ਲਾਲੜੂ ਤੇ ਹੰਡੇਸਰਾ 'ਚ 68 ਫੀਸਦੀ ਤੋਂ ਵੱਧ ਹੋਈ ਵੋਟਿੰਗ
- ਅਮਨ-ਅਮਾਨ ਨਾਲ ਨੇਪਰੇ ਚੜ੍ਹਿਆ ਅਮਲ, ਪਿੰਡਾਂ ਤੇ ਸ਼ਹਿਰਾਂ 'ਚ ਰਿਹਾ ਭਾਰੀ ਉਤਸ਼ਾਹ
ਮਲਕੀਤ ਸਿੰਘ ਮਲਕਪੁਰ
ਲਾਲੜੂ 1 ਜੂਨ 2024: ਹਲਕਾ ਡੇਰਾਬੱਸੀ ਅਧੀਨ ਪੈਂਦੇ ਲਾਲੜੂ ਤੇ ਹੰਡੇਸਰਾ ਖੇਤਰ ਵਿੱਚ ਅੱਜ ਅਮਨ ਅਮਾਨ ਦੇ ਨਾਲ ਵੋਟਾਂ ਦਾ ਕੰਮ ਨੇਪਰੇ ਚੜ੍ਹ ਗਿਆ,ਜਦਕਿ ਕਈ ਪੋਲਿੰਗ ਬੂਥਾਂ ਉੱਤੇ 6 ਵਜੇ ਤੋਂ ਬਾਅਦ ਵੀ ਵੋਟਰ ਵੋਟਾਂ ਪਾਉਂਦੇ ਦੇਖੇ ਗਏ। ਲਾਲੜੂ ਅਤੇ ਹੰਡੇਸਰਾ ਖੇਤਰ ਵਿੱਚ ਕੁੱਲ 68 ਫੀਸਦੀ ਤੋਂ ਵੱਧ ਵੋਟਾਂ ਪੋਲ ਹੋਈਆਂ । ਲਾਲੜੂ ਅਤੇ ਹੰਡੇਸਰਾ ਖੇਤਰ ਵਿੱਚ ਹਲਕਾ ਡੇਰਾਬੱਸੀ ਵਿੱਚ ਸਭ ਤੋਂ ਵੱਧ ਵੋਟ ਪੋਲ ਹੋਈ , ਜਿਸ ਵਿੱਚ ਸ਼ਹਿਰਾਂ ਸਮੇਤ ਪਿੰਡਾਂ ਵਿੱਚ ਵੋਟਰਾਂ ਵੱਲੋਂ ਵੱਡਾ ਉਤਸ਼ਾਹ ਵੇਖਣ ਨੂੰ ਮਿਲਿਆ। ਅੱਤ ਦੀ ਪੈ ਰਹੀ ਗਰਮੀ ਵਿੱਚ ਸਵੇਰੇ ਅਤੇ ਸ਼ਾਮ ਵੇਲੇ ਹੀ ਲੰਮੀਆਂ-ਲੰਮੀਆਂ ਲਾਈਨਾਂ ਵੇਖਣ ਨੂੰ ਮਿਲੀਆ, ਜਦਕਿ ਦੁਪਹਿਰ ਵੇਲੇ ਟਾਵਾਂ-ਟਾਵਾਂ ਵੋਟਰ ਹੀ ਪੋਲਿੰਗ ਬੂਥ ਵਿਚ ਵੋਟ ਪਾਉਣ ਪੁੱਜਾ।
ਪਾਰਟੀ ਬੂਥਾਂ ਉੱਤੇ ਲੋਕਾਂ ਨੇ ਨਿਭਾਈ ਆਪਸੀ ਭਾਈਚਾਰਕ ਸਾਂਝ
ਪੋਲਿੰਗ ਬੂਥ ਤੋਂ ਬਾਹਰ ਪਾਰਟੀ ਬੂਥਾਂ ਉੱਤੇ ਲੋਕਾਂ ਵੱਲੋਂ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਿਆ ਗਿਆ, ਜਦਕਿ ਟਾਵੇਂ-ਟਾਵੇਂ ਪਿੰਡਾਂ ਵਿੱਚ ਹੀ ਭਾਜਪਾ ਦਾ ਬੂਥ ਲੱਗਿਆ। ਵੱਖ-ਵੱਖ ਪਾਰਟੀਆਂ ਦੇ ਵਰਕਰ ਵੋਟਰਾਂ ਨੂੰ ਆਪਣੀ-ਆਪਣੀ ਪਾਰਟੀ ਦੇ ਚਿੰਨ੍ਹ ਬਾਰੇ ਦੱਸਦੇ ਨਜ਼ਰ ਆਏ, ਪਰ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਦਿਆਂ ਵੋਟਾਂ ਅਮਨ-ਅਮਾਨ ਨਾਲ ਨੇਪੜੇ ਚਾੜੀਆਂ।
ਬਜ਼ੁਰਗ ਨੇ ਆਪਣੇ ਪੜਪੋਤੇ ਨਾਲ ਪਾਈ ਵੋਟ
18 ਸਾਲ ਦੇ ਨੌਜਵਾਨਾਂ ਤੋਂ ਲੈ ਕੇ 100 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੇ ਆਪਣਾ ਵੋਟ ਪਾਉਣ ਦਾ ਹੱਕ ਸਮਝਦਿਆਂ ਵੋਟ ਦਾ ਇਸਤੇਮਾਲ ਕੀਤਾ।ਨੌਜਵਾਨਾਂ ਦਾ ਕਹਿਣਾ ਸੀ ਕਿ ਉਹ ਇੱਕ ਨਵੀਂ ਸੋਚ ਲੈ ਕੇ ਆਪਣੀ ਵੋਟ ਪਾ ਰਹੇ ਹਨ ਤਾਂ ਜੋ ਪੰਜਾਬ ਵਿੱਚ ਸਹੀ ਸਰਕਾਰ ਦੀ ਚੋਣ ਹੋ ਸਕੇ। ਇਸੇ ਪ੍ਰਕਾਰ ਪਿੰਡ ਧਰਮਗੜ੍ਹ ਦੀ ਇੱਕ 100 ਸਾਲ ਤੋਂ ਵੱਧ ਉਮਰ ਦੀ ਅਜਮੇਰ ਕੌਰ ਪਤਨੀ ਸੁਰਜਣ ਸਿੰਘ ਨੇ ਆਪਣੀ ਵੋਟ ਪਾਈ ਤੇ ਉਸ ਦੇ ਨਾਲ ਹੀ ਉਸ ਦੇ ਪੜਪੋਤੇ ਹਰਮਨ ਸਿੰਘ ਨੇ ਵੀ 100 ਸਾਲ ਤੋਂ ਵੱਧ ਉਮਰ ਵਾਲੀ ਪੜਦਾਦੀ ਦੇ ਨਾਲ ਵੋਟ ਦੇ ਹੱਕ ਦੀ ਵਰਤੋ ਕੀਤੀ। ਲੋਕ ਆਪਣੇ ਬਜ਼ੁਰਗਾਂ ਨੂੰ ਵਹੀਲ ਚੇਅਰ ਤੇ ਤਿੰਨ ਪਹੀਆ ਰੇਹੜੀ 'ਤੇ ਬਿਠਾ ਕੇ ਵੋਟਾਂ ਪਾਉਂਦੇ ਦੇਖੇ ਗਏ।