, ਨਾਟੋ ਵਰਗੇ ਫੌਜੀ ਗੁੱਟ ਖਤਮ ਕਰਵਾਉਣ, ਗੁੱਟਬਾਜੀ ਦੀ ਦੌੜ ਵਿੱਚ ਸਰਹੱਦਾਂ ਉਪਰ ਤਾਇਨਾਤ ਕੀਤੀ ਫੌਜਾਂ ਤੇ ਮਿਜਾਇਲਾਂ ਵਾਪਸ ਭਿਜਵਾਉਣ, ਪ੍ਰਮਾਣੂੰ ਹਥਿਆਰ ਨਸ਼ਟ ਕਰਵਾਉਣ, ਫੌਜੀ ਬਜਟ ਰਕਮਾਂ ਲੋਕਾਂ ਦੀ ਭਲਾਈ ਉਪਰ ਖਰਚ ਕਰਵਾਉਣ ਲਈ ਆਵਾਜ ਉਠਾਉਣੀ ਚਾਹੀਦੀ ਹੈ ।
ਉਨ੍ਹਾਂ ਕਿਹਾ ਕਿ ਅਜਿਹੀਆਂ ਜੰਗਾਂ ਦੀ ਥਾਂ ਅਮਨ ਚੈਨ ਨਾਲ ਜਿੰਦਗੀ ਜਿਉਣ ਲਈ ਸਾਮਰਾਜੀ ਪ੍ਰਬੰਧ ਨੂੰ ਦੁਨੀਆਂ ਤੋਂ ਹੂੰਝ ਸੁੱਟਣਾ ਪੈਣਾ ਹੈ। ਇਸ ਮੌਕੇ ਨਿਰਮਲ ਸਿੰਘ ਸਿਵੀਆਂ ਨੇ ਇਨਕਲਾਬੀ ਗੀਤ ਗਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ । ਇਸ ਦੌਰਾਨ ਮੰਚ ਸੰਚਾਲਨ ਦੀ ਜਿੰਮੇਵਾਰੀ ਜਿਲ੍ਹਾ ਕਮੇਟੀ ਮੈਂਬਰ ਪਰਮਜੀਤ ਕੌਰ ਨੇ ਨਿਭਾਈ ਜਦੋਂ ਕਿ ਜਿਲ੍ਹਾ ਸਕੱਤਰ ਸੁਖਵਿੰਦਰ ਸਿੰਘ ਨੇ ਪ੍ਰੋਗਰਾਮ ’ਚ ਸ਼ਾਮਲ ਹੋਣ ਲਈ ਆਏ ਲੋਕਾਂ ਦਾ ਧੰਨਵਾਦ ਕੀਤਾ।