ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਮੁੱਖ ਮੰਤਰੀ ਸਮੇਤ ਸੁਰੱਖਿਆ ਲੀਕ ਕਰਨ ਵਾਲੇ ਲੋਕਾਂ ਨੂੰ ਨਾਮਜ਼ਦ ਕੀਤਾ ਜਾਵੇ - ਚਰਨਜੀਤ ਚੰਨੀ
- ਮੁੱਖ ਮੰਤਰੀ ਤੇ ਉਸਦੇ ਸਾਥੀਆਂ ਅਤੇ ਕਤਲ ਕਰਨ ਵਾਲੇ ਗੈਂਗਸਟਰਾਂ ਦੀ ਮਿਲੀ ਭੁਗਤ ਦੀ ਹੋਵੇ ਜਾਂਚ
ਜਲੰਧਰ, 4 ਮਈ 2024 - ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਅਤੇ ਸੁਰੱਖਿਆ ਲੀਕ ਕਰਨ ਵਾਲੇ ਉਸਦੇ ਸਾਥੀਆਂ ਨੂੰ ਨਾਮਜ਼ਦ ਕਰਕੇ ਇੰਨਾਂ ਦੀ ਗੈਂਗਸਟਰਾਂ ਨਾਲ ਮਿਲੀ ਭੁਗਤ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ।ਇਹ ਗੱਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਹੀ।ਸ.ਚੰਨੀ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨਾਲ ਉੱਨਾਂ ਦਾ ਬਹੁਤ ਪਿਆਰ ਸੀ ਤੇ ਉਸਦੀ ਮੋਤ ਦੇ ਦੁੱਖ ਨੂੰ ਕਦੇ ਨਹੀ ਭੁਲਾਇਆ ਜਾ ਸਕਦਾ।ਚੰਨੀ ਨੇ ਕਿਹਾ ਕਿ ਉਨਾ ਪਹਿਲਾਂ ਵੀ ਕਿਹਾ ਸੀ ਕਿ ਇਹ ਰਾਜਨੀਤਕ ਕਤਲ ਹੈ ਤੇ ਸੋਚੀ ਸਮਝੀ ਸਾਜ਼ਿਸ਼ ਤਹਿਤ ਕਰਵਾਇਆ ਗਿਆ ਹੈ।
ਉਨਾਂ ਕਿਹਾ ਕਿ ਇਹ ਕਤਲ ਸੁਰੱਖਿਆ ਵਾਪਸ ਲੈਣ ਅਤੇ ਵਾਪਸ ਲਈ ਸੁਰੱਖਿਆ ਦੀ ਗੱਲ ਲੀਕ ਕਰਨ ਕਾਰਨ ਹੋਇਆ ਹੈ ਜਦ ਕਿ ਪੰਜਾਬ ਸਰਕਾਰ ਇਹ ਗੱਲ ਮੰਨਣ ਲਈ ਤਿਆਰ ਨਹੀਂ ਸੀ ਪਰ ਹੁਣ ਪੰਜਾਬ ਦੇ ਐਡਵੋਕੇਟ ਜਨਰਲ ਨੇ ਸੁਪਰੀਮ ਕੋਰਟ ਵਿੱਚ ਮੰਨਿਆ ਹੈ ਕਿ ਸਿੱਧੂ ਮੂਸੇਵਾਲਾ ਦਾ ਕਤਲ ਸੁਰੱਖਿਆ ਵਾਪਸ ਲੈਣ ਕਾਰਨ ਹੋਇਆ ਹੈ।ਉਨਾਂ ਕਿਹਾ ਕਿ ਪੰਜਾਬ ਦੇ ਐਡਵੋਕੇਟ ਆਮ ਜਨਰਲ ਨੇ ਸੁਪਰੀਮ ਕੋਰਟ ਵਿੱਚ ਮੁੱਖ ਮੰਤਰੀ ਦੀ ਸੁਰੱਖਿਆ ਦਾ ਵੀ ਹਵਾਲਾ ਦਿੱਤਾ ਹੈ ਜਿਸ ਤੋ ਇਹ ਸਾਫ ਹੈ ਕਿ ਜੇਕਰ ਸੂਬੇ ਦਾ ਮੁੱਖ ਮੰਤਰੀ ਹੀ ਸੁਰੱਖਿਅਤ ਨਹੀਂ ਹੈ ਤਾਂ ਬਾਕੀ ਲੋਕਾਂ ਦੀ ਸੁਰੱਖਿਆ ਕਿਸ ਦੇ ਸਹਾਰੇ ਹੈ।ਉੱਨਾਂ ਕਿਹਾ ਕਿ ਸੂਬੇ ਦੇ ਵਿੱਚ ਅਮਨ ਕਨੂੰਨ ਦੀ ਸਥਿਤੀ ਦਾ ਮਾੜਾ ਹੈ।ਚਰਨਜੀਤ ਸਿੰਘ ਚੰਨੀ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣ ਵਾਲੇ ਮੁੱਖ ਮੰਤਰੀ ਸਮੇਤ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਲੀਕ ਕਰਨ ਵਾਲੇ ਮੁੱਖ ਮੰਤਰੀ ਦੇ ਸਾਥੀਆਂ ਨੂੰ ਵੀ ਇਸ ਕੇਸ ਵਿੱਚ ਨਾਮਜ਼ਦ ਕੀਤਾ ਜਾਵੇ।
ਚੰਨੀ ਨੇ ਕਿਹਾ ਕਿ ਐਸ.ਆਈ.ਟੀ ਦੁਆਰਾ ਪੰਜਾਬ ਦੇ ਮੁੱਖ ਮੰਤਰੀ ਤੇ ਉੱਨਾਂ ਦੇ ਸਾਥੀਆਂ ਅਤੇ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲੇ ਗੈਗਸਟਰਾਂ ਦੀ ਮਿਲੀ ਭੁਗਤ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਕ੍ਰਾਂਤੀਕਾਰੀ ਸੋਚ ਰੱਖਣ ਵਾਲੇ ਪੰਜਾਬ ਦੇ ਹੀਰੇ ਦੀ ਮੋਤ ਦਾ ਇੰਸਾਫ ਮਿਲ ਸਕੇ।ਚੰਨੀ ਨੇ ਕਿਹਾ ਕਿ ਜੇਕਰ ਬਰਗਾੜੀ ਮਾਮਲੇ ਵਿੱਚ ਉਸ ਸਮੇਂ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਕੇਸ ਵਿੱਚ ਨਾਮਜ਼ਦ ਕੀਤਾ ਜਾ ਸਕਦਾ ਹੈ ਤਾਂ ਇਸ ਕਤਲ ਦੇ ਜ਼ਿੰਮੇਵਾਰ ਮੁੱਖ ਮੰਤਰੀ ਤੇ ਉਸਦੇ ਸਬੰਧਤ ਸਾਥੀਆਂ ਨੂੰ ਵੀ ਨਾਮਜਦ ਕੀਤਾ ਜਾ ਸਕਦਾ ਹੈ।ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਿੱਧੂ ਦੇ ਮਾਪੇ ਬਿਲਕ ਰਹੇ ਹਨ ਤੇ ਆਪਣੇ ਪੁੱਤਰ ਦੀ ਮੋਤ ਦੇ ਇਨਸਾਫ਼ ਲਈ ਜੱਦੋ ਜਹਿਦ ਵੀ ਕਰ ਰਹੇ ਹਨ ਪਰ ਸਰਕਾਰ ਨਾਂ ਤਾ ਉੱਨਾਂ ਦੀਆਂ ਗੱਲ ਸੁਣਦੀ ਹੈ ਤੇ ਨਾਂ ਹੀ ਅਜੇ ਤੱਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਦੇ ਪਿੱਛੇ ਕੰਮ ਕਰਨ ਵਾਲੇ ਲੋਕਾਂ ਨੂੰ ਪਕੜ ਕੇ ਇੰਸਾਫ ਦਿੱਤਾ ਗਿਆ ਹੈ।
ਉਨਾਂ ਕਿਹਾ ਕਿ ਇਹ ਸਰਕਾਰ ਦੀ ਵੱਡੀ ਨਾਲਾਇਕੀ ਹੈ ਕਿ ਢਾਈ ਸਾਲ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰੱਚਣ ਵਾਲਿਆਂ ਨੂੰ ਨਹੀ ਪਕੜਿਆ ਗਿਆ ਹੈ।ਉੱਨਾਂ ਕਿਹਾ ਕਿ ਸਿੱਧੂ ਮੂਸੇਵਾਲਾ ਕੇਵਲ ਇੱਕ ਗਾਇਕ ਹੀ ਨਹੀ ਬਲਕਿ ਪੰਜਾਬ ਦਾ ਉਹ ਹੀਰਾ ਸੀ ਜਿਸਦੀ ਚਮਕ ਸਾਰੀ ਦੁਨੀਆ ਵਿੱਚ ਸੀ ਤੇ ਉਸਨੂੰ ਚਾਹੁਣ ਵਾਲੇ ਅੱਜ ਵੀ ਉਸਦੀ ਯਾਦ ਨੂੰ ਆਪਣੇ ਦਿਲਾਂ ਵਿੱਚ ਵਸਾਈ ਬੇਠੇ ਹਨ ਪਰ ਮੋਤ ਦਾ ਇੰਸਾਫ ਨਾਂ ਮਿਲਣ ਕਾਰਨ ਇਹ ਸਾਰੇ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਵੀ ਹਨ।