ਹਰ ਸਾਲ ਪੈਂਦੀ ਹੈ ਕਿਸਾਨਾਂ ਨੂੰ ਹੜ੍ਹ ਦੀ ਮਾਰ,ਪਰ ਕਿਸੇ ਸਰਕਾਰ ਨੇ ਵੀ ਨਹੀਂ ਕੱਢਿਆ ਕੋਈ ਹੱਲ
- ਕਿਸਾਨਾਂ ਵਲੋਂ ਆਪ ਉਗਰਾਹੀ ਕਰਕੇ ਬੰਨਿਆ ਗਿਆ ਸੀ ਆਰਜ਼ੀ ਬੰਨ੍ਹ,ਓਹ ਵੀ ਗਿਆ ਟੁੱਟ
- ਬਹੁਤੇ ਕਿਸਾਨਾਂ ਦੀ ਜ਼ਿਆਦਾ ਜ਼ਮੀਨ ਹੈ ਮੰਡ ਖੇਤਰ ਵਿੱਚ ਦਰਿਆ ਬਿਆਸ ਦੇ ਕੰਢੇ
- ਕਿਸਾਨਾਂ ਦੇ ਹੋਏ ਨੁਕਸਾਨ ਦਾ ਸਰਕਾਰ ਤੁਰੰਤ ਜਾਰੀ ਕਰੇ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ-ਕਿਸਾਨ ਆਗੂ
ਰਾਕੇਸ਼ ਨਈਅਰ ਦੀ ਰਿਪੋਰਟ
ਤਰਨਤਾਰਨ, 19 ਜੁਲਾਈ 2023 - ਦਰਿਆ ਬਿਆਸ ਨਾਲ ਲੱਗਦੇ ਨੇੜਲੇ ਪਿੰਡ ਚੰਬਾ ਕਲਾਂ,ਕੰਬੋ ਢਾਏ ਵਾਲਾ,ਧੁੰਨ ਢਾਏ ਵਾਲਾ,ਘੜ੍ਹਕਾ,ਕਰਮੂੰਵਾਲਾ,ਗੁੱਜਰਪੁਰਾ,ਮੁੰਡਾ ਪਿੰਡ,ਜੌਹਲ ਢਾਏ ਵਾਲਾ ਆਦਿ ਪਿੰਡ,ਮੰਡ ਖੇਤਰ ਵਿੱਚ ਬਿਆਸ ਦਰਿਆ ਦਾ ਪਾਣੀ ਚੜਨ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।ਕਿਸਾਨਾਂ ਦੀਆਂ ਫਸਲਾਂ ਜਿਵੇਂ ਝੋਨਾ,ਬਾਸਮਤੀ,ਚਾਰਾ ਆਦਿ ਸਭ ਬਰਬਾਦ ਹੋ ਗਏ।ਕਈ ਪਿੰਡਾਂ ਵਿੱਚ ਘਰਾਂ ਦਾ ਵੀ ਵੱਡਾ ਨੁਕਸਾਨ ਹੋਇਆ ਹੈ।ਜਿਸ ਨਾਲ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਨਜ਼ਰ ਆਉਂਦੇ ਹਨ।
ਇਸ ਪੱਤਰਕਾਰ ਵਲੋਂ ਮੰਡ ਖੇਤਰ ਦੇ ਪਿੰਡਾਂ ਦਾ ਦੌਰਾ ਕੀਤਾ ਗਿਆ ਤਾਂ ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਪਰਗਟ ਸਿੰਘ ਚੰਬਾ ਨੇ ਕਿਹਾ ਕਿ ਇਹ ਮਾਰ ਸਾਡੇ ਪਿੰਡਾਂ ਨੂੰ ਹਰ ਸਾਲ ਪੈ ਰਹੀ ਹੈ ਪਰ ਕਿਸੇ ਵੀ ਸਰਕਾਰ ਨੇ ਅਜੇ ਤੱਕ ਕੋਈ ਪੱਕਾ ਹੱਲ ਨਹੀਂ ਕੱਢਿਆ ਜਿਸ ਕਾਰਨ ਕਿਸਾਨ ਹਰ ਸਾਲ ਹੜ੍ਹ ਦੀ ਮਾਰ ਵੱਜਣ ਕਾਰਨ ਹੋਰ ਕਰਜਾਈ ਹੋ ਰਹੇ ਹਨ।ਉਨ੍ਹਾਂ ਕਿਹਾ ਕਿ ਸਾਡੇ ਪਿੰਡਾਂ ਦੀ ਜਮੀਨ ਜਿਆਦਾਤਰ ਮੰਡ ਖੇਤਰ ਵਿੱਚ ਪੈਂਦੀ ਹੈ ਜੋ ਕਿ ਮਾਲਕੀ ਹੈ ਪਰ ਜੋ ਕੋਈ ਥੋੜੀ ਬਹੁਤੀ ਆਮਦਨ ਸਾਨੂੰ ਉਪਰਲੀ(ਉਤਾਂਹ) ਵਾਲੀ ਜਮੀਨ ਵਿੱਚੋ ਆਉਂਦੀ ਹੈ ਉਹ ਵੀ ਅਸੀਂ ਮੰਡ ਵਾਲੀ ਜਮੀਨ ਵਿੱਚ ਲਗਾ ਦਿੰਦੇ ਹਾਂ ਜਿਸ ਨਾਲ ਪਿੰਡਾ ਦੇ ਕਿਸਾਨਾਂ ਨੂੰ ਦੋਹਰੀ ਮਾਰ ਪੈ ਰਹੀ ਹੈ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਜੇ ਤੱਕ ਸਾਨੂੰ ਪਿੱਛਲੇ ਸਾਲ ਦੇ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਵੀ ਨਹੀਂ ਮਿਲਿਆ।ਉਨ੍ਹਾਂ ਸਰਕਾਰ ਕੋਲੋ ਮੰਗ ਕੀਤੀ ਕੀਤੀ ਕਿ ਪੀੜ੍ਹਤ ਕਿਸਾਨਾਂ ਨੂੰ ਪਿੱਛਲੇ ਸਾਲ ਵਾਲਾ ਮੁਆਵਜਾ ਤੇ ਇਸ ਸਾਲ ਵਾਲਾ ਮੁਆਵਜਾ ਘੱਟੋ ਘੱਟ 50000 ਰੁਪਏ ਪ੍ਰਤੀ ਏਕੜ ਇੱਕ ਸੀਜ਼ਨ ਦਾ ਦਿੱਤਾ ਜਾਵੇ।ਜਿਸ ਨਾਲ ਕਿਸਾਨਾਂ ਦੀ ਕੁਝ ਨਾ ਕੁਝ ਭਰਪਾਈ ਹੋ ਸਕੇ। ਉਨ੍ਹਾਂ ਦੱਸਿਆ ਕਿ ਪਿੰਡ ਚੰਬਾ ਕਲਾਂ ਦੇ ਕਿਸਾਨਾਂ ਨੇ ਉਗਰਾਹੀ ਕਰਕੇ ਆਰਜੀ ਬੰਨ੍ਹ ਬੰਨਿਆਂ ਸੀ ਉਹ ਵੀ ਟੁੱਟ ਚੁੱਕਾ ਹੈ।ਇਸ ਮੌਕੇ ਗੁਰਨਾਮ ਸਿੰਘ,ਜੋਗਿੰਦਰ ਸਿੰਘ,ਗੁਰਮੁੱਖ ਸਿੰਘ,ਦਿਲਬਾਗ ਸਿੰਘ,ਪ੍ਰਮਜੀਤ ਸਿੰਘ,ਬਲਬੀਰ ਸਿੰਘ,ਮਹਿੰਦਰ ਸਿੰਘ,ਗੁਰਚੇਤਨ ਸਿੰਘ,ਜਗਤਾਰ ਸਿੰਘ,ਹਜਾਰਾ ਸਿੰਘ,ਸਵਿੰਦਰ ਸਿੰਘ,ਦਲਬੀਰ ਸਿੰਘ,ਦਲਜੀਤ ਸਿੰਘ,ਅਜੀਤਪਾਲ ਸਿੰਘ ਬਿੱਟੂ,ਨਿਰਮਲ ਸਿੰਘ,ਕਾਬਲ ਸਿੰਘ ਆਦਿ ਕਿਸਾਨ ਹਾਜ਼ਿਰ ਸਨ।