ਲੋਕ ਸਭਾ ਚੋਣਾਂ ਲਈ ਪੈ ਰਹੀਆਂ ਵੋਟਾਂ ਲਈ ਪੋਲਿੰਗ ਪਾਰਟੀਆਂ ਰਵਾਨਾ
- ਹਰੇਕ ਵੋਟਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਜਰੂਰ ਕਰੇ
ਰੋਹਿਤ ਗੁਪਤਾ
ਬਟਾਲਾ, 31 ਮਈ 2024 - ਕੱਲ੍ਹ ਪਹਿਲੀ ਜੂਨ ਹੋ ਰਹੀਆਂ ਲੋਕ ਸਭਾ ਚੋਣਾਂ ਲਈ ਪੈ ਰਹੀ ਵੋਟਾਂ ਲਈ ਵੱਖ-ਵੱਖ ਪੋਲਿੰਗ ਬੂਥਾਂ ਲਈ ਪੋਲਿੰਗ ਪਾਰਟੀਆਂ ਰਵਾਨਾ ਹੋ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਸ਼ਾਇਰੀ ਭੰਡਾਰੀ ਐਸ.ਡੀ.ਐਮ-ਕਮ-ਏ.ਆਰ.ਓ ਬਟਾਲਾ ਨੇ ਦੱਸਿਆ ਕਿ ਅੱਜ ਸਥਾਨਕ ਬੇਰਿੰਗ ਕਾਲਜ ਬਟਾਲਾ ਤੋਂ ਪੋਲਿੰਗ ਪਾਰਟੀਆਂ ਰਵਾਨਾ ਕੀਤੀਆਂ ਗਈਆਂ ਹਨ। ਉਨਾਂ ਦੱਸਿਆ ਕਿ ਬਟਾਲਾ ਵਿਧਾਨ ਸਭਾ ਹਲਕਾ ਲਈ ਕੁਲ 201 ਪੋਲਿੰਗ ਬੂਥ ਸਥਾਪਤ ਕੀਤੇ ਹਨ ਅਤੇ ਪੋਲਿੰਗ ਪਾਰਟੀਆਂ ਈ.ਵੀ.ਐਮ ਮਸ਼ੀਨਾਂ ਤੇ ਚੋਣ ਸਮੱਗਰੀ ਲੈ ਕੇ ਪੋਲਿੰਗ ਸਟੇਸ਼ਨਾਂ ਲਈ ਰਵਾਨਾ ਕੀਤੀਆਂ ਗਈਆਂ ਹਨ। ਇੱਕ ਪੋਲਿੰਗ ਪਾਰਟੀ ਵਿੱਚ ਕੁਲ ਚਾਰ ਚੋਣ ਕਰਮਚਾਰੀ ਸ਼ਾਮਲ ਹਨ। ਜਿਨਾਂ ਵਿੱਚ ਇੱਕ ਪੋਲਿੰਗ ਅਫਸਰ, ਇੱਕ ਸਹਾਇਕ ਪੋਲਿੰਗ ਅਫਸਰ ਅਤੇ ਦੋ ਜਨਰਲ ਕਰਮਚਾਰੀ ਸ਼ਾਮਲ ਹਨ। ਕਰੀਬ 1100 ਕਰਮਚਾਰੀ ਚੋਣ ਡਿਊਟੀ ’ਤੇ ਤਾਇਨਾਤ ਕੀਤੇ ਗਏ ਹਨ।
ਐਸ.ਡੀ. ਐਮ ਬਟਾਲਾ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਵਿਸ਼ੇਸ ਸਾਰੰਗਲ ਦੇ ਦਿਸ਼ਾ ਨਿਰਦੇਸ਼ ਤਹਿਤ ਚੋਣਾਂ ਪੂਰੀ ਤਰਾਂ ਨਿਰਪੱਖ ਅਤੇ ਅਜ਼ਾਦ ਮਾਹੌਲ ਵਿੱਚ ਕਰਵਾਈਆਂ ਜਾਣਗੀਆਂ। ਸਾਰੇ ਪੋਲਿੰਗ ਬੂਥਾਂ ਉੱਪਰ ਪੰਜਾਬ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਅਮਨ ਸਾਂਤੀ ਦਾ ਮਾਹੋਲ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ।
ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਕੱਲ੍ਹ 1 ਜੂਨ ਨੂੰ ਬਿਨ੍ਹਾਂ ਕਿਸੇ ਲਾਲਚ ਜਾਂ ਡਰ-ਭੈਅ ਦੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਜਰੂਰ ਕਰਨ। ਵੋਟਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ। ਉਨ੍ਹਾਂ ਕਿਹਾ ਕਿ ਵੋਟਰਾਂ ਦੀ ਵੱਧ ਤੋਂ ਵੱਧ ਭਾਗੀਦਾਰ ਸਾਡੇ ਲੋਕਤੰਤਰ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਲੋਕ ਆਪਣੀ ਇੱਛਾ ਅਨੁਸਾਰ ਆਪਣੀ ਸਰਕਾਰ ਚੁਣਨਗੇ।