ਲੋਕ ਸਭਾ ਚੋਣਾਂ ਲਈ ਵੋਟਾਂ ਭਲਕੇ, ਸਮੁੱਚੀਆਂ ਤਿਆਰੀਆਂ ਮੁਕੰਮਲ - ਡਾ ਪੱਲਵੀ
* 400 ਪੋਲਿੰਗ ਪਾਰਟੀਆਂ ਚੋਣ ਸਮੱਗਰੀ ਸਮੇਤ ਪੋਲਿੰਗ ਸਟੇਸ਼ਨਾਂ 'ਤੇ ਪੁੱਜੀਆਂ
* ਵੋਟਰ ਬਿਨ੍ਹਾਂ ਕਿਸੇ ਡਰ ਭੈਅ ਤੇ ਲਾਲਚ ਦੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ-ਡਾ ਪੱਲਵੀ
* ਐਸ.ਐਸ.ਪੀ. ਵੱਲੋਂ ਚੋਣਾਂ ਦੌਰਾਨ ਅਮਨ ਤੇ ਸ਼ਾਂਤੀ ਬਣਾਈ ਰੱਖਣ ਲਈ ਸਹਿਯੋਗ ਦੇਣ ਦੀ ਅਪੀਲ
* 20 ਮਾਡਲ ਪੋਲਿੰਗ ਬੂਥ, 02 ਗੁਲਾਬੀ ਪੋਲਿੰਗ ਬੂਥ, 02 ਹਰੇ ਪੋਲਿੰਗ ਬੂਥ , 02 ਪੀ.ਡਵਲਿਓ.ਡੀ ਅਤੇ ਇੱਕ ਨੌਜਵਾਨਾਂ ਵਲੋਂ ਮੈਨੇਜਡ ਪੋਲਿੰਗ ਬੂਥ ਵਿਸ਼ੇਸ਼ ਤੌਰ 'ਤੇ ਸਥਾਪਿਤ.
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 31 ਮਈ :2024 - ਲੋਕ ਸਭਾ ਚੋਣਾਂ-2024 ਦੀਆਂ ਆਮ ਚੋਣਾਂ ਲਈ 01 ਜੂਨ 2024 ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੁਆਈਆਂ ਜਾਣਗੀਆਂ। ਜ਼ਿਲ੍ਹੇ ਦੇ ਦੋਵੇ ਹਲਕਿਆਂ 'ਚ ਬਣਾਏ 400 ਪੋਲਿੰਗ ਸਟੇਸ਼ਨਾਂ ਲਈ ਰਿਟਰਨਿੰਗ ਅਧਿਕਾਰੀਆਂ ਨੇ ਪ੍ਰੀਜ਼ਾਈਡਿੰਗ ਅਫ਼ਸਰਾਂ, ਸਹਾਇਕ ਪ੍ਰੀਜ਼ਾਈਡਿੰਗ ਅਫ਼ਸਰਾਂ ਤੇ ਪੋਲਿੰਗ ਅਫ਼ਸਰਾਂ ਦੀਆਂ ਪਾਰਟੀਆਂ ਨੂੰ ਚੋਣ ਸਮਗਰੀ ਸੌਂਪਕੇ ਸੁਰੱਖਿਆ ਦਸਤਿਆਂ ਦੀ ਜ਼ੇਰੇ ਨਿਗਰਾਨੀ ਹੇਠ ਰਵਾਨਾ ਕੀਤਾ।
ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਦੱਸਿਆ ਕਿ ਸਾਰੀਆਂ ਪੋਲਿੰਗ ਪਾਰਟੀਆਂ ਚੋਣ ਸਮੱਗਰੀ ਸਮੇਤ ਦੇਰ ਸ਼ਾਮ ਤੱਕ ਆਪਣੇ ਪੋਲਿਗ ਸਟੇਸ਼ਨਾਂ 'ਤੇ ਪੁੱਜ ਗਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਨੂੰ ਪੂਰੀ ਤਰ੍ਹਾਂ ਨਿਰਪੱਖ ਤੇ ਅਮਨ-ਅਮਾਨ ਨਾਲ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਮੁੱਚੀਆਂ ਤਿਆਰੀਆਂ ਮੁਕੰਮਲ ਹਨ।
ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ-08 (ਅਸੈਂਬਲੀ ਸੈਗਮੈਂਟ 106 ਅਮਰਗੜ੍ਹ) ਅਤੇ ਲੋਕ ਸਭਾ ਹਲਕਾ 12 ਸੰਗਰੂਰ (ਅਸੈਂਬਲੀ ਸੈਗਮੈਂਟ 105 ਮਾਲੇਰਕੋਟਲਾ) ਲੋਕ ਸਭਾ ਹਲਕੇ ਦੇ 3,26,212 ਵੋਟਰ ਸ਼ਨੀਵਾਰ ਨੂੰ 37 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ ਜੋ ਲੋਕ ਸਭਾ ਚੋਣਾਂ ਲਈ ਮੈਦਾਨ ਵਿੱਚ ਹਨ, ਜਿੱਥੇ 400 ਪੋਲਿੰਗ ਬੂਥਾਂ 'ਤੇ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਡਾ ਪੱਲਵੀ ਨੇ ਦੱਸਿਆ ਕਿ ਸਹਾਇਕ ਰਿਟਰਨਿੰਗ ਅਫ਼ਸਰ ਫ਼ਤਹਿਗੜ੍ਹ ਸਾਹਿਬ 08 (ਅਸੈਂਬਲੀ ਸੈਗਮੈਂਟ 106 ਅਮਰਗੜ੍ਹ) ਸ੍ਰੀ ਗੁਰਮੀਤ ਕੁਮਾਰ ਬਾਂਸਲ ਨੇ ਸਰਕਾਰੀ ਕਾਲਜ ਅਮਰਗੜ੍ਹ ਤੋਂ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਲੋਕ ਸਭਾ ਹਲਕਾ 12 ਸੰਗਰੂਰ (ਅਸੈਂਬਲੀ ਸੈਗਮੈਂਟ 105 ਮਾਲੇਰਕੋਟਲਾ) ਸ੍ਰੀ ਅਪਰਨਾ ਐਮ.ਬੀ. ਦੀ ਦੇਖ ਰੇਖ 'ਚ ਪੋਲਿੰਗ ਪਾਰਟੀਆਂ ਨੂੰ ਰਵਾਨਾ ਕੀਤੀਆਂ। ਉਨ੍ਹਾਂ ਹੋਰ ਦੱਸਿਆ ਕਿ ਅਸੈਂਬਲੀ ਸੈਗਮੈਂਟ 106 ਅਮਰਗੜ੍ਹ ਵਿਖੇ ਕੁਲ 166213 ਵੋਟਰ ਹਨ, ਜਿਨ੍ਹਾਂ ਵਿਚੋਂ 87170 ਪੁਰਸ਼, 77959 ਮਹਿਲਾ,ਦਿਵਿਆਂਗਨ 1081 ਅਤੇ 03 ਤੀਜੇ ਲਿੰਗ ਨਾਲ ਸਬੰਧਤ ਵੋਟਰ ਹਨ। ਇਸੇ ਤਰ੍ਹਾਂ ਅਸੈਂਬਲੀ ਸੈਗਮੈਂਟ 105 ਮਾਲੇਰਕੋਟਲਾ ਵਿਚੋਂ ਕੁਲ 159999 ਵੋਟਰ ਦਰਜ ਹਨ ਜਿਨ੍ਹਾਂ ਵਿਚੋ 84219 ਪੁਰਸ਼, 74840 ਮਹਿਲਾ,ਦਿਵਿਆਂਗਨ 932 ਅਤੇ 08 ਤੀਜੇ ਲਿੰਗ ਨਾਲ ਸਬੰਧਤ ਵੋਟਰ ਦਰਜ ਹਨ ਜੋ ਕਿ 1 ਜੂਨ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ ।
ਜ਼ਿਲ੍ਹਾ ਚੋਣ ਅਫ਼ਸਰ ਨੇ ਅਪੀਲ ਕੀਤੀ ਕਿ ਵੋਟਰ ਬਿਨਾਂ ਕਿਸੇ ਡਰ ਭੈਅ ਤੋਂ ਆਪਣੀ ਵੋਟ ਦਾ ਭੁਗਤਾਨ ਕਰਨ ਅਤੇ ਚੋਣਾਂ ਦੌਰਾਨ ਅਮਨ ਤੇ ਸ਼ਾਂਤੀ ਬਣਾਈ ਰੱਖਣ ਲਈ ਪ੍ਰਸ਼ਾਸਨ ਨੂੰ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ 100 ਫੀਸਦੀ ਮਤਦਾਨ ਕਰਵਾਉਣ ਲਈ ਹਰ ਪੱਖੋਂ ਲੋੜੀਂਦੇ ਪ੍ਰਬੰਧ ਕੀਤੇ ਹਨ, ਇਸ ਲਈ ਹਲਕੇ ਦੇ ਸਮੂਹ ਵੋਟਰ ਆਪਣੇ ਜਮਹੂਰੀ ਹੱਕ ਦੀ ਲਾਜ਼ਮੀ ਵਰਤੋਂ ਕਰਨ।
ਡਾ ਪੱਲਵੀ ਨੇ ਦੱਸਿਆ ਜ਼ਿਲ੍ਹੇ 'ਚ ਮਹਿਲਾਵਾਂ ਵਲੋਂ ਚਲਾਏ ਜਾਣ ਵਾਲੇ 02 ਪਿੰਕ ਪੋਲਿੰਗ ਸਟੇਸ਼ਨਾਂ ਤੋਂ ਇਲਾਵਾ 02 ਗਰੀਨ ਪੋਲਿੰਗ ਬੂਥ,ਦਿਵਿਆਂਗਜਨਾਂ ਵੱਲੋਂ ਸੰਚਾਲਤ 02 ਪੋਲਿਗ ਬੂਥ, ਨੌਜਵਾਨਾਂ ਵਲੋਂ ਸੰਚਾਲਤ 01 ਸਮੇਤ 20 ਮਾਡਲ ਪੋਲਿੰਗ ਸਟੇਸ਼ਨ ਵੀ ਵੋਟਰਾਂ ਲਈ ਖਿਚ ਦਾ ਕੇਂਦਰ ਹੋਣਗੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਚੋਣ ਅਮਲੇ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਡਿਊਟੀ ਪੂਰੀ ਤਰ੍ਹਾਂ ਨਿਰਪੱਖਤਾ, ਸ਼ਿੱਦਤ, ਤਨਦੇਹੀ ਤੇ ਈਮਾਨਦਾਰੀ ਨਾਲ ਨਿਭਾਉਣ। ਉਨ੍ਹਾਂ ਕਿਹਾ ਕਿ ਚੋਣ ਡਿਊਟੀ ਦੌਰਾਨ ਕਿਸੇ ਕਿਸਮ ਦੀ ਕੁਤਾਹੀ ਕਰਨ ਵਾਲੇ ਅਧਿਕਾਰੀ ਜਾਂ ਕਰਮਚਾਰੀ ਵਿਰੁੱਧ ਸਖ਼ਤ ਅਨੁਸ਼ਾਸ਼ਨੀ ਕਰਵਾਈ ਕੀਤੀ ਜਾਵੇਗੀ। ਇਸੇ ਦੌਰਾਨ ਵੱਖ-ਵੱਖ ਥਾਵਾਂ ਤੋਂ ਚੋਣ ਅਮਲੇ ਨੂੰ ਤੋਰਨ ਸਮੇਂ ਜਨਰਲ ਆਬਜ਼ਰਵਰਾਂ ਵੱਲੋਂ ਮਾਈਕਰੋ ਆਬਜ਼ਰਵਰਾਂ ਨੂੰ ਵੀ ਲੋੜੀਂਦੇ ਨਿਰਦੇਸ਼ ਦਿੱਤੇ ਗਏ।
ਇਸੇ ਦੌਰਾਨ ਐਸ.ਐਸ.ਪੀ. ਡਾ. ਸਿਮਰਤ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਅਮਨ ਕਾਨੂੰਨ ਦੀ ਵਿਵਸਥਾ ਬਣਾਏ ਰੱਖਣ ਲਈ ਪੁਲਿਸ ਨੇ ਪੁਖ਼ਤਾ ਇੰਤਜਾਮ ਕੀਤੇ ਹਨ ਤੇ ਇਸ ਲਈ ਜ਼ਿਲ੍ਹਾ ਪੁਲਿਸ ,ਅਰਧ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਇਸਤੋਂ ਇਲਾਵਾ ਜ਼ਿਲ੍ਹੇ ਨੂੰ ਜੋਨਾਂ ਵਿੱਚ ਵੰਡਕੇ ਐਸ.ਪੀਜ ਅਤੇ ਡੀ.ਐਸ.ਪੀ. ਰੈਂਕ ਦੇ ਅਧਿਕਾਰੀ ਵੀ ਤਾਇਨਾਤ ਕੀਤੇ ਗਏ ਹਨ। ਜਦੋਂਕਿ ਲੋੜੀਂਦੀਆਂ ਪੈਟਰੌਲਿੰਗ ਪਾਰਟੀਆਂ ਨੂੰ ਵੀ ਵਾਇਰਲੈਸ ਨਾਲ ਲੈਸ ਕਰਕੇ ਤਾਇਨਾਤ ਕੀਤਾ ਗਿਆ ਹੈ।
ਐਸ.ਐਸ.ਪੀ. ਨੇ ਹੋਰ ਕਿਹਾ ਕਿ ਕਿਸੇ ਵੀ ਗ਼ੈਰ ਸਮਾਜੀ ਅਨਸਰ ਨੂੰ ਕੋਈ ਗੜਬੜੀ ਨਹੀਂ ਕਰਨ ਦਿੱਤੀ ਜਾਵੇਗੀ ਅਤੇ ਅਜਿਹਾ ਕਰਨ ਵਾਲੇ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ ਅਤੇ ਕਿਸੇ ਵੀ ਵਿਅਕਤੀ ਨੂੰ ਮਾਹੌਲ ਖ਼ਰਾਬ ਕਰਨ ਅਤੇ ਕਾਨੂੰਨ ਵਿਵਸਥਾ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਸੁਰੱਖਿਆ ਦੇ ਲਿਹਾਜ਼ ਨਾਲ ਪੋਲਿੰਗ ਬੂਥਾਂ 'ਤੇ ਮਾਈਕਰੋ ਅਬਜ਼ਰਵਰ, ਵੈਬ ਕਾਸਟਿੰਗ ਤੇ ਵਿਸ਼ੇਸ਼ ਵੀਡੀਓਗ੍ਰਾਫ਼ੀ ਕਰਵਾਉਣ ਲਈ ਕੈਮਰੇ ਵੀ ਲਗਾਏ ਗਏ ਹਨ ਤਾਂ ਜੋ ਵੋਟਰ ਨਿਰਭੈਅ ਹੋ ਕੇ ਵੋਟਾਂ ਪਾ ਸਕਣ। ਜ਼ਿਲ੍ਹੇ ਦੇ ਸਾਰੇ ਹਲਕਿਆਂ ਅੰਦਰ ਤਾਇਨਾਤ ਟੀਮਾਂ ਫਲਾਇੰਗ ਸੁਕੈਡ ਅਤੇ ਸਟੈਟਿਕ ਸਰਵੇਲੈਂਸ ਟੀਮਾਂ ਨੂੰ ਜੀ.ਪੀ.ਐਸ. ਤੇ ਕੈਮਰਿਆਂ ਨਾਲ ਲੈਸ ਗੱਡੀਆਂ ਮੁਹੱਈਆ ਕਰਵਾਈਆਂ ਗਈਆਂ ਹਨ ਜੋਕਿ ਹਰ ਗਤੀਵਿਧੀ 'ਤੇ ਨਜ਼ਰ ਰੱਖਣਗੀਆਂ।
ਉਨ੍ਹਾਂ ਵੋਟਰਾ ਨੂੰ ਅਪੀਲ ਕੀਤੀ ਕਿ ਗਰਮੀ ਦੇ ਮੌਸਮ ਨੂੰ ਦੇਖਦਿਆਂ ਵੋਟਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਸਵੇਰ ਦੇ ਸਮੇਂ ਨੂੰ ਤਰਜੀਹ ਦੇਣ ਤੇ ਆਪਣੀ ਵੋਟ ਜ਼ਰੂਰ ਪਾਉਣ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਨੇ ਵੋਟਰਾਂ ਦੀ ਸਹੂਲਤ ਲਈ ‘ਵੋਟਰ ਕਿਊ ਇਨਫਾਰਮੇਸ਼ਨ ਸਿਸਟਮ’ ਸ਼ੁਰੂ ਕੀਤਾ ਗਿਆ ਹੈ। ਜਿਸ ਦੀ ਮਦਦ ਨਾਲ ਵੋਟਰ ਆਪਣੇ ਪੋਲਿੰਗ ਸਟੇਸ਼ਨਾਂ ਤੇ ਵੋਟਰਾਂ ਦੀ ਭੀੜ ਸਬੰਧੀ ਸੂਚਨਾਂ ਇੱਕਤਰ ਕਰ ਸਕਦਾ ਹੈ।