ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਦੇ ਸੈਂਕਡ਼ੇ ਮੈਂਬਰ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ
- ‘ਆਪ’ ਦੇ ਸੂਬਾ ਜਨਰਲ ਸਕੱਤਰ ਨੇ ਪਾਰਟੀ ਵਿੱਚ ਕਰਵਾਇਆ ਸ਼ਾਮਲ
ਜੀ ਐਸ ਪੰਨੂ
ਪਟਿਆਲਾ, 30 ਮਈ 2024:- ਪਟਿਆਲਾ ਵਿੱਚ ਹਰ ਰੋਜ ਵੱਡੀ ਗਿਣਤੀ ਵਿੱਚ ਲੋਕ ਆਮ ਆਦਮੀ ਪਾਰਟੀ (ਆਪ) ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਪਾਰਟੀ ਵਿੱਚ ਸਾਮਲ ਹੋ ਰਹੇ ਹਨ। ਲੋਕ ਸਭਾ ਹਲਕਾ ਪਟਿਆਲਾ ਦੇ ਮੁੱਖ ਚੋਣ ਦਫ਼ਤਰ ਵਿਖੇ ਅੱਜ ਸਾਬਕਾ ਡੀ ਐੱਸ ਪੀ ਰਜਿੰਦਰਪਾਲ ਆਨੰਦ ਦੇ ਨਾਲ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਦੇ ਸੈਂਕਡ਼ੇ ਮੈਂਬਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਜਿਨ੍ਹਾਂ ਨੂੰ ‘ਆਪ’ ਪੰਜਾਬ ਦੇ ਜਨਰਲ ਸਕੱਤਰ ਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਪਾਰਟੀ ਵਿੱਚ ਸ਼ਾਮਲ ਕਰਵਾਇਆ। ‘ਆਪ’ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਗੁਰਮਿੰਦਰ ਸਿੰਘ, ਗੁਰਮੀਤ ਸਿੰਘ, ਸੁਖਵਿੰਦਰ ਸਿੰਘ, ਅਮਨਦੀਪ, ਹਰਜਿੰਦਰ, ਸਤਨਾਮ, ਕੁਲਵਿੰਦਰ, ਵਲੈਤ ਸਿੰਘ ਤੇ ਹੋਰ ਸ਼ਾਮਲ ਹੋਵੇ ਹਨ।
ਇਸ ਮੌਕੇ ਬਰਸਟ ਨੇ ਕਿਹਾ ਕਿ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ। ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਦੇ ਪੂਰੇ ਪੰਜਾਬ ਦੇ ਜਿੰਨੇ ਵੀ ਅਹੁਦੇਦਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ, ਉਨ੍ਹਾਂ ਸਾਰਿਆਂ ਦਾ ਸਵਾਗਤ ਕਰਦਿਆਂ ਬਰਸਟ ਨੇ ਕਿਹਾ ਕਿ ਮੈਂ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਾਰੇ ਆਗੂਆਂ ਦਾ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਸਵਾਗਤ ਕਰਦਾ ਹਾਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਵਿਚਾਰਧਾਰਾ ਹੈ, ਜਿਹਡ਼ੀ ਆਮ ਲੋਕਾਂ ਦੀ ਭਲਾਈ ਵਾਸਤੇ ਕੰਮ ਕਰਦੀ ਹੈ।
‘ਆਪ’ ਪੰਜਾਬ ਦੇ ਜਨਰਲ ਸਕੱਤਰ ਨੇ ਕਿਹਾ ਕਿ ਸਾਬਕਾ ਡੀਐੱਸਪੀ ਰਜਿੰਦਰਪਾਲ ਆਨੰਦ ਬੜੇ ਚੰਗੇ ਤੇ ਇਮਾਨਦਾਰ ਅਧਿਕਾਰੀ ਰਹੇ ਹਨ, ਜਿਨ੍ਹਾਂ ਨੇ ਹਮੇਸ਼ਾ ਹੀ ਲੋਕ ਹਿੱਤ ਵਿੱਚ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਪਾਰਟੀ ਪਹਿਲਾਂ ਦਿੱਲੀ ਵਿੱਚ ਅਤੇ ਹੁਣ ਪੰਜਾਬ ਵਿੱਚ ਵੀ ਲੋਕ ਹਿੱਤ ਵਿੱਚ ਕੰਮ ਕਰਦੀ ਆ ਰਹੀ ਹੈ। ਇਸੇ ਲਈ 1 ਜੂਨ ਨੂੰ ‘ਆਪ’ ਦੇ ਸਾਰੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਕਾਮਯਾਬ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਿਛਲੋ ਲੰਬੇ ਸਮੇਂ ਤੋਂ ਦੇਸ਼ ਦੇ ਵਿੱਚ ਭਾਜਪਾ ਦੇ ਆਗੂ ਭਾਵੇ ਮਾਨਯੋਗ ਨਰਿੰਦਰ ਮੋਦੀ ਜੀ ਨੇ ਤੇ ਭਾਵੇਂ ਅਮਿਤ ਸ਼ਾਹ, ਝੂਠ ਬੋਲ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਇਸ ਤਰ੍ਹਾਂ ਕਹਿ ਰਹੇ ਹਨ, ਜਿਵੇਂ ਧਰਤੀ ਦੇ ਉੱਤੇ ਪਹਿਲੀ ਵਾਰ ਇਹੀ ਆਏ ਹਨ, ਜਿਨ੍ਹਾਂ ਨੇ ਭਾਰਤ ਦੇ ਵਿੱਚ ਆ ਕੇ ਕੋਈ ਕੰਮ ਕੀਤਾ ਹੈ। ਉਹ ਇਦਾਂ ਦੀਆਂ ਗੱਲਾਂ ਕਰਦੇ ਹਨ, ਜਿਵੇਂ ਪਿਛਲੇ 70 ਸਾਲਾਂ ਚ ਕੁਝ ਨਹੀਂ ਹੋਇਆ, ਸਾਰਾ ਕੁਝ ਇਹੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਨੇ ਸੱਤਾ ਵਿੱਚ ਆਉਂਦੀਆਂ ਹੀ ਲੋਕ ਹਿੱਤ ਵਿੱਚ ਕੰਮ ਕਰਨੇ ਸ਼ੁਰੂ ਕੀਤੇ ਹਨ। ‘ਆਪ’ ਪੰਜਾਬ ਦੇ ਜਨਰਲ ਸਕੱਤਰ ਨੇ ਲੋਕਾਂ ਨੂੰ 1 ਜੂਨ ਨੂੰ ‘ਆਪ’ ਉਮੀਦਵਾਰਾਂ ਨੂੰ ਵੋਟ ਪਾ ਕੇ ਕਾਮਯਾਬ ਕਰਨ ਦੀ ਅਪੀਲ ਕੀਤੀ।