ਸੰਗਤਾਂ ਦਾ ਆਇਆ ਹੜ੍ਹ ,ਰਾਤੋ ਰਾਤ ਪੂਰਿਆ ਜਾਏਗਾ ਦੂਜਾ ਪਾੜ, ਵੀਡੀਓ ਵੀ ਵੇਖੋ
ਹੜ੍ਹਾਂ ਨਾਲ ਹੋਏ ਨੁਕਸਾਨ ਦੀ ਭਰਪਾਈ ਕਰੇਗੀ ਪੰਜਾਬ ਸਰਕਾਰ: ਮੰਤਰੀ ਕਟਾਰੂਚੱਕ
ਰੋਹਿਤ ਗੁਪਤਾ
ਗੁਰਦਾਸਪੁਰ, 18 ਅਗਸਤ, 2023: ਮੁਕੇਰੀਆਂ ਗੁਰਦਾਸਪੁਰ ਰੋਡ ’ਤੇ ਬਿਆਸ ਦਰਿਆ ਕਿਨਾਰੇ ਪੌਂਗ ਡੈਮ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਤਿੰਨ ਥਾਵਾਂ 'ਤੇ ਧੁੱਸੀ ਬੰਨ 'ਤੇ ਪਾੜ ਪੈ ਗਿਆ ਸੀ, ਜਿਸ ਕਾਰਨ ਗੁਰਦਾਸਪੁਰ ਦੇ ਦੀਨਾਨਗਰ ਹਲਕੇ ਦੇ ਕਈ ਪਿੰਡ ਹੜ੍ਹ ਦੇ ਪਾਣੀ ਦੀ ਲਪੇਟ 'ਚ ਆ ਗਏ। ਪਰ ਧੁੱਸੀ ਬੰਨ ਵਿਚ ਪਏ ਪਾੜਾਂ ਨੂੰ ਪੂਰਨ ਲਈ ਸੰਗਤਾਂ ਦਾ ਹੜ੍ਹ ਆ ਗਿਆ ਹੈ।
ਪ੍ਰਸ਼ਾਸਨ ਦਾ ਸਹਿਯੋਗ ਕਰਨ ਲਈ ਨੇੜੇ ਤੇੜੇ ਦੇ ਇਲਾਕਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੇ ਵੀ ਕਮਾਨ ਸੰਭਾਲ ਲਈ ਹੈ। ਲੋਕ ਦਿਨ ਰਾਤ ਧੁੱਸੀ ਬੰਨ ਨੂੰ ਠੀਕ ਕਰਨ 'ਚ ਲੱਗੇ ਹੋਏ ਹਨ। ਦੂਜੇ ਪਾਸੇ ਐਨਡੀ ਆਰ ਐਫ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਦੇ ਨਾਲ ਸਮਾਜ ਸੇਵੀ ਸੰਸਥਾਵਾਂ ਵੀ ਹੜ੍ਹ ਵਿਚ ਲੋਕਾਂ ਦੇ ਖਾਣ ਪੀਣ ਅਤੇ ਦਵਾਈਆਂ ਆਦਿ ਦੀ ਵੀ ਸੇਵਾ ਕਰਨ ਵਿੱਚ ਲੱਗੇ ਹੋਏ ਹਨ ਪਰ ਫੇਰ ਵੀ ਪ੍ਰਸ਼ਾਸਨਕ ਪ੍ਰਬੰਧਾਂ ਬਾਰੇ ਲੋਕਾਂ ਵਿੱਚ ਕਿਤੇ ਨਾ ਕਿਤੇ ਰੋਸ ਵੇਖਣ ਨੂੰ ਮਿਲ ਰਿਹਾ ਹੈ।
ਧੁੱਸੀ ਬੰਲ ਦੇ ਪਾੜ ਪੂਰਨ ਵਿੱਚ ਲੱਗੇ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਲੋਕ ਖੁਦ ਆਪਣੇ ਖਰਚੇ 'ਤੇ ਮਿੱਟੀ ਦੀਆਂ ਟਰਾਲੀਆਂ ਅਤੇ ਹੋਰ ਸਾਮਾਨ ਲੈ ਕੇ ਆ ਰਹੇ ਹਨ।ਸੰਗਤਾਂ ਵਿੱਚ ਇੰਨਾ ਉਤਸ਼ਾਹ ਹੈ ਕਿ ਕੁਝ ਲੋਕ ਤਾਂ ਮੋਟਰ ਸਾਈਕਲਾਂ ’ਤੇ ਮਿੱਟੀ ਦੀਆਂ ਭਰੀਆਂ ਦੋ ਤਿੰਨ ਬੋਰੀਆਂ ਰੱਖ ਕੇ ਲਿਆ ਰਹੇ ਹਨ। ਤੇਜ਼ ਵਹਾਅ ਦੇ ਬਾਵਜੂਦ ਵਹਾਅ ਦੇ ਅੱਗੇ ਖੜੋ ਕੇ ਸੰਗਤਾਂ ਨੇ ਮਿੱਟੀ ਦੀਆਂ ਬੋਰੀਆਂ ਦੇ ਪਹਾੜ ਖੜੇ ਕੀਤੇ ਹਨ ਜਿਸ ਕਾਰਨ ਤੇਜ਼ੀ ਨਾਲ ਪਾੜ ਪੂਰੇ ਜਾ ਰਹੇ ਹਨ ਅਤੇ ਇਕ ਪਾੜ ਨੂੰ ਠੀਕ ਕਰ ਦਿੱਤਾ ਗਿਆ ਹੈ।
ਦੂਜੇ ਰਾਤੋ ਰਾਤ ਠੀਕ ਕਰ ਦਿੱਤਾ ਜਾਵੇਗਾ ਅਤੇ ਸਵੇਰੇ ਉਹ ਸਾਰੇ ਤੀਜੇ ਅਤੇ ਸਭ ਤੋਂ ਵੱਡੇ ਪਾੜ ਨੂੰ ਪੂਰਨ ਦੇ ਕੰਮ ਵਿਚ ਲੱਗ ਜਾਣਗੇ।ਉਨ੍ਹਾਂ ਕਿਹਾ ਕਿ ਹੜ੍ਹ ਕਾਰਣ ਹੋਰ ਵੀ ਬਹੁਤ ਨੁਕਸਾਨ ਝੱਲਣਾ ਪੈ ਰਿਹਾ ਹੈ। ਖਾਸ ਕਰਕੇ ਡੰਗਰਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ ਅਤੇ ਉਹਨਾਂ ਦੇ ਖਾਣ ਲਈ ਚਾਰਾ ਜਰਾ ਵੀ ਨਹੀਂ ਬਚਿਆ ਹੈ। ਇਸ ਤੋਂ ਇਲਾਵਾ ਪੀਣ ਵਾਲੇ ਸਾਫ ਪਾਣੀ ਦੀ ਸਮੱਸਿਆ ਗਾਰੇ ਵਾਲਾ ਗੰਦਾ ਪਾਣੀ ਨਿਕਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਭਾਰਤੀ ਸੈਨਾ ਤੇ ਐਨ ਡੀ ਆਰ ਐਫ ਦੇ ਜਵਾਨ,ਪ੍ਰਸ਼ਾਸਨਕ ਅਧਿਕਾਰੀ, ਸਿਹਤ ਵਿਭਾਗ ਅਤੇ ਸਮਾਜ ਸੇਵੀ ਸੰਸਥਾਵਾਂ ਲੋਕਾਂ ਦੇ ਖਾਣ-ਪੀਣ ਅਤੇ ਹੋਰ ਜ਼ਰੂਰਤਾਂ ਦੀ ਪੂਰਤੀ ਕਰਨ ਵਿੱਚ ਲੱਗੇ ਹੋਏ ਹਨ ।
ਇਸ ਮੌਕੇ ਹੋ ਰਹੇ ਕੰਮ ਦਾ ਜਾਇਜ਼ਾ ਲੈਣ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪਾਣੀ ਘੱਟ ਰਿਹਾ ਹੈ ਅਤੇ ਸਰਕਾਰ ਵੱਲੋਂ ਪੀੜਤਾਂ ਨੂੰ ਹਰ ਤਰ੍ਹਾਂ ਦੀ ਮਦਦ ਦਿੱਤੀ ਜਾਵੇਗੀ, ਜੋ ਨੁਕਸਾਨ ਹੋਇਆ ਹੈ, ਸਰਕਾਰ ਉਸ ਦੀ ਪੂਰੀ ਭਰਪਾਈ ਕਰੇਗੀ।
https://www.facebook.com/watch/?v=2477999855706676&extid=CL-UNK-UNK-UNK-IOS_GK0T-GK1C&mibextid=2Rb1fB&ref=sharing