MLA ਰੰਧਾਵਾ ਨੇ ਪੰਜਾਬ ਦੇ ਲੋਕਾਂ ਨੂੰ ਰਿਕਾਰਡ ਸੰਖਿਆ ਵਿੱਚ ਵੋਟ ਪਾਉਣ ਦਿੱਤਾ ਸੱਦਾ
ਮਲਕੀਤ ਸਿੰਘ ਮਲਕਪੁਰ
ਲਾਲੜੂ 31 ਮਈ 2024: ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਡੇਰਾਬੱਸੀ ਸਮੇਤ ਪੂਰੇ ਪੰਜਾਬ ਦੇ ਲੋਕਾਂ, ਖ਼ਾਸ ਤੌਰ 'ਤੇ ਨੌਜਵਾਨ ਅਤੇ ਪਹਿਲੀ ਵਾਰ ਵੋਟਰਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਅਤੇ ਲੋਕਤੰਤਰ ਦੇ ਤਿਉਹਾਰ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਕਿਉਂਕਿ ਪੰਜਾਬ 'ਚ ਅੱਜ 1 ਜੂਨ ਸ਼ਨੀਵਾਰ ਨੂੰ ਵੋਟਿੰਗ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਆਪਣੇ ਵੋਟ ਪਾਉਣ ਦੇ ਹੱਕ ਦੀ ਵਰਤੋਂ ਹਰ ਹਾਲ ਵਿੱਚ ਕਰਨੀ ਚਾਹੀਦੀ ਹੈ ਅਤੇ ਲੋਕਤੰਤਰ ਦੇ ਨਿਜ਼ਾਮ ਵਿੱਚ ਮਿਲੇ ਇਸ ਹੱਕ ਨੂੰ ਸੰਭਾਲ਼ ਕੇ ਰੱਖਣਾ ਚਾਹੀਦਾ ਹੈ। ਰੰਧਾਵਾ ਨੇ ਕਿਹਾ ਕਿ "ਮੈਂ ਪੰਜਾਬ ਦੇ ਲੋਕਾਂ ਨੂੰ ਰਿਕਾਰਡ ਸੰਖਿਆ ਵਿੱਚ ਵੋਟ ਪਾਉਣ ਦਾ ਸੱਦਾ ਦਿੰਦਾ ਹਾਂ। ਮੈਂ ਖ਼ਾਸ ਤੌਰ 'ਤੇ ਨੌਜਵਾਨ ਅਤੇ ਪਹਿਲੀ ਵਾਰ ਵੋਟਰਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਅਤੇ ਲੋਕਤੰਤਰ ਦੇ ਤਿਉਹਾਰ ਨੂੰ ਮਜ਼ਬੂਤ ਕਰਨ ਦੀ ਅਪੀਲ ਕਰਦਾ ਹਾਂ।" ਰੰਧਾਵਾ ਨੇ ਕਿਹਾ ਕਿ ਨੌਜਵਾਨ ਵਰਗ ਨੂੰ ਖ਼ੁਦ ਵੋਟ ਕਰਨ ਦੇ ਨਾਲ਼-ਨਾਲ਼ ਹੀ ਹੋਰਾਂ ਨੂੰ ਵੋਟ ਪਾਉਣ ਲਈ ਵੀ ਪ੍ਰੇਰਿਤ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਅਜੀਬ ਗੱਲ ਹੈ ਕਿ ਆਮ ਤੌਰ ਉੱਤੇ ਘੱਟ ਪੜ੍ਹੇ ਲਿਖੇ ਅਤੇ ਗਰੀਬ ਲੋਕ ਵੋਟਾਂ ਵਿੱਚ ਵਧੇਰੇ ਸਰਗਰਮੀ ਨਾਲ਼ ਸਿ਼ਰਕਤ ਕਰਦਿਆਂ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਮਜ਼ਬੂਤ ਕਰਨ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ। ਦੂਜੇ ਪਾਸੇ ਪੜ੍ਹੇ ਲਿਖੇ ਲੋਕ ਬਹੁਤੀ ਵਾਰ ਇਸ ਪੱਖੋਂ ਅਵੇਸਲੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਬਲਕਿ ਸਿੱਖਿਅਤ ਲੋਕਾਂ ਨੂੰ ਪੂਰੇ ਸਮਾਜ ਲਈ ਆਦਰਸ਼ ਬਣ ਕੇ ਵਿਚਰਨਾ ਚਾਹੀਦਾ ਹੈ। ਅਜਿਹਾ ਕਰ ਕੇ ਹੀ ਅਸੀਂ ਸਾਡੇ ਉਸ ਮਹਾਨ ਲੋਕਤੰਤਰ ਨੂੰ ਬਚਾ ਸਕਦੇ ਹਾਂ ਜਿਸ ਦੀ ਪ੍ਰਾਪਤੀ ਲਈ ਸਦੀਆਂਬੱਧੀ ਸੰਘਰਸ਼ ਕਰਨੇ ਪਏ ਹਨ।