ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ 'ਚ ਚੋਣ ਪ੍ਰਚਾਰ 'ਤੇ ਲੱਗੀਆਂ ਬ੍ਰੇਕਾਂ
ਚੰਡੀਗੜ੍ਹ, 30 ਮਈ 2024 - ਪਿਛਲੇ ਮਹੀਨੇ ਤੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਸੂਬੇ ਵਿਚ ਹੋ ਰਹੀ ਗਹਿਮਾ-ਗਹਿਮੀ ਹੁਣ ਰੁਕ ਗਈ ਹੈ। ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਵਿੱਚ ਸ਼ਾਮ 6 ਵਜੇ ਚੋਣ ਪ੍ਰਚਾਰ ਪੂਰੀ ਤਰ੍ਹਾਂ ਠੱਪ ਹੋ ਗਿਆ। 1 ਜੂਨ ਨੂੰ ਚੋਣਾਂ ਨੂੰ ਲੈ ਕੇ ਹੋਣ ਜਾ ਰਹੀ ਵੋਟਿੰਗ ਲਈ ਅੱਜ ਸ਼ਾਮ 6 ਵਜੇ ਤੋਂ ਚੋਣ ਪ੍ਰਚਾਰ ਬੰਦ ਹੋ ਗਿਆ ਹੈ।
ਸਿਆਸੀ ਆਗੂ ਸਿਰਫ਼ 4 ਲੋਕਾਂ ਨੂੰ ਨਾਲ ਲੈ ਕੇ ਡੋਰ ਟੂ ਡੋਰ ਪ੍ਰਚਾਰ ਕਰ ਸਕਣਗੇ। ਪ੍ਰਸ਼ਾਸਨ ਨੇ ਵੀ ਚੋਣ ਜ਼ਾਬਤੇ ਅਤੇ ਨਿਯਮਾਂ ਨੂੰ ਲਾਗੂ ਕਰਨ ਲਈ ਕਮਰ ਕੱਸ ਲਈ ਹੈ ਅਤੇ ਵੋਟਿੰਗ ਨੂੰ ਲੈ ਕੇ ਵੋਟਾਂ ਦੀ ਗਿਣਤੀ ਤਕ ਕਈ ਪਾਬੰਦੀਆਂ ਦੇ ਹੁਕਮ ਵੀ ਜਾਰੀ ਕੀਤੇ ਹਨ ਤਾਂ ਜੋ ਸਮੁੱਚੀ ਚੋਣ ਪ੍ਰਕਿਰਿਆ ਨਿਰਵਿਘਨ ਤਰੀਕੇ ਨਾਲ ਸੰਪੰਨ ਹੋ ਸਕੇ। ਇਸ ਦੌਰਾਨ ਪਾਬੰਦੀਆਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਬਣਦੀ ਸਖ਼ਤ ਕਾਰਵਾਈ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ। 30 ਮਈ ਸ਼ਾਮ ਨੂੰ ਚੋਣ ਪ੍ਰਚਾਰ ’ਤੇ ਪਾਬੰਦੀ ਲੱਗਣ ਕਾਰਨ ਸਿਆਸੀ ਪਾਰਟੀਆਂ ਦਾ ਦਿਨ ਭਰ ਪੂਰਾ ਜ਼ੋਰ ਵੋਟਰਾਂ ਨੂੰ ਲੁਭਾਉਣ ਵਿਚ ਲੱਗਾ ਰਿਹਾ।
ਉਥੇ ਹੀ 48 ਘੰਟਿਆਂ ਲਈ ਪੰਜਾਬ ਵਿਚ ਸ਼ਰਾਬ ਦੇ ਠੇਕੇ ਵੀ ਬੰਦ ਕਰ ਦਿੱਤੇ ਗਏ ਹਨ। ਇਸ ਉਪਰੰਤ ਕੋਈ ਵੀ ਸਿਆਸੀ ਪਾਰਟੀ ਰੈਲੀ, ਜਲਸਾ, ਲਾਊਡ ਸਪੀਕਰ, ਪ੍ਰਚਾਰ ਵਾਹਨ ਅਤੇ ਹੋਰ ਪ੍ਰਚਾਰ ਤਰੀਕਿਆਂ ਦੀ ਵਰਤੋਂ ਨਹੀਂ ਕਰ ਸਕੇਗੀ। ਹੁਣ 1 ਜੂਨ ਨੂੰ ਵੋਟਾਂ ਪੈਣ ਤੋਂ ਬਾਅਦ ਸ਼ਰਾਬ ਦੇ ਠੇਕੇ ਖੁੱਲ੍ਹਣਗੇ। ਕਿਸੇ ਵੀ ਹੋਟਲ ਜਾਂ ਰੈਸਟੋਰੈਂਟ ਵਿੱਚ ਸ਼ਰਾਬ ਨਹੀਂ ਦਿੱਤੀ ਜਾਵੇਗੀ।