ਸਾਵਧਾਨ! ਘੱਗਰ ਚ ਮੁੜ ਵਧ ਰਿਹਾ ਪਾਣੀ, ਅਲਰਟ ਜਾਰੀ
ਪਟਿਆਲਾ, 22 ਜੁਲਾਈ 2023 - ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਹਾਲਾਤ ਆਮ ਵਾਂਗ ਹੁੰਦੇ ਜਾ ਰਹੇ ਹਨ, ਪਰ ਹਿਮਾਚਲ ਦੀਆਂ ਪਹਾੜੀਆਂ 'ਚ ਹੋਈ ਭਾਰੀ ਬਾਰਿਸ਼ ਤੋਂ ਬਾਅਦ ਘੱਗਰ ਨਦੀ ਦੇ ਪਾਣੀ ਦਾ ਪੱਧਰ ਇਕ ਵਾਰ ਫਿਰ ਤੋਂ ਵਧਣਾ ਸ਼ੁਰੂ ਹੋ ਗਿਆ ਹੈ। ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਵਿੱਚ ਘੱਗਰ ਵਿੱਚ ਪਾਣੀ ਵਧ ਗਿਆ ਹੈ। ਪੰਚਕੂਲਾ ਤੋਂ ਨਿਕਲ ਕੇ ਘੱਗਰ ਮੋਹਾਲੀ ਰਾਹੀਂ ਪੰਜਾਬ ਵਿੱਚ ਦਾਖ਼ਲ ਹੁੰਦਾ ਹੈ ਅਤੇ ਫਿਰ ਪਟਿਆਲਾ, ਸੰਗਰੂਰ, ਮਾਨਸਾ ਜ਼ਿਲ੍ਹਿਆਂ ਵਿੱਚੋਂ ਲੰਘਦਾ ਹੈ।
ਪੰਜਾਬ ਦੇ ਡੇਰਾਬੱਸੀ-ਮੋਹਾਲੀ ਦੇ ਭਾਂਖਰਪੁਰ ਘੱਗਰ ਨਦੀ ਵਿੱਚ ਪਾਣੀ ਦਾ ਪੱਧਰ ਦੋ ਘੰਟਿਆਂ ਵਿੱਚ 9.5 ਫੁੱਟ ਵਧਣ ਕਾਰਨ ਪਟਿਆਲਾ ਦੇ 10 ਪਿੰਡ ਖ਼ਤਰੇ ਵਿੱਚ ਹਨ। ਇਹ ਘੱਗਰ ਦਰਿਆ ਪਟਿਆਲਾ ਦੇ ਘਨੌਰ ਇਲਾਕੇ ਵਿੱਚੋਂ ਲੰਘਦਾ ਹੈ, ਇਸ ਲਈ ਜੇਕਰ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਵਧਦਾ ਹੈ ਤਾਂ ਪਟਿਆਲਾ ਜ਼ਿਲ੍ਹੇ ਦੇ 10 ਪਿੰਡ ਇਸ ਦੀ ਲਪੇਟ ਵਿੱਚ ਆ ਸਕਦੇ ਹਨ। ਪਾਣੀ ਦਾ ਪੱਧਰ ਵਧਣ ਦੀ ਸੂਚਨਾ ਮਿਲਦਿਆਂ ਹੀ ਡੀਸੀ ਪਟਿਆਲਾ ਸਾਕਸ਼ੀ ਸਾਹਨੀ ਨੇ ਤੁਰੰਤ ਇਲਾਕੇ ਦਾ ਦੌਰਾ ਕੀਤਾ।
ਲੋਕਾਂ ਨਾਲ ਗੱਲਬਾਤ ਕੀਤੀ। ਇੰਨਾ ਹੀ ਨਹੀਂ ਲੋਕਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੰਦੇ ਹੋਏ ਕਿਸੇ ਵੀ ਤਰ੍ਹਾਂ ਦੀ ਆਫਤ ਨਾਲ ਨਜਿੱਠਣ ਲਈ ਸੁਚੇਤ ਰਹਿਣ ਦੀ ਅਪੀਲ ਕੀਤੀ। ਇਸ ਦੌਰਾਨ ਡੀਸੀ ਦੇ ਨਾਲ ਜਲ ਸਰੋਤ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ। ਇਸ ਸਬੰਧੀ ਅਧਿਕਾਰਤ ਤੌਰ 'ਤੇ ਸਬੰਧਤ ਵਿਭਾਗਾਂ ਨੂੰ ਚਿਤਾਵਨੀ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ।
ਪੰਚਕੂਲਾ 'ਚ ਘੱਗਰ ਨਦੀ ਦਾ ਪਾਣੀ ਪੱਧਰ ਵਧਣ ਤੋਂ ਬਾਅਦ ਪਟਿਆਲਾ, ਮਾਨਸਾ ਅਤੇ ਹੋਰ ਜ਼ਿਲਿਆਂ ਦੇ ਨਾਲ ਲੱਗਦੇ ਇਲਾਕਿਆਂ 'ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਬਚਾਅ ਟੀਮਾਂ ਤੋਂ ਇਲਾਵਾ ਸਬੰਧਤ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੇ ਵੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਸਥਿਤੀ ਪਹਿਲਾਂ ਵਰਗੀ ਨਾ ਬਣ ਜਾਵੇ।