MLA ਰਣਬੀਰ ਭੁੱਲਰ ਵਰਦੇ ਮੀਂਹ ਵਿਚ ਅਧਿਕਾਰੀਆਂ ਨਾਲ ਦਰਿਆ ਦੇ ਬੰਨ੍ਹ 'ਤੇ ਡਟੇ
- ਸਤਲੁਜ ਦੇ ਧੁੱਸੀ ਬੰਨ ਨੂੰ ਕੋਈ ਖਤਰਾ ਨਹੀਂ,ਲੋਕ ਅਫਵਾਹਾਂ ਤੋਂ ਸੁਚੇਤ ਰਹਿਣ: ਰਣਬੀਰ ਭੁੱਲਰ
- ਜ਼ਿਲ੍ਹੇ ਦੇ ਪਿੰਡ ਹਬੀਬ ਕੇ ਸਮੇਤ ਕਈ ਪਿੰਡਾਂ ਦਾ ਕੀਤਾ ਦੌਰਾ
- ਸਤਲੁਜ ਦਰਿਆ ਦੇ ਨਾਲ ਲਗਦੇ ਪਿੰਡਾਂ ਦੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ
ਫਿਰੋਜ਼ਪੁਰ, 22 ਜੁਲਾਈ 2023 - ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਸਤਲੁਜ ਦਰਿਆ ਦੇ ਬੰਨ ਦਾ ਜਾਇਜ਼ਾ ਲੈਣ ਅਤੇ ਪਾਣੀ ਦੀ ਨਿਰਵਿਘਨ ਨਿਕਾਸੀ ਦੇ ਮੱਦੇਨਜ਼ਰ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਵੱਲੋਂ ਅਧਿਕਾਰੀਆਂ ਸਮੇਤ ਪਿੰਡ ਹਬੀਬ ਕੇ ਸਮੇਤ ਬੰਨ ਨਾਲ ਲੱਗਦੇ ਕਈ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਮੌਜੂਦਾ ਸਥਿਤੀ ਦਾ ਜਾਇਜਾ ਲਿਆ। ਇਸ ਮੌਕੇ ਉਨ੍ਹਾਂ ਨਾਲ ਐਸ ਡੀ ਐਮ ਗਗਨਦੀਪ ਸਿੰਘ , ਸ਼੍ਰੀ ਸੂਰਜ ਜੀ ਏ ਤੋਂ ਇਲਾਵਾ ਡਰੈਨੇਜ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।
ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਦੱਸਿਆ ਕਿ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡ ਹਬੀਬ ਕੇ ਸਮੇਤ ਬੰਨ ਨਾਲ ਲੱਗਦੇ ਕਈ ਪਿੰਡਾਂ ਦਾ ਅੱਜ ਉਨ੍ਹਾਂ ਵਲੋਂ ਦੌਰਾ ਕੀਤਾ ਗਿਆ ਹੈ ਤੇ ਮੌਕੇ ਦੀ ਸਥਿਤੀ ਕੰਟਰੋਲ ਵਿਚ ਹੈ| ਉਨ੍ਹਾਂ ਦੱਸਿਆ ਕਿ ਕਈ ਲੋਕਾਂ ਵੱਲੋਂ ਸ਼ੋਸ਼ਲ ਮੀਡੀਆ ਤੇ ਅਫਵਾਹ ਉਡਾਈ ਗਈ ਹੈ ਕਿ ਬੰਨ ਵਿਚ ਪਾੜ ਪੈ ਗਿਆ ਹੈ ਜੋ ਬਿਲਕੁਲ ਗਲਤ ਹੈ, ਉਨ੍ਹਾਂ ਕਿਹਾ ਲੋਕ ਅਜਿਹੀਆਂ ਅਫਵਾਹਾਂ ਤੋਂ ਸੁਚੇਤ ਰਹਿਣ| ਇਸ ਦੇ ਨਾਲ ਹੀ ਉਨ੍ਹਾਂ ਸਤਲੁਜ ਦਰਿਆ ਦੇ ਨਾਲ ਲਗਦੇ ਪਿੰਡਾਂ ਦੇ ਲੋਕਾਂ ਨੂੰ ਬਾਰਿਸ਼ ਦੇ ਮੌਸਮ ਨੂੰ ਦੇਖਦਿਆਂ ਚੌਕਸ ਰਹਿਣ ਦੀ ਅਪੀਲ ਵੀ ਕੀਤੀ।
ਉਨ੍ਹਾਂ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ 'ਤੇ ਕੀਤੇ ਪ੍ਰਬੰਧ ਕਾਰਜਾਂ ਦਾ ਜਾਇਜਾ ਵੀ ਲਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਅਧਿਕਾਰੀਆਂ ਨਾਲ ਜ਼ਿਲ੍ਹੇ ਦੀ ਸਥਿਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਹਨ ਤੇ ਲੋਕਾਂ ਨੂੰ ਕੋਈ ਦਿਕੱਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਜ਼ਿਲ੍ਹਾ ਪੱਧਰੀ ਫਲੱਡ ਕੰਟਰੋਲ ਰੂਮ ਨੰਬਰ 01632-244017 ਸਥਾਪਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਐਕਸੀਐਨ ਡਰੇਨੇਜ਼ ਫ਼ਿਰੋਜ਼ਪੁਰ ਦਾ ਕੰਟਰੋਲ ਰੂਮ ਨੰਬਰ 01632-245366 ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀ ਬਰਸਾਤੀ ਪਾਣੀ/ ਹੜ੍ਹ ਨਾਲ ਸਬੰਧਤ ਸਥਿਤੀ ਵਿੱਚ ਉਕਤ ਨੰਬਰਾਂ 'ਤੇ ਸੰਪਰਕ ਕਰਕੇ ਮਦਦ ਲੈ ਸਕਦੇ ਹਨ।
ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਸ੍ਰੀ ਬਲਰਾਜ ਸਿੰਘ ਕਟੋਰਾ, ਸ੍ਰੀ ਹਿਮਾਂਸ਼ੂ ਠੱਕਰ, ਸ੍ਰੀ ਸੁਖਵਿੰਦਰ ਸਿੰਘ ਬਸਤੀ ਰਾਮ ਲਾਲ, ਸ੍ਰੀ ਜਸਬੀਰ ਸਿੰਘ ਜੋਸਨ ਤੋਂ ਇਲਾਵਾ ਆਪ ਵਰਕਰ ਹਾਜ਼ਰ ਸਨ|