ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਨੂੰ ਬਾਰਵੀਂ ਫੇਲ੍ਹ ਮੂਵੀ ਦਿਖਾਉਂਣ ਦਾ ਉਪਰਾਲਾ
- ਹੋਰ ਵੀ ਕਈ ਪ੍ਰਕਾਰ ਦੀਆਂ ਛੋਟਾਂ ਦੇ ਕੂਪਨ ਦਿੱਤੇ
ਫਾਜ਼ਿਲਕਾ 1 ਜੂਨ 2024 - ਜ਼ਿਲ੍ਹਾ ਚੋਣ ਅਫਸਰ ਡਿਪਟੀ ਕਮਿਸ਼ਨਰ ਡਾ ਸੇਨੂੰ ਦੁਗਲ ਦੀ ਅਗਵਾਈ ਵਿੱਚ ਜਿਲਾ ਪ੍ਰਸ਼ਾਸਨ ਵੱਲੋਂ ਨੌਜਵਾਨਾਂ ਨੂੰ ਮਤਦਾਨ ਲਈ ਪ੍ਰੇਰਿਤ ਕਰਨ ਲਈ ਕਈ ਉਪਰਾਲੇ ਕੀਤੇ ਗਏ ਸਨ । ਇਸੇ ਲੜੀ ਤਹਿਤ ਜਿੱਥੇ ਨੌਜਵਾਨਾਂ ਨੂੰ ਬਾਰਵੀਂ ਫੇਲ ਮੂਵੀ ਦੇ ਟਿਕਟਾਂ ਦਿੱਤੀਆਂ ਗਈਆਂ ਉਥੇ ਹੀ ਹੋਰ ਵੀ ਕਈ ਤਰ੍ਹਾਂ ਦੇ ਕੂਪਨ ਦਿੱਤੇ ਗਏ । ਇਸ ਸਬੰਧੀ ਨਗਰ ਕੌਂਸਲ ਫਾਜ਼ਿਲਕਾ ਵਿਖੇ ਬਣੇ ਗਰੀਨ ਬੁੱਥ ਵਿਖੇ ਨੌਜਵਾਨਾਂ ਨੂੰ ਪੌਦੇ ਅਤੇ ਕੂਪਨ ਵੰਡਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਕੇਸ਼ ਕੁਮਾਰ ਪੋਪਲੀ ਨੇ ਦੱਸਿਆ ਕਿ ਇੱਕ ਪਾਸੇ ਗਰੀਨ ਪੋਲਿੰਗ ਬੂਥਾਂ ਤੇ ਵਾਤਾਵਰਨ ਸੰਭਾਲ ਦਾ ਸੁਨੇਹਾ ਦਿੱਤਾ ਤੇ ਹਰੇਕ ਵੋਟਰ ਅਤੇ ਉਸ ਦੇ ਨਾਲ ਆਉਣ ਵਾਲੇ ਲੋਕਾਂ ਨੂੰ ਵੀ ਪੌਦੇ ਵੰਡੇ ਗਏ।
ਦੂਜੇ ਪਾਸੇ ਪਹਿਲੀ ਵਾਰ ਮਤਦਾਨ ਕਰਨ ਵਾਲੇ ਵੋਟਰਾਂ ਨੂੰ ਜਿੱਥੇ ਸਨਮਾਨ ਪੱਤਰ ਵੀ ਦਿੱਤੇ ਗਏ ਅਤੇ ਨਾਲ ਦੀ ਨਾਲ ਉਹਨਾਂ ਨੂੰ ਬਾਰਵੀਂ ਫੇਲ ਮੂਵੀ ਦੀਆਂ ਟਿਕਟਾਂ ਅਤੇ ਹੋਰ ਵੀ ਵੱਖ-ਵੱਖ ਛੋਟਾਂ ਦੇ ਕੂਪਨ ਵੰਡੇ ਗਏ ਜਿਸ ਵਿੱਚ ਹੇਠ ਲਿਖੇ ਛੋਟਾਂ ਦੇ ਕੂਪਨ ਸ਼ਾਮਿਲ ਸਨ। ਪਹਿਲੀ ਵਾਰ ਮਤਦਾਨ ਕਰਨ ਵਾਲੇ ਨੋਜਵਾਨਾਂ ਨੂੰ 12ਵੀਂ ਫੇਲ ਮੁਵੀ ਦੀ ਵਿਸ਼ੇਸ਼ ਸਕਰੀਨਿੰਗ ਦੇ ਕੂਪਨ, ਨਿਰਧਾਰਤ ਦੁਕਾਨਾਂ ਤੋਂ ਕਪੜਿਆਂ ਦੀ ਸ਼ਾਪਿੰਗ ਕਰਨ 'ਤੇ 40 ਫੀਸਦੀ ਦੀ ਛੁੱਟ, ਮੇਕਅਪ ਤੇ ਸਪਾਅ ਆਦਿ ਕਰਵਾਉਣ 'ਤੇ 50 ਫੀਸਦੀ ਦੀ ਛੁੱਟ ਅਤੇ ਨਿਰਧਾਰਤ ਰੈਸਟੋਰੈਂਟ ਤੋਂ ਖਾਣਾ ਖਾਣ ਤੱਕ ਦੇ 25 ਫੀਸਦੀ ਤੱਕ ਦੀ ਛੁੱਟ ਦੇ ਕੂਪਨ ਦਿੱਤੇ ਗਏ।
ਨੌਜਵਾਨਾਂ ਨੇ ਜ਼ਿਲਾ ਪ੍ਰਸ਼ਾਸਨ ਦੇ ਉਪਰਾਲੇ ਦੀ ਜ਼ੋਰਦਾਰ ਸਲਾਘਾ ਕੀਤੀ। ਇੱਥੇ ਵੋਟ ਪਾਉਣ ਆਏ ਅਗਮ ਕਟਾਰੀਆਂ ਨੇ ਕਿਹਾ ਕਿ ਇੱਥੇ ਬਹੁਤ ਚੰਗੀ ਵਿਵਸਥਾ ਹੈ ਅਤੇ ਚੋਣ ਕਮਿਸ਼ਨ ਦੇ ਇਹ ਉਪਰਾਲੇ ਨੌਜਵਾਨਾਂ ਨੂੰ ਪਰੇਰਿਤ ਕਰਨਗੇ।
ਇਸ ਤੋਂ ਬਿਨਾਂ ਜਿਲੇ ਵਿੱਚ ਚਾਰ ਬੂਥ ਅਜਿਹੇ ਬਣਾਏ ਗਏ ਸਨ ਜੋ ਕਿ ਪੂਰੀ ਤਰਹਾਂ ਨੌਜਵਾਨ ਕਰਮਚਾਰੀਆਂ ਵੱਲੋਂ ਸੰਚਾਲਿਤ ਕੀਤੇ ਗਏ ਇਹਨਾਂ ਦੇ ਨਾਮ ਨਿਮਨ ਅਨੁਸਾਰ ਹਨ। ਉਨ੍ਹਾਂ ਦੱਸਿਆ ਕਿ ਜਲਾਲਾਬਾਦ ਬੂਥ ਨੰਬਰ 16 ਮਿਊਸੀਪਲ ਕੌਂਸਲ (ਈਸਟ ਸਾਈਡ) ਜਲਾਲਾਬਾਦ, ਫਾਜ਼ਿਲਕਾ ਦੇ ਬੂਥ ਨੰਬਰ 137 ਸੈਕਰਟ ਹਾਰਟ ਕਾਨਵੈਂਟ ਸਕੂਲ, ਅਬੋਹਰ ਦੇ ਬੂਥ ਨੰਬਰ 17 ਸਰਕਾਰੀ ਪ੍ਰਾਇਮਰੀ ਸਕੂਲ ਪ੍ਰੇਮ ਨਗਰੀ ਅਬੋਹਰ ਅਤੇ ਬੱਲੂਆਣਾ ਦੇ ਬੂਥ ਨੰਬਰ 41 ਸਰਕਾਰੀ ਹਾਈ ਸਕੂਲ ਧਾਰੰਗਵਾਲਾ ਵਿਖੇ ਯੂਥ ਮਨੇਜ਼ਡ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ।