ਦਿੱਲੀ ਹਾਈ ਕੋਰਟ ਦੀ ਟਿੱਪਣੀ ਤੋਂ ਬਾਅਦ ਕੇਜਰੀਵਾਲ ਨੂੰ ਜੇਕਰ ਥੋੜੀ ਵੀ ਸ਼ਰਮ ਹੈ ਤਾਂ ਤੁਰੰਤ ਅਸਤੀਫ਼ਾ ਦੇਵੇ - ਹਰਜੀਤ ਗਰੇਵਾਲ
- ਭਾਜਪਾ 13 ਦੀਆਂ 13 ਸੀਟਾਂ 'ਤੇ ਸ਼ਾਨਦਾਰ ਜਿੱਤ ਹਾਸਲ ਕਰੇਗੀ-ਗਰੇਵਾਲ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ, 27 ਅਪ੍ਰੈਲ 2024: ਅੱਜ ਜ਼ਿਲ੍ਹਾ ਭਾਜਪਾ ਦਫ਼ਤਰ ਰੋਪੜ ਵਿਖੇ ਕੌਮੀ ਕਾਰਜਕਾਰੀ ਮੈਂਬਰ ਹਰਜੀਤ ਸਿੰਘ ਗਰੇਵਾਲ ਪਹੁੰਚੇ। ਇਸ ਮੌਕੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਹਰਜੀਤ ਸਿੰਘ ਗਰੇਵਾਲ ਵੱਲੋਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਜੰਮ ਕੇ ਵਰ੍ਹਦਿਆਂ ਕਿਹਾ ਕਿ ਦਿੱਲੀ ਹਾਈਕੋਰਟ ਨੇ ਦਿੱਲੀ ਸਰਕਾਰ ਅਤੇ ਦਿੱਲੀ ਨਗਰ ਨਿਗਮ (ਐਮਸੀਡੀ) ਨੂੰ 2 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਪਾਠ ਪੁਸਤਕਾਂ ਉਪਲਬਧ ਨਾ ਕਰਵਾ ਸਕਣ 'ਤੇ ਕਰਾਰੀ ਫਟਕਾਰ ਲਗਾਈ ਹੈ, ਅਤੇ ਹਾਈਕੋਰਟ ਨੇ ਸਖ਼ਤ ਲਹਿਜੇ 'ਚ ਟਿੱਪਣੀ ਕੀਤੀ ਹੈ ਕਿ ਦਿੱਲੀ ਸਰਕਾਰ ਦੀ ਦਿਲਚਸਪੀ ਸਿਰਫ ਸੱਤਾ ਵਿਚ ਬਣੇ ਰਹਿਣ ਦੀ ਹੈ, ਜਦੋਂ ਕਿ ਗ੍ਰਿਫਤਾਰੀ ਤੋਂ ਬਾਵਜੂਦ ਅਸਤੀਫਾ ਨਾ ਦੇ ਕੇ ਅਰਵਿੰਦ ਕੇਜਰੀਵਾਲ ਨੇ ਦੇਸ਼ ਹਿੱਤ ਤੋਂ ਉੱਪਰ ਨਿੱਜੀ ਹਿੱਤਾਂ ਨੂੰ ਮਹੱਤਤਾ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਨੈਤਿਕ ਆਧਾਰ 'ਤੇ ਅਸਤੀਫਾ ਦੇਣਾ ਚਾਹੀਦਾ ਸੀ, ਉਨ੍ਹਾਂ ਨੂੰ ਦੇਸ਼ ਹਿੱਤ ਨਾਲੋਂ ਆਪਣੇ ਨਿੱਜੀ ਹਿੱਤਾਂ ਦੀ ਜ਼ਿਆਦਾ ਚਿੰਤਾ ਹੈ। ਉਨ੍ਹਾਂ ਕਿਹਾ ਕਿ ਇਹ ਮੇਰੇ ਸ਼ਬਦ ਨਹੀਂ ਹਨ, ਦਿੱਲੀ ਹਾਈਕੋਰਟ ਨੇ ਟਿੱਪਣੀ ਕੀਤੀ ਹੈ। ਉਨ੍ਹਾਂ ਅਰਵਿੰਦ ਕੇਜਰੀਵਾਲ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ ਤੁਹਾਨੂੰ ਥੋੜੀ ਵੀ ਸ਼ਰਮ ਹੈ ਤਾਂ ਦਿੱਲੀ ਹਾਈ ਕੋਰਟ ਦੀ ਇਸ ਟਿੱਪਣੀ ਤੋਂ ਬਾਅਦ ਅਸਤੀਫ਼ਾ ਦੇ ਦਿਓ। ਸ. ਗਰੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐਮਸੀਡੀ ਕਮਿਸ਼ਨਰ ਨੇ ਅਦਾਲਤ ਵਿੱਚ ਦਲੀਲ ਦਿੱਤੀ ਸੀ ਕਿ ਨੋਟਬੁੱਕ, ਸਟੇਸ਼ਨਰੀ ਦਾ ਸਮਾਨ, ਵਰਦੀਆਂ ਅਤੇ ਸਕੂਲੀ ਬੈਗ ਨਾ ਵੰਡਣ ਦਾ ਇੱਕ ਵੱਡਾ ਕਾਰਨ ਸਥਾਨਕ ਕਮੇਟੀਆਂ ਦਾ ਗਠਨ ਨਾ ਹੋਣਾ ਹੈ।
ਪੰਜ ਕਰੋੜ ਰੁਪਏ ਤੋਂ ਵੱਧ ਦੇ ਠੇਕੇ ਦੇਣ ਦਾ ਅਧਿਕਾਰ ਸਿਰਫ਼ ਕਮੇਟੀਆਂ ਕੋਲ ਹੈ ਅਤੇ ਕਮੇਟੀਆਂ ਦੇ ਚੇਅਰਮੈਨ ਮੁੱਖ ਮੰਤਰੀ ਹਨ, ਜੋ ਇਸ ਵੇਲੇ ਜੇਲ੍ਹ ਵਿੱਚ ਹਨ। ਚੇਅਰਮੈਨ ਤੋਂ ਬਿਨਾਂ ਕਮੇਟੀਆਂ ਕਾਨੂੰਨ ਅਨੁਸਾਰ ਕੋਈ ਫੈਸਲਾ ਨਹੀਂ ਲੈ ਸਕਦੀਆਂ। ਇਸ ਲਈ ਬੱਚੇ ਇਸ ਸਮੇਂ ਕਿਤਾਬਾਂ ਦੇ ਨਾਲ-ਨਾਲ ਸਟੇਸ਼ਨਰੀ ਅਤੇ ਸਕੂਲ ਬੈਗ ਤੋਂ ਵੀ ਵਾਂਝੇ ਹਨ। ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ ਸ. ਗਰੇਵਾਲ ਨੇ ਕਿਹਾ ਕਿ ਦਿੱਲੀ 'ਚ ਸਿੱਖਿਆ ਦਾ ਢਾਂਚਾ ਵਿਸ਼ਵ ਪੱਧਰੀ ਬਣਾਉਣ ਦਾ ਦਾਅਵਾ ਕਰਨ ਵਾਲੇ 'ਆਪ' ਦੇ ਮੰਤਰੀ ਸੱਤਾ ਦੇ ਲਾਲਚ ਕਾਰਨ ਬੱਚਿਆਂ ਨੂੰ ਕਿਤਾਬਾਂ ਅਤੇ ਹੋਰ ਜ਼ਰੂਰੀ ਸਮਾਨ ਦੇਣ ਲਈ ਗੰਭੀਰ ਨਹੀਂ ਹਨ। ਅੱਜ ਸੱਤਾ ਦਾ ਲਾਲਚ 'ਆਪ' ਲੀਡਰਸ਼ਿਪ ਦੀਆਂ ਨਜ਼ਰਾਂ 'ਚ ਸਿੱਖਿਆ ਤੋਂ ਵੀ ਵੱਡਾ ਹੋ ਗਿਆ ਹੈ। ਕਿਸਾਨਾਂ ਦੇ ਸੰਬੰਧ ਵਿਚ ਪੱਤਰਕਾਰਾਂ ਵਲੋਂ ਪੁੱਛੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਸ. ਗਰੇਵਾਲ ਨੇ ਕਿਹਾ ਕਿ ਕਿਸਾਨ ਸਾਡੇ ਭਰਾ ਹਨ ਤੇ ਅੱਜ ਪਿੰਡਾਂ ਵਿਚ ਜ਼ਮੀਨੀ ਪੱਧਰ 'ਤੇ ਕਿਸਾਨਾਂ ਵਲੋਂ ਕੋਈ ਵਿਰੋਧ ਨਹੀਂ ਕੀਤਾ ਜਾ ਰਿਹਾ ਹੈ।
ਗਰੇਵਾਲ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਰਾਜ ਦੌਰਾਨ ਯੂਰੀਆ ਅਤੇ ਡੀਏਪੀ ਖਾਦਾਂ ਕਿਸਾਨਾਂ ਨੂੰ ਸਮੇਂ ਸਿਰ ਨਾ ਮਿਲਣਾ ਜਾਂ ਖਾਦ ਬਲੈਕ ਵਿਚ ਮਿਲਣ ਕਾਰਨ ਕਿਸਾਨ ਆਪਣੀ ਫ਼ਸਲ ਸਮੇਂ ਸਿਰ ਬੀਜਣ ਤੋਂ ਰਹਿ ਜਾਂਦੇ ਸਨ ਅਤੇ ਕਈ ਵਾਰ ਡੀਜ਼ਲ ਲੈਣ ਲਈ ਕਿਸਾਨਾਂ ਨੂੰ ਲੰਬੀਆਂ ਲਾਈਨਾਂ ਵਿਚ ਲੱਗਣਾ ਪੈਂਦਾ ਸੀ, ਜਿਸ ਕਾਰਨ ਕਿਸਾਨਾਂ ਦੀ ਫਸਲ ਦਾ ਝਾੜ ਘੱਟ ਜਾਂਦਾ ਸੀ ਤੇ ਮੰਡੀਆਂ ਵਿਚ ਸਮੇਂ ਸਿਰ ਫ਼ਸਲ ਦੀ ਖ਼ਰੀਦ ਨਾ ਹੋਣ ਕਾਰਨ ਕਈ ਕਈ ਦਿਨ ਮੰਡੀਆਂ ਵਿਚ ਖੱਜਲ ਖੁਆਰ ਹੋਣਾ ਪੈਂਦਾ ਸੀ। ਕਿਸਾਨਾਂ ਨੂੰ ਫਸਲਾਂ ਦਾ ਠੀਕ ਰੇਟ ਨਹੀਂ ਸੀ ਮਿਲਦਾ ਅਤੇ ਕਿਸਾਨਾਂ ਨੂੰ ਫਸਲਾਂ ਦੀ ਅਦਾਇਗੀ ਲਈ ਵੀ ਲੰਬੀ ਉਡੀਕ ਕਰਨੀ ਪੈਂਦੀ ਸੀ। ਜਦੋਂ ਦੀ ਕੇਂਦਰ ਵਿਚ ਭਾਜਪਾ ਦੀ ਸਰਕਾਰ ਆਈ ਹੈ, ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਿਆ। ਕਿਸਾਨਾਂ ਨੂੰ ਖਾਦ ਅਤੇ ਬੀਜ ਖਰੀਦਣ ਲਈ ਕਿਸਾਨ ਨਿਧੀ ਸਕੀਮ ਰਾਹੀਂ ਕਿਸਾਨਾਂ ਦੇ ਖਾਤੇ ਵਿਚ ਸਿੱਧੀ ਅਦਾਇਗੀ ਹੋ ਜਾਂਦੀ ਹੈ ਤਾਂ ਜੋ ਕਿਸਾਨਾਂ ਸਮੇਂ ਸਿਰ ਖਾਦ ਅਤੇ ਬੀਜ ਖਰੀਦ ਸਕਣ। ਉਨ੍ਹਾਂ ਕਿਹਾ ਕਿ ਕਿਸਾਨ ਬਹੁਤ ਸਮਝਦਾਰ ਹਨ, ਜੋ ਮਤਲਬੀ ਸਰਕਾਰਾਂ ਨੂੰ ਮੂੰਹ ਨਹੀਂ ਲਗਾਉਣਗੇ।
ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਤੋਂ ਇਲਾਵਾ ਹਰੇਕ ਵਰਗ ਦੀ ਭਲਾਈ ਲਈ ਮੋਦੀ ਸਰਕਾਰ ਨੇ ਵਧੀਆ ਸਕੀਮਾਂ ਬਣਾਈਆਂ ਹਨ। ਇਸ ਲਈ ਹਰੇਕ ਵਰਗ ਦੇ ਲੋਕ ਮੋਦੀ ਸਰਕਾਰ ਦੇ ਕੀਤੇ ਕੰਮਾਂ ਤੋਂ ਖੁਸ਼ ਹੈ। ਸਭ ਦਾ ਸਾਥ ਸਭ ਦਾ ਵਿਕਾਸ ਮੋਦੀ ਜੀ ਦਾ ਨਾਅਰਾ ਹੈ ਇਹੀ ਕਾਰਨ ਹੈ ਭਾਰਤ ਨੇ ਇਸ ਵੇਲੇ ਪੂਰੀ ਦੁਨੀਆ ਵਿਚ ਆਪਣਾ ਨਾਂ ਚਮਕਾਇਆ ਹੈ। ਮੋਦੀ ਅਜਿਹੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਦੇ ਕੀਤੇ ਗਏ ਦੇਸ਼ ਹਿੱਤ ਅਤੇ ਲੋਕ ਹਿਤ ਕੰਮਾਂ ਤੋਂ ਵਿਰੋਧੀ ਵੀ ਘਬਰਾ ਰਹੇ ਹਨ ਅਤੇ ਭਾਜਪਾ ਦੇ ਕੀਤੇ ਕੰਮਾਂ ਅਤੇ ਚੰਗੀਆਂ ਨੀਤੀਆਂ ਨੂੰ ਦੇਖਦੇ ਹੋਏ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਦੇਸ਼ ਹਿੱਤ ਅਤੇ ਲੋਕ ਹਿਤਾਂ ਲਈ ਕੰਮ ਕਰਨ ਵਾਲੀ ਪਾਰਟੀ ਭਾਜਪਾ ਨਾਲ ਜੁੜ ਰਹੇ ਹਨ ਤਾਂ ਜੋ ਪੰਜਾਬ ਅਤੇ ਭਾਰਤ ਨੂੰ ਹੋਰ ਬੁਲੰਦੀਆਂ 'ਤੇ ਪਹੁੰਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਵਿਚੋਂ 13 ਦੀਆਂ 13 ਸੀਟਾਂ 'ਤੇ ਸ਼ਾਨਦਾਰ ਜਿੱਤ ਹਾਸਲ ਕਰੇਗੀ ਅਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮਦੀ ਜੀ ਦੇ 400 ਪਾਰ ਦੇ ਸੰਕਲਪ ਵਿਚ ਯੋਗਦਾਨ ਪਾਏਗੀ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਰਮਨ ਜਿੰਦਲ, ਮੀਤ ਪ੍ਰਧਾਨ ਜਗਦੀਸ਼ ਕਟਲੀ, ਜਗਦੀਸ਼ ਚੰਦਰ ਕਾਜਲਾ,ਬਲਰਾਮ ਪ੍ਰਾਸ਼ਰ ਜ਼ਿਲ੍ਹਾ ਬੁਲਾਰਾ, ਜ਼ਿਲ੍ਹਾ ਖਜ਼ਾਨਚੀ ਸੁਰਿੰਦਰਪਾਲ ਸੇਠੀ, ਅਭੀਸ਼ੇਕ ਅਗਨੀਹੋਤਰੀ, ਹਿੰਮਤ ਸਿੰਘ ਗਿਰਨ, ਜਤਿੰਦਰ ਸਿੰਘ ਅਠਵਾਲ, ਰਾਕੇਸ਼ ਚੋਪੜਾ ਆਦਿ ਮੌਜੂਦ ਸਨ।