ਚੋਣਾਂ ਦੌਰਾਨ ਅੰਗਰੇਜ਼ੀ ਸ਼ਰਾਬ ਫੜੇ ਜਾਣ ਦੇ ਮਾਮਲੇ ਵਿੱਚ ਐਕਸਾਈਜ਼ ਵਿਭਾਗ ਦੀ ਕਾਰਵਾਈ ਢਿੱਲੀ ਕਿਉਂ ?
ਰੋਹਿਤ ਗੁਪਤਾ
ਗੁਰਦਾਸਪੁਰ 30 ਮਈ 2024 - ਚੋਣ ਕਮਿਸ਼ਨ ਵੱਲੋਂ ਚੋਣਾਂ ਵਿੱਚ ਵੋਟਰਾਂ ਨੂੰ ਲੁਭਾਉਣ ਲਈ ਰਾਜਨੀਤਿਕ ਆਗੂਆਂ ਜਾਂ ਪਾਰਟੀਆਂ ਵੱਲੋਂ ਸ਼ਰਾਬ ਅਤੇ ਪੈਸੇ ਦੀ ਵਰਤੋਂ ਨਾ ਕੀਤੇ ਜਾਣ ਨੂੰ ਯਕੀਨੀ ਬਣਾਉਣ ਲਈ ਵਿਆਪਕ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਹਿਤ ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਵੀ ਕਾਫੀ ਸਰਗਰਮੀ ਦਿਖਾਈ ਅਤੇ ਚੌਣਾਂ ਤੋਂ ਪਹਿਲਾਂ ਹੀ ਭਾਰੀ ਮਾਤਰਾ ਵਿੱਚ ਨਜਾਇਜ਼ ਦੇਸੀ ਸ਼ਰਾਬ ਫੜਨ ਵਿੱਚ ਸਫਲਤਾ ਹਾਸਲ ਕੀਤੀ ਪਰ ਜਿਲਾ ਗੁਰਦਾਸਪੁਰ ਪੁਲਿਸ ਵੱਲੋਂ 14 ਮਈ ਨੂੰ ਹਾਈਟੈਕ ਬਬਰੀ ਨਾਕੇ ਤੋਂ ਫੜੀਆਂ ਗਈਆਂ 35 ਪੇਟੀਆਂ ਅਂਗਰੇਜੀ ਸ਼ਰਾਬ( 420ਬੋਤਲਾ) ਦੇ ਮਾਮਲੇ ਵਿੱਚ ਐਕਸਾਈਜ ਵਿਭਾਗ ਸੁਸਤ ਸਾਬਤ ਹੋਇਆ ਹੈ। ਚੋਣਾਂ ਦੇ ਦਿਨ ਤੋਂ 15 ਦਿਨ ਪਹਿਲਾਂ ਬਰਾਮਦ ਕੀਤੀ ਗਈ ਇਹ ਸ਼ਰਾਬ ਵੀ ਵੋਟਰਾਂ ਨੂੰ ਲੁਭਾਉਣ ਲਈ ਵਰਤੀ ਜਾ ਸਕਦੀ ਸੀ , ਜਿਸ ਦੇ ਚਲਦਿਆਂ ਐਕਸਾਈਜ਼ ਵਿਭਾਗ ਨੂੰ ਤੇਜ਼ੀ ਅਤੇ ਮੁਸਤੈਦੀ ਨਾਲ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ ਕਿ ਆਖਰ ਇਹ ਸ਼ਰਾਬ ਕਿਸ ਵੱਲੋਂ ਭੇਜੀ ਗਈ ਹੈ ਪਰ ਮਾਮਲੇ ਵਿੱਚ ਵਿਭਾਗ ਦੀ ਕਾਰਵਾਈ ਬੇਹਦ ਢਿੱਲੀ ਚੱਲ ਰਹੀ ਹੈ ।
ਦੱਸ ਦਈਏ ਕਿ 14 ਮਈ ਨੂੰ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਬਬਰੀ ਹਾਈ ਟੈਕ ਨਾਕੇ ਤੋਂ ਥਾਣਾ ਸਦਰ ਦੀ ਪੁਲਿਸ ਵੱਲੋਂ ਇੱਕ ਕਾਰ ਵਿੱਚੋਂ 35 ਪੇਟੀਆਂ ਅੰਗਰੇਜ਼ੀ ਸ਼ਰਾਬ ਨਾਲ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਬਾਅਦ ਵਿੱਚ ਪੁਲਿਸ ਅਤੇ ਐਕਸਾਈਜ਼ ਵਿਭਾਗ ਵੱਲੋਂ ਖੁਲਾਸਾ ਕੀਤਾ ਗਿਆ ਕਿ ਇਹ ਸ਼ਰਾਬ ਬਟਾਲਾ ਤੋਂ ਨਿਕਲੀ ਸੀ ਅਤੇ ਰਸ਼ਪਾਲਵਾਂ ਟੋਲ ਪਲਾਜਾ ਤੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਇਸ ਦੀ ਡਿਲੀਵਰੀ ਲਈ ਜਾਣੀ ਸੀ। ਗਿਰਫਤਾਰ ਕੀਤੇ ਗਏ ਦੋਵੇਂ ਵਿਅਕਤੀ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਹੀ ਦਿਹਾੜੀ ਤੇ 'ਹਾਇਰ' ਕੀਤੇ ਗਏ ਸਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਚੋਣਾਂ ਦੇ ਦਿਨ ਵਿੱਚ ਵੱਡੀ ਮਾਤਰਾ ਵਿੱਚ ਸ਼ਰਾਬ ਫੜੇ ਜਾਣ ਤੇ ਬਾਵਜੂਦ ਐਕਸਾਈਜ਼ ਵਿਭਾਗ ਵੱਲੋਂ ਅਜੇ ਤੱਕ ਇਹ ਪਤਾ ਨਹੀਂ ਲਗਾਇਆ ਜਾ ਸਕਿਆ ਕਿ ਇਹ ਸ਼ਰਾਬ ਕਿਸ ਵੱਲੋਂ ਅਤੇ ਕਿਸ ਨੂੰ ਭੇਜੀ ਜਾ ਰਹੀ ਸੀ। ਕਿਸੇ ਰਾਜਨੀਤਿਕ ਪਾਰਟੀ ਦੀ ਸ਼ਮੂਲੀਅਤ ਦੀ ਸੰਭਾਵਨਾ ਦੇ ਬਾਵਜੂਦ ਵਿਭਾਗ ਦੀ ਕਾਰਵਾਈ ਅਤੇ ਜਾਂਚ ਬੇਹਦ ਢਿੱਲੀ ਰਹੀ ਜਦਕਿ ਗਿਰਫਤਾਰ ਕੀਤੇ ਗਏ ਵਿਅਕਤੀਆਂ ਦੀ ਕਾਲ ਡਿਟੇਲ ਜਾਂ ਪੁੱਛਗਿੱਛ ਤੋਂ ਬਾਅਦ ਵੀ ਵਿਭਾਗ ਆਪਣੇ ਹੱਥ ਖਾਲੀ ਦੱਸ ਰਿਹਾ ਹੈ। ਦੂਜੇ ਪਾਸੇ ਮਾਹਿਰਾਂ ਦਾ ਕਹਿਣਾ ਹੈ ਕਿ ਬੋਤਲਾਂ ਦੇ 'ਬੈਚ ਨੰਬਰ' ਤੋਂ ਸ਼ਰਾਬ ਭੇਜਣ ਵਾਲੇ ਦੋਸ਼ੀ ਦੇ ਨੇੜੇ ਪਹੁੰਚਿਆ ਜਾ ਸਕਦਾ ਹੈ।
ਜਦੋਂ ਇਸ ਬਾਰੇ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਅਨਿਲ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਬਰਾਮਦ ਕੀਤੀਆਂ ਗਈਆਂ ਬੋਤਲਾਂ ਤੋਂ ਹੋਲੋਗਰਾਮ ਅਤੇ ਟੈਗ ਸ਼ਰਾਬ ਭੇਜਣ ਵਾਲੇ ਵੱਲੋਂ ਨਸ਼ਟ ਕਰ ਦਿੱਤੇ ਗਏ ਸਨ। ਸਿਰਫ ਬੈਚ ਨੰਬਰ ਹੀ ਸ਼ਰਾਬ ਭੇਜਣ ਵਾਲੇ ਦੀ ਪਹਿਚਾਨ ਕਰਨ ਦਾ ਇੱਕ ਮਾਤਰ ਜਰੀਆ ਰਹਿ ਗਏ ਹਨ ਪਰ ਫੈਕਟਰੀ ਵਲੋਂ ਇਸ ਬੈਚ ਨੰਬਰ ਦੀ ਸ਼ਰਾਬ ਕਈ ਸ਼ਰਾਬ ਕਾਰੋਬਾਰੀਆਂ ਨੂੰ ਵੀ ਭੇਜੀ ਗਈ ਹੋ ਸਕਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਵਿਭਾਗ ਆਪਣੀ ਕਾਰਵਾਈ ਕਰ ਰਿਹਾ ਹੈ।
ਪਰ ਸਵਾਲ ਇਹ ਹੈ ਕਿ ਜੇ ਵਿਭਾਗ ਦੀ ਕਾਰਵਾਈ ਜਾਰੀ ਹੈ ਤਾਂ ਫਿਰ ਸ਼ਰਾਬ ਦੀ ਫੈਕਟਰੀ ਤੋਂ ਹਜੇ ਤੱਕ ਇਹ ਜਾਣਕਾਰੀ ਹਾਸਿਲ ਕਿਉਂ ਨਹੀਂ ਕੀਤੀ ਗਈ ਕੀ ਇਸ ਬੈਚ ਨੰਬਰ ਦੀ ਸ਼ਰਾਬ ਕਿਸ ਕਿਸ ਸ਼ਰਾਬ ਕਾਰੋਬਾਰੀ ਨੂੰ ਭੇਜੀ ਗਈ ਹੈ?ਜਾਹਰ ਹੈ ਕਿ ਬਰਾਮਦ ਸ਼ਰਾਬ ਚੋਣਾਂ ਵਿੱਚ ਵਰਤੇ ਜਾਣ ਦੀ ਸੰਭਾਵਨਾ ਦੇ ਬਾਵਜੂਦ ਐਕਸਾਈਜ਼ ਵਿਭਾਗ ਦੋਸ਼ੀ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨ ਦੀ ਬਜਾਏ ਸਿਰਫ ਖਾਨਾ ਪੂਰਤੀ ਹੀ ਕਰ ਰਿਹਾ ਹੈ।