Lok Sabha Elections: ਭਾਜਪਾ ਵੱਲੋਂ ਫ਼ਤਿਹਗੜ੍ਹ ਸਾਹਿਬ ਲਈ ਤਿੰਨ ਨਾਵਾਂ ਦਾ ਪੈਨਲ ਤਿਆਰ ਕੀਤੇ ਜਾਣ ਦੀ ਖ਼ਬਰ, ਸਾਬਕਾ IPS ਅਫ਼ਸਰ ਪਹਿਲੇ ਨੰਬਰ 'ਤੇ
ਚੰਡੀਗੜ੍ਹ, 25 ਅਪ੍ਰੈਲ 2024- ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਨੇ ਆਪਣਾ ਉਮੀਦਵਾਰ ਐਲਾਨਣ ਦੀ ਪੂਰੀ ਤਿਆਰੀ ਕਰ ਲਈ ਹੈ। ਪਤਾ ਲੱਗਿਆ ਹੈ ਕਿ, ਭਾਜਪਾ ਨੇ ਤਿੰਨ ਆਗੂਆਂ ਦੇ ਨਾਮ ਸ਼ਾਰਟ ਲਿਸਟ ਕੀਤੇ ਹਨ।
ਭਾਜਪਾ ਦੇ ਅੰਦਰੂਨੀ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ, ਪੰਜਾਬ ਕਾਡਰ ਦੇ ਇੱਕ ਸਾਬਕਾ ਆਈਪੀਐਸ ਅਫ਼ਸਰ ਇਕਬਾਲ ਪ੍ਰੀਤ ਸਿੰਘ ਸਹੋਤਾ ਦਾ ਨਾਮ ਤਿੰਨ ਆਗੂਆਂ ਵਿਚੋਂ ਸਭ ਤੋਂ ਪਹਿਲੇ ਨੰਬਰ 'ਤੇ ਹੈ। ਜਾਣਕਾਰੀ ਲਈ ਦੱਸ ਦਈਏ ਕਿ, ਇਸ ਪੈਨਲ ਵਿੱਚ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਹੀ ਪੁਰਾਣੇ ਭਾਜਪਾ ਵਰਕਰ ਦੀ ਧੀ ਨਾਮ ਅਤੇ ਇੱਕ ਨਾਮਵਰ ਗੀਤਕਾਰ ਦਾ ਨਾਮ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਰਿੰਕੂ ਅਟਵਾਲ ਅਤੇ ਸਾਬਕਾ ਆਈਏਐਸ ਐਸ. ਆਰ ਲੱਧਰ ਦਾ ਨਾਮ ਲਿਸਟ ਵਿਚ ਸ਼ਾਮਲ ਦੱਸਿਆ ਜਾ ਰਿਹਾ ਹੈ। ਇਹ ਭਾਜਪਾ ਆਗੂ ਵੀ ਚੋਣ ਲੜਨ ਦੇ ਚਾਹਵਾਨ ਹਨ।
ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ, ਭਾਜਪਾ ਨੇ ਹੁਣ ਤਕ ਸੂਬੇ ਦੇ ਨੌਂ ਲੋਕ ਸਭਾ ਹਲਕਿਆਂ ਵਿਚ ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰ ਦਿੱਤੇ ਗਏ ਹਨ। ਭਾਜਪਾ ਵੱਲੋਂ ਦੋ ਅਜਿਹੇ ਉਮੀਦਵਾਰਾਂ ਨੂੰ ਟਿਕਟ ਦਿੱਤੀ ਗਈ ਹੈ ਜਿਹੜੇ ਕਿ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋਏ ਹਨ, ਜਿਨ੍ਹਾਂ ਵਿਚ ਪਟਿਆਲਾ ਤੋਂ ਪਰਨੀਤ ਕੌਰ ਅਤੇ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਸ਼ਾਮਿਲ ਹਨ। ਜਦੋਂਕਿ ਸੁਸ਼ੀਲ ਰਿੰਕੂ ਦੇ ਮੁੜ ਭਾਜਪਾ ਵਿਚ ਸ਼ਾਮਿਲ ਹੋਣ ਤੋਂ ਬਾਅਦ ਜਲੰਧਰ ਤੋਂ ਉਮੀਦਵਾਰ ਬਣਾਇਆ ਗਿਆ ਹੈ।
ਭਾਜਪਾ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤਰਨਜੀਤ ਸਿੰਘ ਸੰਧੂ, ਬਠਿੰਡਾ ਲੋਕ ਸਭਾ ਹਲਕੇ ਤੋਂ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਨੂੰ ਟਿਕਟ ਦਿੱਤੀ ਹੈ ਜਦੋਂਕਿ ਹੁਸ਼ਿਆਰਪੁਰ ਤੋਂ ਅਨੀਤਾ ਸੋਮ ਪ੍ਰਕਾਸ਼, ਖਡੂਰ ਸਾਹਿਬ ਤੋਂ ਮਨਜੀਤ ਸਿੰਘ ਮੰਨਾ, ਫ਼ਰੀਦਕੋਟ ਤੋਂ ਗਾਇਕ ਹੰਸ ਰਾਜ ਹੰਸ, ਗੁਰਦਾਸਪੁਰ ਤੋਂ ਦਿਨੇਸ਼ ਬੱਬੂ ਨੂੰ ਮੈਦਾਨ ਵਿਚ ਉਤਾਰਿਆ ਹੈ।