ਕੁੰਢੀਆਂ ਦੇ ਸਿੰਗ ਫਸ ਗਏ, ਨਿੱਤਰੂ ਵੜੇਵੇਂ ਖਾਣੀ ਬਣਿਆ ਬਠਿੰਡਾ ਸੰਸਦੀ ਹਲਕਾ
ਅਸ਼ੋਕ ਵਰਮਾ
ਬਠਿੰਡਾ, 31 ਮਈ2024:ਸਿਆਸੀ ਪੱਖ ਤੋਂ ਅਹਿਮ ਮੰਨੇ ਜਾਂਦੇ ਲੋਕ ਸਭਾ ਹਲਕਾ ਬਠਿੰਡਾ ’ਚ ਬਹੁਕੋਣੇ ਜਬਰਦਸਤ ਸਿਆਸੀ ਮੁਕਾਬਲਿਆਂ ਕਾਰਨ ਸਥਿਤੀ ਕੁੰਢੀਆਂ ਦੇ ਸਿੰਗ ਫਸ ਗਏ ਕੋਈ ਨਿੱਤਰੂ ਵੜੇਵੇਂ ਖਾਣੀ ਵਾਲੀ ਬਣ ਗਈ ਫਸ ਗਈ ਹੈ। ਇਸ ਹਲਕੇ ਵਿੱਚ ਤਿੰਨ ਵਾਰ ਦੀ ਸੰਸਦ ਮੈਂਬਰ ਰਹੀ ਬਾਦਲਾਂ ਦੀ ਨੂੰਹ ਹਰਸਿਮਰਤ ਕੌਰ ਬਾਦਲ ,ਲੰਬੀ ਹਲਕੇ ਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਰਗੇ ਦਿਓ ਕੱਦ ਸਿਆਸੀ ਪਹਿਲਵਾਨ ਨੂੰ ਹਰਾਉਣ ਵਾਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁਡੀਆਂ, ਕਦੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਚਹੇਤੇ ਕਾਂਗਰਸੀ ਉਮੀਦਵਾਰ ਜੀਤਮੋਹਿੰਦਰ ਸਿੰਘ ਸਿੱਧੂ ਅਤੇ ਬਾਦਲਾਂ ਦੀ ਮੁੱਛ ਦਾ ਵਾਲ ਮੰਨੇ ਜਾਂਦੇ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੀ ਸਾਬਕਾ ਆਈਏਐਸ ਨੂੰਹ ਤੇ ਭਾਜਪਾ ਉਮੀਦਵਾਰ ਪਰਮਪਾਲ ਕੌਰ ਸਿੱਧੂ ਵਿਚਕਾਰ ਕਾਂਟੇ ਦੀ ਟੱਕਰ ਹੈ।
ਮਹੱਤਵਪੂਰਨ ਤੱਥ ਹੈ ਕਿ ਹੁਣ ਤੱਕ ਦੇ ਸਭ ਤੋਂ ਲੰਮੇ ਚੋਣ ਪ੍ਰਚਾਰ ਦੇ ਬਾਵਜੂਦ ਨੇਤਾ ਵੋਟਰਾਂ ਦੇ ਦਿਲ ਦੀ ਘੁੰਢੀ ਖੁਲ੍ਹਵਾਉਣ ’ਚ ਅਸਫਲ ਰਹੇ ਹਨ। ਬਾਦਲ ਪਰਿਵਾਰ ਲਈ ਬਠਿੰਡਾ ਹਲਕਾ ਵੱਕਾਰੀ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਲਈ ਬਠਿੰਡਾ ਹਲਕਾ ਇੱਜ਼ਤ ਦਾ ਸੁਆਲ ਬਣਿਆ ਹੋਇਆ ਹੈ। ਨੌਕਰੀ ਛੱਡਣ ਉਪਰੰਤ ਪਰਮਪਾਲ ਕੌਰ ਸਿੱਧੂ ਪਹਿਲੀ ਵਾਰ ਚੋਣ ਲੜ ਰਹੀ ਹੈ ਜਿਸ ਨੂੰ ਸ਼ਹਿਰੀ ਵੋਟ ਬੈਂਕ ਅਤੇ ਪਾਰਟੀ ਦੇ ਟਕਸਾਲੀ ਆਗੂਆਂ ਤੋਂ ਵੱਡੀ ਉਮੀਦ ਹੈ। ਕਿਸਾਨ ਧਿਰਾਂ ਦੇ ਵਿਰੋਧ ਦੇ ਬਾਵਜੂਦ ਪੇਂਡੂ ਖੇਤਰਾਂ ਚੋ ਭਾਜਪਾ ਉਮੀਦਵਾਰ ਨੂੰ ਕਿੰਨੀ ਹਮਾਇਤ ਮਿਲਦੀ ਹੈ ਇਸ ਤੇ ਵੀ ਕਾਫੀ ਕੁੱਝ ਨਿਰਭਰ ਕਰਦਾ ਹੈ। ਡੇਰਾ ਸੱਚਾ ਸੌਦਾ ਸਿਰਸਾ ਵੱਲੋਂ ਭਾਜਪਾ ਨੂੰ ਸਿਆਸੀ ਆਸ਼ੀਰਵਾਦ ਦੇਣ ਦੇ ਚਰਚਿਆਂ ਨੇ ਵੀ ਪਰਮਪਾਲ ਕੌਰ ਨੂੰ ਹੌਂਸਲਾ ਦਿੱਤਾ ਹੈ।
ਦੂਜੇ ਪਾਸੇ ਸੰਸਦੀ ਹਲਕੇ ਵਿੱਚ ‘ਆਮ ਆਦਮੀ ਪਾਰਟੀ’ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦਾ ਰਾਜਸੀ ਅਕਸ ਸਾਫ਼ ਸੁਥਰਾ ਹੈ ਜਿਸ ਦਾ ‘ਆਪ’ ਨੂੰ ਲਾਹਾ ਮਿਲਣ ਦੀ ਸੰਭਾਵਨਾ ਹੈ। ਖੁੱਡੀਆਂ ਦੀ ਸ਼ਰਾਫ਼ਤ ਦਰਮਿਆਨ ਪਾਰਟੀ ਦੇ ਕਈ ਵਿਧਾਇਕਾਂ ਨੂੰ ਲੋਕਾਂ ਦੀ ਵਿਰੋਧਤਾ ਦਾ ਸਾਹਮਣਾ ਵੀ ਹੈ। ਮਾਨਸਾ ਹਲਕੇ ਤੋਂ ਵਿਧਾਇਕ ਵਿਜੇ ਸਿੰਗਲਾ ਅਤੇ ਬਠਿੰਡਾ ਦਿਹਾਤੀ ਹਲਕੇ ਵਿਜੀਲੈਂਸ ਕੇਸਾਂ ਦਾ ਸਾਹਮਣਾ ਕਰ ਰਹੇ ਹਨ। ਮੌੜ ਹਲਕੇ ਦੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਤਾਂ ਵੱਡੀ ਜਿੱਤ ਦੇ ਬਾਵਜੂਦ ਪਹਿਲੇ ਦਿਨੇ ਤੋਂ ਹੀ ਜਨਤਕ ਵਿਰੋਧ ਦਾ ਸਾਹਮਣਾ ਕਰ ਰਹੇ ਹਨ। ਜ਼ਿਲ੍ਹਾ ਮਾਨਸਾ ’ਚ ਪੈਂਦੇ ਤਿੰਨ ਹਲਕਿਆਂ ਤੋਂ ‘ਆਪ’ ਕਾਫੀ ਆਸਵੰਦ ਹੈ ਪਰ ਵੋਟਾਂ ਦਾ ਫ਼ਰਕ ਪਹਿਲਾਂ ਜਿੰਨਾਂ ਰਹਿਣ ਦੀ ਸੰਭਾਵਨਾ ਨਹੀਂ। ਬੁਢਲਾਡਾ ਹਲਕੇ ਵਿੱਚ ਵਿਧਾਇਕ ਬੁੱਧ ਰਾਮ ਨੂੰ ਵੀ ਕਾਫੀ ਜੋਰ ਲਾਉਣਾ ਪਿਆ ਹੈ।
ਇਸ ਹਲਕੇ ’ਚ ਅਕਾਲੀ ਦਲ ਨੇ ਵੀ ਆਸਾਂ ਲਾਈਆਂ ਹੋਈਆਂ ਹਨ। ਹਲਕਾ ਸਰਦੂਲਗੜ੍ਹ ਚੋਂ ਵੀ ਆਪ ਦੇ ਮੋਹਰੀ ਰਹਿਣ ਦੇ ਅਨੁਮਾਨ ਹਨ। ਮਾਨਸਾ ਹਲਕੇ ਵਿੱਚੋਂ ਹਮੇਸ਼ਾ ਕਾਂਗਰਸ ਅੱਗੇ ਰਹੀ ਹੈ ਅਤੇ ਐਤਕੀਂ ਅਕਾਲੀ ਦਲ ਨੂੰ ਇੱਥੋਂ ਜੂਝਣਾ ਪੈ ਰਿਹਾ ਹੈ। ਬਠਿੰਡਾ ਜ਼ਿਲ੍ਹੇ ਵਿਚ ਪੈਂਦੇ ਪੰਜ ਅਸੈਂਬਲੀ ਹਲਕਿਆਂ ਦੀ ਗੱਲ ਪੜਚੋਲ ਮੁਤਾਬਕ ਕਾਂਗਰਸੀ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਦਾ ਨਿੱਜੀ ਰਸੂਖ਼ ਹੋਣ ਕਰਕੇ ਮੌੜ ਅਤੇ ਤਲਵੰਡੀ ਸਾਬੋ ਹਲਕਿਆਂ ਵਿੱਚ ਕਾਂਗਰਸ ਲਾਹੇ ’ਚ ਦਿਖਾਈ ਦੇ ਰਹੀ ਹੈ। ਜੀਤਮੋਹਿੰਦਰ ਦੇ ਦਬਦਬੇ ਕਰਕੇ ਇਸ ਹਲਕੇ ’ਚ ਅਕਾਲੀ ਦਲ ਦੀ ਸਥਿਤੀ ਪਹਿਲਾਂ ਵਾਲੀ ਨਹੀਂ ਹੈ। ਕਾਂਗਰਸੀ ਉਮੀਦਵਾਰ ਵੱਲੋਂ ਮਾਰੀਆਂ ਸਿਆਸੀ ਟਪੂਸੀਆਂ ਕਾਰਨ ਲੋਕ ਨਰਾਜ਼ ਹਨ ਤਾਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਕੀਤੇ ਪ੍ਰਚਾਰ ਦਾ ਲਾਹਾ ਮਿਲ ਸਕਦਾ ਹੈ।
ਵੱਡੇ ਬਾਦਲ ਦੀ ਘਾਟ ਦੌਰਾਨ ਲੰਬੀ ਹਲਕੇ ਤੋਂ ਅਕਾਲੀ ਉਮੀਦਵਾਰ ਨੂੰ ਕਿੰਨਾ ਕੁ ਵੱਡਾ ਸਾਥ ਮਿਲਦਾ ਹੈ, ਉਹ ਵੀ ਸਮੁੱਚੀ ਹਾਰ ਜਿੱਤ ’ਤੇ ਅਸਰ ਪਵੇਗਾ। ਸ਼ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਉਮੀਦਵਾਰ ਲੱਖਾ ਸਿਧਾਣਾ ਨੇ ਵੀ ਸੱਤਾਧਾਰੀ ਧਿਰ ਦੇ ਵੋਟ ਬੈਂਕ ਨੂੰ ਪ੍ਰਭਾਵਿਤ ਕੀਤਾ ਹੈ ਜਦੋਂਕਿ ਭਾਜਪਾ ਉਮੀਦਵਾਰ ਪਰਮਪਾਲ ਕੌਰ ਸਿੱਧੂ ਨੇ ਕਾਂਗਰਸੀ ਵੋਟਾਂ ਨੂੰ ਖੋਰਾ ਲਾਇਆ ਹੈ। ਸਾਬਕਾ ਅਕਾਲੀ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਦੇ ਸ਼ਾਮਲ ਹੋਣ ਕਾਰਨ ਬਠਿੰਡਾ ਦਿਹਾਤੀ ਹਲਕੇ ’ਚ ਆਮ ਆਦਮੀ ਪਾਰਟੀ ਲਾਹੇ ਵਿੱਚ ਰਹੇਗੀ। ਸਮੁੱਚੀ ਪੜਚੋਲ ਮੁਤਾਬਕ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ‘ਆਪ’ ਦੇ ਗੁਰਮੀਤ ਸਿੰਘ ਖੁੱਡੀਆਂ ਅਤੇ ਕਾਂਗਰਸ ਦੇ ਜੀਤਮਹਿੰਦਰ ਸਿੰਘ ਸਿੱਧੂ ਮੁੱਖ ਮੁਕਾਬਲੇ ਵਿੱਚ ਸਨ ਜਦੋਂਕਿ ਭਾਜਪਾ ਦੀ ਪਰਮਪਾਲ ਕੌਰ ਸਿੱਧੂ ਨੇ ਸਿਆਸੀ ਜੰਗ ਨੂੰ ਬਹੁਕੋਣਾ ਮੁਕਾਬਲਾ ਬਣਾ ਦਿੱਤਾ ਹੈ।
ਪਰਮਪਾਲ ਕੌਰ ਸਿੱਧੂ ਤੇ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਹੋਣ ਦਾ ਟੈਗ ਲੱਗਿਆ ਹੋਣ ਅਤੇ ਬੀਜੇਪੀ ਨਾਲ ਗਠਜੋੜ ਦੀ ਅਣਹੋਂਦ ਕਾਰਨ ਬੀਬੀ ਬਾਦਲ ਨੂੰ ਇਸ ਵਾਰ ਕਾਫ਼ੀ ਜੱਦੋ ਜਹਿਦ ਕਰਨੀ ਪਈ ਹੈ। ਹੁਣ ਜਦੋਂ ਵੋਟਾਂ ਪੈਣ ’ਚ ਇੱਕ ਰਾਤ ਦਾ ਫਰਕ ਰਹਿ ਗਿਆ ਹੈ ਤਾਂ ਕੋਈ ਵੀ ਆਪਣੀ ਜਿੱਤ ਯਕੀਨੀ ਹੋਣ ਦਾ ਦਾਅਵਾ ਨਹੀਂ ਕਰ ਸਕਦਾ ਹੈ। ਚਰਚਾ ਹੈ ਕਿ ਹਲਕੇ ’ਚ ਪੈਸਾ ਵੀ ਆਪਣਾ ਰੰਗ ਦਿਖਾ ਸਕਦਾ ਹੈ। ਸੂਤਰਾਂ ਮੁਤਾਬਕ ਪਹਿਲਾਂ ਸੱਟਾ ਬਜ਼ਾਰ ਹਰਸਿਮਰਤ ਬਾਦਲ ਦਾ ਹੱਥ ਉਪਰ ਸੀ ਪਰ ਭਗਵੰਤ ਮਾਨ ਦੇ ਰੋਡ ਸ਼ੋਅ ਮਗਰੋਂ ਆਪ ਉਮੀਦਵਾਰ ਗੁਰਮੀਤ ਖੁਡੀਆਂ ਬਰਾਬਰ ਆ ਗਿਆ। ਸੂਤਰ ਦੱਸਦੇ ਹਨ ਕਿ ਭਾਜਪਾ ਉਮੀਦਵਾਰ ਹੋਣ ਕਾਰਨ ਪਿਛਲੇ ਕੁੱਝ ਦਿਨਾਂ ਦੌਰਾਨ ਪਰਮਪਾਲ ਕੌਰ ਸਿੱਧੂ ਦੀ ਸੱਟਾ ਬਜ਼ਾਰ ’ਚ ਚਮਕ ਵਧੀ ਹੈ।