ਵੋਟ ਦੀ ਸੁਚੱਜੀ ਵਰਤੋਂ ਕਰਨਾ ਸਾਡਾ ਸੰਵਿਧਾਨਿਕ ਹੱਕ : ਕਰਮਜੀਤ ਅਨਮੋਲ
- ਆਪ ਉਮੀਦਵਾਰ ਕਰਮਜੀਤ ਅਨਮੋਲ ਵੱਲੋਂ ਫ਼ਰੀਦਕੋਟ ਹਲਕੇ ਦੇ ਵੋਟਰਾਂ ਨੂੰ ਭਾਈਚਾਰਕ ਸਾਂਝ ਮਜ਼ਬੂਤ ਰੱਖਣ ਦੀ ਅਪੀਲ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ/ ਮੋਗਾ 31 ਮਈ 2024 - ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਆਪਣੇ ਹਲਕੇ ਦੇ ਸਾਰੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਆਪਣੀ ਵੋਟ ਦੀ ਸੁਚੱਜੀ ਵਰਤੋਂ ਕਰਨ ਅਤੇ ਹਰ ਹਾਲ ਵੋਟ ਪਾ ਕੇ ਆਉਣ।
ਸ਼ੁੱਕਰਵਾਰ ਨੂੰ ਜਾਰੀ ਪ੍ਰੈਸ ਬਿਆਨ ਰਾਹੀਂ ਕਰਮਜੀਤ ਅਨਮੋਲ ਨੇ ਕਿਹਾ ਕਿ ਲੋਕਤੰਤਰ ਵਿੱਚ ਵੋਟਾਂ ਵਾਲਾ ਦਿਨ ਕਿਸੇ ਮਹਾ ਉਤਸਵ ਤੋਂ ਘੱਟ ਨਹੀਂ ਹੁੰਦਾ। ਸੈਂਕੜੇ ਸਾਲਾਂ ਦੀ ਗ਼ੁਲਾਮੀ ਤੋਂ ਬਾਅਦ ਅਣਗਿਣਤ ਕੁਰਬਾਨੀਆਂ ਨਾਲ ਪ੍ਰਾਪਤ ਕੀਤੀ ਆਜ਼ਾਦੀ ਉਪਰੰਤ ਬਾਬਾ ਸਾਹਿਬ ਡਾਕਟਰ ਭੀਮ ਰਾਓ ਕਮੇਟੀ ਵੱਲੋਂ ਲਿਖੇ ਭਾਰਤੀ ਸੰਵਿਧਾਨ ਨੇ ਦੇਸ਼ ਦੇ ਹਰ ਨਾਗਰਿਕ ਨੂੰ ਵੋਟ ਦਾ ਬਰਾਬਰ ਹੱਕ ਦਿੱਤਾ ਹੈ। ਇਸ ਲਈ ਸਾਡਾ ਫ਼ਰਜ਼ ਹੈ ਕਿ ਅਸੀਂ ਵੋਟ ਦੇ ਅਧਿਕਾਰ ਦੀ ਸੋਚ ਸਮਝ ਕੇ ਸੁਚੱਜੀ ਵਰਤੋਂ ਕਰੀਏ ਅਤੇ ਆਪਣੇ ਮਨਪਸੰਦ ਦਾ ਨੁਮਾਇੰਦਾ ਪਾਰਲੀਮੈਂਟ ਵਿੱਚ ਭੇਜੀਏ।
ਉਨ੍ਹਾਂ ਅਪੀਲ ਕੀਤੀ ਕਿ ਵੋਟਾਂ ਵਾਲੇ ਦਿਨ ਲੋਕ ਕਿਸੇ ਵੀ ਸਿਆਸੀ ਬਹਿਕਾਵੇ ਵਿੱਚ ਆ ਕੇ ਆਪਸੀ ਪ੍ਰੇਮ ਪਿਆਰ ਅਤੇ ਸਮਾਜਿਕ ਭਾਈਚਾਰਕ ਸਾਂਝ ਨੂੰ ਕੋਈ ਆਂਚ ਨਾ ਆਉਣ ਦੇਣ। ਇਹੋ ਕਦਮ ਜਿੱਥੇ ਗੁਰੂਆਂ ਪੀਰਾਂ ਵੱਲੋਂ ਦਿੱਤੇ ਸਰਬ ਸਾਂਝੀ ਵਾਲਤਾ ਤੇ ਸੰਦੇਸ਼ ਪ੍ਰਤੀ ਸੱਚੀ ਸ਼ਰਧਾ ਹੋਵੇਗੀ, ਉੱਥੇ ਵੋਟ ਦੇ ਅਧਿਕਾਰ ਲਈ ਆਜ਼ਾਦੀ ਦੀ ਜੰਗ ਵਿੱਚ ਲਾਸਾਨੀ ਕੁਰਬਾਨੀਆਂ ਦੇਣ ਵਾਲੇ ਸਾਡੇ ਮਹਾਨ ਸੂਰਬੀਰ ਸ਼ਹੀਦਾਂ ਪ੍ਰਤੀ ਸੱਚੀ ਸ਼ਰਧਾਂਜਲੀ ਵੀ ਹੋਵੇਗੀ।