ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਰਾਹਤ ਟੀਮਾਂ ਮੁਸਤੈਦ, ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ - ਬੁੱਧ ਰਾਮ
- ਵਿਧਾਇਕ ਬੁੱਧ ਰਾਮ ਨੇ ਚਾਂਦਪੁਰਾ ਬੰਨ੍ਹ ’ਤੇ ਰਾਹਤ ਕਾਰਜਾਂ ਵਿਚ ਜੁਟੇ ਲੋਕਾਂ ਲਈ ਪਾਣੀ ਅਤੇ ਖਾਣਾ ਮੁਹੱਈਆ ਕਰਵਾਇਆ
- ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੀ ਸੁਰੱਖਿਆ ਤੇ ਸੁਵਿਧਾ ਲਈ ਵਚਨਬੱਧ
ਮਾਨਸਾ, 15 ਜੁਲਾਈ 2023 - ਹੜ੍ਹਾਂ ਦੀ ਸਥਿਤੀ ਵਿਚ ਮਗਨਰੇਗਾ ਲੇਬਰ, ਵਲੰਟੀਅਰਜ, ਐਨ ਜੀ ਓਜ ਅਤੇ ਇਲਾਕੇ ਦੇ ਲੋਕ ਰਾਹਤ ਕਾਰਜਾਂ ਵਿਚ ਜੁਟੇ ਹੋਏ ਹਨ। ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਅਤੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਨੇ ਘੱਗਰ ਦਰਿਆ ਦੇ ਚਾਂਦਪੁਰਾ ਬੰਨ੍ਹ ਨੂੰ ਦੁਬਾਰਾ ਬੰਨਣ ਵਿੱਚ ਲੱਗੇ ਇਲਾਕੇ ਦੇ ਲੋਕਾਂ ਲਈ ਪੀਣ ਵਾਲਾ ਪਾਣੀ ਅਤੇ ਖਾਣ ਪੀਣ ਦਾ ਸਮਾਨ ਦੇਣ ਮੌਕੇ ਕੀਤਾ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਮਾਨ ਨੂੰ ਮੌਕੇ ਦੀ ਸਥਿਤੀ ਬਾਰੇ ਜਾਣਕਾਰੀ ਭੇਜੀ ਜਾ ਚੁੱਕੀ ਹੈ ਅਤੇ ਇਸ ਬੰਨ੍ਹ ਨੂੰ ਬੰਦ ਕਰਾਉਣ ਲਈ ਮਿਲਟਰੀ ਦੇ ਹੜ੍ਹ ਰੋਕੂ ਦਸਤੇ ਨੂੰ ਭੇਜਣ ਲਈ ਵੀ ਕਿਹਾ ਗਿਆ ਹੈ। ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਇਸ ਕੁਦਰਤੀ ਆਫਤ ਮੌਕੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੀ ਸੁਰੱਖਿਆ ਅਤੇ ਸੁਵਿਧਾ ਲਈ ਵਚਨਬੱਧ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਚਾਂਦਪੁਰਾ ਬੰਨ੍ਹ ਨੂੰ ਦੁਬਾਰਾ ਬੰਦ ਕਰਨ ਲਈ ਲੋਕਾਂ ਨੂੰ ਲੋੜੀਂਦਾ ਸਮਾਨ ਅਤੇ ਸਾਧਨ ਮੁਹੱਈਆ ਕਰਾਉਣ ਵਿੱਚ ਕੋਈ ਢਿੱਲ ਮੱਠ ਨਾ ਕੀਤੀ ਜਾਵੇ।
ਉਨ੍ਹਾਂ ਚਾਂਦਪੁਰਾ ਬੰਨ੍ਹ ਨੂੰ ਦੁਬਾਰਾ ਬੰਨਣ ਵਿੱਚ ਲੱਗੇ ਹਲਕਾ ਬੁਢਲਾਡਾ ਦੇ ਪਿੰਡਾਂ ਦੇ ਵਸਨੀਕਾਂ ਦੀ ਹੌਸਲਾ ਅਫਜਾਈ ਕਰਦਿਆਂ ਉਨ੍ਹਾਂ ਵੱਲੋਂ ਦਿਨ ਰਾਤ ਮਿਹਨਤ ਨਾਲ ਕੰਮ ਕਰਨ ਦੀ ਸ਼ਲਾਘਾ ਕੀਤੀ। ਉਨ੍ਹਾਂ ਇਲਾਕੇ ਦੀਆਂ ਸਤਿਕਾਰਿਤ ਸਮਾਜ ਸੇਵੀ ਸੰਸਥਾਵਾਂ ਮਾਤਾ ਗੁਜਰੀ ਭਲਾਈ ਕੇਂਦਰ, ਨੇਕੀ ਫਾਉਂਡੇਸ਼ਨ, ਸ਼ਿਵ ਸ਼ਕਤੀ ਸੇਵਾ ਮੰਡਲ , ਆਸਰਾ ਫਾਉਂਡੇਸ਼ਨ, ਇੰਡੀਅਨ ਮੈਡੀਕਲ ਐਸੋਸ਼ੀਏਸ਼ਨ ਦੀ ਟੀਮ ਭਗਵਾਨ ਦਾਸ , ਜਨਕ ਰਾਜ ਅਤੇ ਸਾਰੇ ਕਲੱਬਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਆਫ਼ਤ ਦੀ ਘੜੀ ਵਿੱਚ ਪਾਣੀ ਦੀ ਮਾਰ ਹੇਠ ਆਉਣ ਵਾਲੇ ਪਿੰਡਾਂ ਵਿੱਚ ਵੱਧ ਤੋਂ ਵੱਧ ਮੱਦਦ ਕਰਨ ਲਈ ਨਿਰਸਵਾਰਥ ਸੇਵਾ ਭਾਵਨਾ ਨਾਲ ਅੱਗੇ ਆਉਣ।
ਉਨ੍ਹਾਂ ਕਿਹਾ ਕਿ ਇਲਾਕਾ ਨਿਵਾਸੀ ਵੀ ਨਿੱਜੀ ਤੌਰ ’ਤੇ ਸੇਵਾ ਭਾਵਨਾ ਨਾਲ ਇਨ੍ਹਾਂ ਸੰਸਥਾਵਾਂ ਨੂੰ ਸਹਿਯੋਗ ਕਰਨ ਤਾਂ ਜੋ ਮਾਲੀ ਨੁਕਸਾਨ ਦੇ ਨਾਲ ਨਾਲ ਜਾਨੀ ਨੁਕਸਾਨ ਤੋਂ ਵੀ ਬਚਾਅ ਕੀਤਾ ਜਾ ਸਕੇ। ਉਨ੍ਹਾਂ ਸਭ ਮੱਤਭੇਦ ਭੁਲਾ ਕੇ ਮਾਨਵਤਾ ਦੀ ਸੇਵਾ ਵਿੱਚ ਜੁਟਣ ਦੀ ਅਪੀਲ ਕੀਤੀ।