ਹੁਸ਼ਿਆਰਪੁਰ ਜ਼ਿਲ੍ਹੇ ’ਚ ਸ਼ਾਂਤੀਪੂਰਵਕ ਮੁਕੰਮਲ ਹੋਇਆ ਮਤਦਾਨ: ਜ਼ਿਲ੍ਹਾ ਚੋਣ ਅਫ਼ਸਰ ਨੇ ਵੋਟਰਾਂ, ਪੋਲਿੰਗ ਸਟਾਫ਼ ਅਤੇ ਵੱਖ-ਵੱਖ ਟੀਮਾਂ ਦਾ ਕੀਤਾ ਧੰਨਵਾਦ
- ਕਿਹਾ, 4 ਜੂਨ ਨੂੰ ਸਖਤ ਸੁਰੱਖਿਆ ਪ੍ਰਬੰਧਾਂ ’ਚ ਹੋਵੇਗੀ ਵੋਟਾਂ ਦੀ ਗਿਣਤੀ
- ਡਿਪਟੀ ਕਮਿਸ਼ਨਰ ਨੇ ਖ਼ੁਦ ਲਾਈਨ ਵਿਚ ਲੱਗ ਕੇ ਪਾਈ ਵੋਟ
- ਪੋਲ ਐਕਟੀਵਿਟੀ ਮਾਨੀਟਰਿੰਗ ਸਿਸਟਮ ਰੂਮ ਤੋਂ ਲਿਆ ਪੋਲਿੰਗ ਬੂਥਾਂ ਦਾ ਜਾਇਜ਼ਾ
- ਅਬਜ਼ਰਵਰਾਂ ਅਤੇ ਐਸ. ਐਸ. ਪੀ ਸਮੇਤ ਬੂਥਾਂ ਦਾ ਕੀਤਾ ਦੌਰਾ
ਹੁਸ਼ਿਆਰਪੁਰ, 1 ਜੂਨ 2024 - ਹੁਸ਼ਿਆਰਪੁਰ ਜ਼ਿਲ੍ਹੇ ਵਿਚ ਲੋਕ ਸਭਾ ਚੋਣਾਂ ਲਈ ਮਤਦਾਨ ਪ੍ਰਕਿਰਿਆ ਸ਼ਾਂਤੀਪੂਰਵਕ ਢੰਗ ਨਾਲ ਮੁਕੰਮਲ ਹੋ ਗਈ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਨਿਰਪੱਖ, ਪਾਰਦਰਸ਼ੀ ਅਤੇ ਬਿਨਾਂ ਕਿਸੇ ਡਰ-ਭੈਅ ਤੋਂ ਚੋਣਾਂ ਕਰਵਾਉਣ ਲਈ ਐਸ.ਐਸ.ਪੀ ਸੁਰੇਂਦਰ ਲਾਂਬਾ ਨਾਲ ਜਿਥੇ ਅੱਜ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ ਕਰਕੇ ਪੋਲਿੰਗ ਪ੍ਰਕਿਰਿਆ ਦਾ ਜਾਇਜ਼ਾ ਲਿਆ, ਉਥੇ ਉਨ੍ਹਾਂ ਵੱਲੋਂ ਲੋਕ ਸਭਾ ਦੇ ਸਾਰੇ 1963 ਬੂਥਾਂ ’ਤੇ ਸਖਤ ਨਿਗਰਾਨੀ ਵੀ ਰੱਖੀ ਜਾ ਰਹੀ ਸੀ, ਜਿਸ ਦੇ ਚੱਲਦਿਆਂ ਜ਼ਿਲ੍ਹੇ ਵਿਚ ਸ਼ਾਂਤੀਪੂਰਵਕ ਮਤਦਾਨ ਮੁਕੰਮਲ ਹੋ ਸਕਿਆ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਵਿਧਾਨ ਸਭਾ ਹਲਕਾ 43-ਹੁਸ਼ਿਆਰਪੁਰ ਦੇ ਨਗਰ ਸੁਧਾਰ ਟਰੱਸਟ ਦੇ ਦਫ਼ਤਰ ਵਿਚ ਬਣੇ ਬੂਥ ’ਤੇ ਲਾਈਨ ਵਿਚ ਲੱਗ ਕੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਉਨ੍ਹਾਂ ਜਿਥੇ ਵੋਟ ਪਾਉਣ ਆਏ ਵੋਟਰਾਂ ਦਾ ਉਤਸ਼ਾਹ ਵਧਾਇਆ, ਉਥੇ ਪੋਲਿੰਗ ਸਟਾਫ਼ ਦੀ ਹੌਂਸਲਾ ਅਫਜ਼ਾਈ ਵੀ ਕੀਤੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਪੂਰੇ ਉਤਸ਼ਾਹ ਨਾਲ ਮਤਦਾਨ ਕਰਨ ਵਾਲੇ ਵੋਟਰਾਂ ਦਾ ਧੰਨਵਾਦ ਕਰਨ ਦੇ ਨਾਲ-ਨਾਲ ਵੋਟ ਪ੍ਰਕਿਰਿਆ ਨੂੰ ਸਫ਼ਲ ਬਣਾਉਣ ਲਈ ਪੋਲਿੰਗ ਸਟਾਫ਼, ਵੱਖ-ਵੱਖ ਟੀਮਾਂ, ਸੈੱਲਾਂ ਅਤੇ ਪੁਲਿਸ ਪ੍ਰਸ਼ਾਸਨ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ-2024 ਦੇ ਮਤਦਾਲ ਲਈ ਹੋਈ ਵੋਟਿੰਗ ਉਪਰੰਤ 4 ਜੂਨ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ, ਮੁਕੇਰੀਆਂ, ਦਸੂਹਾ, ਉੜਮੁੜ, ਚੱਬੇਵਾਲ, ਭੁਲੱਥ ਅਤੇ ਫਗਵਾੜਾ ਦੀ ਗਿਣਤੀ ਰਿਆਤ ਬਾਹਰਾ ਗਰੁੱਪ ਆਫ਼ ਇੰਸਟੀਚਿਊਟ ਹੁਸ਼ਿਆਰਪੁਰ ਵਿਖੇ ਹੋਵੇਗੀ, ਜਦਕਿ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਅਤੇ ਸ਼ਾਮ ਚੁਰਾਸੀ ਦੀ ਗਿਣਤੀ ਮਲਟੀ ਸਕਿੱਲ ਡਿਵੈਲਪਮੈਂਟ ਕੇਂਦਰ, ਆਈ.ਟੀ.ਆਈ. ਹੁਸ਼ਿਆਰਪੁਰ ਵਿਖੇ ਹੋਵੇਗੀ। ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਪੁਖਤਾ ਇੰਤਜ਼ਾਮ ਕੀਤੇ ਗਏ ਸਨ, ਜਿਸ ਦੇ ਚੱਲਦਿਆਂ ਜ਼ਿਲ੍ਹੇ ਵਿਚ ਨਿਰਪੱਖ, ਆਜ਼ਾਦ ਅਤੇ ਸ਼ਾਂਤੀਪੂਰਵਕ ਮਤਦਾਨ ਸਫ਼ਲ ਹੋ ਸਕਿਆ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਚ ਪੋਲ ਐਕਟੀਵਿਟੀ ਮਾਨੀਟਰਿੰਗ ਸਿਸਟਮ ਰੂਮ ਰਾਹੀਂ ਜ਼ਿਲ੍ਹੇ ਦੇ ਸਾਰੇ ਬੂਥਾਂ ਵਿਸ਼ੇਸ਼ ਤੌਰ ’ਤੇ ਸੰਵੇਦਨਸ਼ੀਲ ਪੋਲਿੰਗ ਬੂਥਾਂ ਦਾ ਜਾਇਜ਼ਾ ਲਿਆ। ਉਨ੍ਹਾਂ ਵੈਬਕਾਸਟਿੰਗ ਦੁਆਰਾ ਬੂਥਾਂ ਦਾ ਜਾਇਜ਼ਾ ਲੈਣ ਦੌਰਾਨ ਸਬੰਧਤ ਪ੍ਰੀਜਾਈਡਿੰਗ ਅਫ਼ਸਰਾਂ ਨਾਲ ਫੋਨ ਤੇ ਗੱਲਬਾਤ ਵੀ ਕੀਤੀ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮਤਦਾਨ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਚੋਣਵੇਂ ਪੋਲਿੰਗ ਬੂਥਾਂ ਦੀ ਚੈਕਿੰਗ ਕਰਨ ਦੌਰਾਨ ਸਬੰਧਤ ਚੋਣ ਸਟਾਫ਼ ਨੂੰ ਪੂਰੀ ਜ਼ਿੰਮੇਵਾਰੀ ਅਤੇ ਨਿਯਮਾਂ ਮੁਤਾਬਕ ਡਿਊਟੀ ਨਿਭਾਉਣ ਲਈ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਬੂਥ ’ਤੇ ਕੋਈ ਸਮੱਸਿਆ ਸਾਹਮਣੇ ਆਉਂਦੀ ਹੈ, ਤਾਂ ਤੁਰੰਤ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਐਸ.ਐਸ.ਪੀ ਸੁਰੇਂਦਰ ਲਾਂਬਾ ਨੇ ਜਨਰਲ ਅਬਜ਼ਰਵਰ ਡਾ. ਆਰ. ਆਨੰਦਕੁਮਾਰ ਅਤੇ ਖਰਚਾ ਅਬਜ਼ਰਵਰ ਪਵਨ ਕੁਮਾਰ ਖੇਤਾਨ ਨਾਲ ਸਰਕਾਰੀ ਕੰਨਿਆ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਦੇ ਬੂਥਾਂ ਦਾ ਦੌਰਾ ਕਰਕੇ ਮਤਦਾਨ ਪ੍ਰਕਿਰਿਆ ਦਾ ਜਾਇਜ਼ਾ ਵੀ ਲਿਆ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਸਵੇਰੇ 9 ਵਜੇ ਤੱਕ ਲੋਕ ਸਭਾ ਹਲਕਾ ਹੁਸ਼ਿਆਰਪੁਰ ਵਿਚ ਵੋਟਿੰਗ ਪ੍ਰਤੀਸ਼ਤ 9.66, ਸਵੇਰੇ 11 ਵਜੇ ਤੱਕ 22.74 ਫੀਸਦੀ, ਦੁਪਹਿਰ 1 ਵਜੇ ਤੱਕ 37.07 ਫੀਸਦੀ, ਦੁਪਹਿਰ 3 ਵਜੇ ਤੱਕ 44.65 ਫੀਸਦੀ, ਸ਼ਾਮ 5 ਵਜੇ ਤੱਕ 52.39 ਫੀਸਦੀ ਮਤਦਾਨ ਹੋਇਆ ਸੀ।