ਚੋਣ ਮੁਹਿੰਮ ਨੂੰ ਲੋਕਾਂ ਵੱਲੋਂ ਦਿੱਤੇ ਜਾ ਰਹੇ ਭਰਵੇਂ ਹੁੰਗਾਰੇ ਤੋਂ ਸਪਸ਼ਟ ਹੋ ਗਿਆ ਕਿ ਅਕਾਲੀ ਦਲ ਦੀ ਜਿੱਤ ਪੱਕੀ: ਐਨ ਕੇ ਸ਼ਰਮਾ
- ਸੁਰਜੀਤ ਰੱਖੜਾ, ਬੀਬੀ ਮੁਖਮੇਲਪੁਰ,ਚਰਨਜੀਤ ਬਰਾੜ, ਭੁਪਿੰਦਰ ਸ਼ੇਖੂਪੁਰਾ, ਕਬੀਰ ਦਾਸ,ਬਿੱਟੂ ਚੱਠਾ, ਮੱਖਣ ਲਾਲਕਾ, ,ਸੁਰਜੀਤ ਸਿੰਘ ਗੜ੍ਹੀ ਸਮੇਤ ਉਦਘਾਟਨ ਮੌਕੇ ਵੱਡੇ ਆਗੂ ਪਹੁੰਚੇ
ਜਗਤਾਰ ਸਿੰਘ
ਪਟਿਆਲਾ, 7 ਮਈ 2024 : ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਪਾਰਲੀਮਾਨੀ ਹਲਕੇ ਤੋਂ ਉਮੀਦਵਾਰ ਐਨ ਕੇ ਸ਼ਰਮਾ ਦੇ ਮੁੱਖ ਚੋਣ ਦਫਤਰ ਦਾ ਉਦਘਾਟਨ ਅੱਜ ਕੇਂਦਰੀ ਜੇਲ੍ਹ ਰੋਡ ਪਟਿਆਲਾ ’ਤੇ ਹੋਟਲ ਸ਼ੌਰਿਆ ਦੇ ਨੇੜੇ ਕੀਤਾ ਗਿਆ।
ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ, ਉਪਰੰਤ ਇਲਾਹੀ ਬਾਣੀ ਦਾ ਰਸਭਿੰਨਾ ਕੀਰਤਨ ਹੋਇਆ ਤੇ ਫਿਰ ਅਰਦਾਸ ਕਰ ਕੇ ਦਫਤਰ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਸਾਬਕਾ ਐਮ ਐਲ ਏ ਹਰਪ੍ਰੀਤ ਕੌਰ ਮੁਖਮੇਲਪੁਰ, ਚਰਨਜੀਤ ਸਿੰਘ ਬਰਾੜ, ਜਸਪਾਲ ਸਿੰਘ ਬਿੱਟੂ ਚੱਠਾ, ਅਮਰਿੰਦਰ ਸਿੰਘ ਬਜਾਜ, ਇੰਦਰਮੋਹਨ ਸਿੰਘ ਬਜਾਜ, ਕਬੀਰ ਦਾਸ, ਅਮਿਤ ਰਾਠੀ, ਭੁਪਿੰਦਰ ਸ਼ੇਖੂਪੁਰਾ, ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਗੜ੍ਹੀ, ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਕਰਤਾਰਪੁਰ ਸਮੇਤ ਹੋਰ ਸੀਨੀਅਰ ਲੀਡਰਸ਼ਿਪ ਤੇ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਹਾਜ਼ਰ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਐਨ ਕੇ ਸ਼ਰਮਾ ਨੇ ਕਿਹਾ ਕਿ ਜਿਸ ਤਰੀਕੇ ਦਾ ਹੁੰਗਾਰਾ ਚੋਣ ਮੁਹਿੰਮ ਵਾਸਤੇ ਲੋਕਾਂ ਵੱਲੋਂ ਦਿੱਤਾ ਜਾ ਰਿਹਾ ਹੈ, ਉਸ ਤੋਂ ਸਪਸ਼ਟ ਹੋ ਗਿਆ ਹੈ ਕਿ ਹਲਕੇ ਤੋਂ ਅਕਾਲੀ ਦਲ ਦੀ ਜਿੱਤ ਪੱਕੀ ਹੈ। ਉਹਨਾਂ ਕਿਹਾ ਕਿ ਲੋਕਾਂ ਵਿਚ ਉਹਨਾਂ ਦੀ ਚੋਣ ਮੁਹਿੰਮ ਨੂੰ ਲੈ ਕੇ ਬਹੁਤ ਉਤਸ਼ਾਹ ਹੈ ਜਿਸ ਲਈ ਉਹ ਬਹੁਤ ਧੰਨਵਾਦੀ ਹਨ। ਉਹਨਾਂ ਕਿਹਾ ਕਿ ਵੋਟਾਂ ਵਾਲੇ ਦਿਨ ਨੂੰ ਹੁਣ ਸਿਰਫ 20 ਦਿਨਾਂ ਦਾ ਸਮਾਂ ਰਹਿ ਗਿਆ ਹੈ ਜਿਸ ਦੌਰਾਨ 13 ਤਾਰੀਕ ਨੂੰ ਸਮਾਣਾ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਪੰਜਾਬ ਬਚਾਓ ਯਾਤਰਾ ਕੱਢਣਗੇ ਅਤੇ ਇਸ ਮਗਰੋਂ 27 ਮਈ ਨੂੰ ਫਿਰ ਤੋਂ ਸਰਦਾਰ ਬਾਦਲ ਦੇ ਪ੍ਰੋਗਰਾਮ ਹਲਕੇ ਵਿਚ ਰੱਖੇ ਜਾਣਗੇ।
ਉਹਨਾਂ ਨੇ ਸਮੂਹ ਹਲਕਾ ਇੰਚਾਰਜਾਂ, ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਹੁਣ ਸਮਾਂ ਇਕੱਲੇ ਇਕੱਲੇ ਘਰ ਤੇ ਇਕੱਲੇ ਇਕੱਲੇ ਵੋਟ ਤੱਕ ਪਹੁੰਚ ਕਰਨ ਦਾ ਹੈ, ਇਸ ਲਈ ਉਹ ਹੁਣ ਤੋਂ ਹੀ ਫੀਲਡ ਵਿਚ ਡੱਟ ਜਾਣ।
ਉਹਨਾਂ ਕਿਹਾ ਕਿ ਇਕ ਪਾਸੇ ਅਕਾਲੀ ਦਲ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜ੍ਹਾ ਹੈ ਤਾਂ ਦੂਜੇ ਪਾਸੇ ਭਾਜਪਾ ਤੇ ਆਪ ਕਿਸਾਨ ਵਿਰੋਧੀ ਸਾਬਤ ਹੋਏ ਹਨ। ਉਹਨਾਂ ਕਿਹਾ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕਿਸਾਨਾਂ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ। ਉਹਨਾਂ ਕਿਹਾ ਕਿ ਆਪ ਦੇ ਉਮੀਦਵਾਰ ਡਾ. ਬਲਬੀਰ ਸਿੰਘ 24 ਪਿੰਡਾਂ ਦੇ 400 ਕਿਸਾਨ ਪਰਿਵਾਰਾਂ ਨੂੰ ਉਹਨਾਂ ਦੀ ਐਕਵਾਇਰ ਹੋਈ ਜ਼ਮੀਨ ਦਾ ਮੁਆਵਜ਼ਾ ਨਹੀਂ ਦੁਆ ਸਕੇ ਜਿਸ ਕਾਰਨ ਇਹਨਾਂ ਪਿੰਡਾਂ ਵਾਲਿਆਂ ਨੇ ਆਪ ਤੇ ਭਾਜਪਾ ਦੇ ਉਮੀਦਵਾਰਾਂ ਦਾ ਪਿੰਡਾਂ ਵਿਚ ਦਾਖਲਾ ਬੰਦ ਕੀਤਾ ਹੋਇਆ ਹੈ।
ਉਹਨਾਂ ਕਿਹਾ ਕਿ ਇਸੇ ਤਰੀਕੇ ਡਾ. ਗਾਂਧੀ ਨੂੰ ਉਮੀਦਵਾਰ ਬਣਾਉਣ ’ਤੇ ਕਾਂਗਰਸ ਦੇ ਵਰਕਰ ਦੁਖੀ ਹਨ ਤੇ ਉਹਨਾਂ ਵਿਚ ਰੋਸ ਹੈ। ਉਹਨਾਂ ਕਿਹਾ ਕਿ ਹੁਣ ਢੁਕਵਾਂ ਸਮਾਂ ਹੈ ਕਿ ਹਰ ਵਰਗ ਨੂੰ ਅਕਾਲੀ ਦਲ ਦੇ ਨਾਲ ਜੋੜਿਆ ਜਾਵੇ।
ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਲੋਕਾਂ ਵਿਚ ਭਾਜਪਾ, ਆਪ ਤੇ ਕਾਂਗਰਸ ਤਿੰਨਾਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਲੈ ਕੇ ਰੋਹ ਹੈ ਤੇ ਲੋਕ ਅਕਾਲੀ ਦਲ ਦੀ ਡਟਵੀਂ ਹਮਾਇਤ ਕਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਤੇ ਆਪ ਦੇ 7 ਸਾਲਾਂ ਦੇ ਰਾਜ ਵਿਚ ਜਿਥੇ ਪਿੰਡਾਂ ਤੇ ਸ਼ਹਿਰਾਂ ਵਿਚ ਸੜਕਾਂ ਤੇ ਸੀਵਰੇਜ ਸਪਲਾਈ ਦਾ ਬੁਰਾ ਹਾਲ ਹੈ, ਉਥੇ ਹੀ ਸ਼ਗਨ ਸਕੀਮ, ਆਟਾ ਦਾਲ ਸਕੀਮ ਤੇ ਬੁਢਾਪਾ ਪੈਨਸ਼ਨ ਸਮੇਤ ਹੋਰ ਸਮਾਜ ਭਲਾਈ ਲਾਭ ਬੰਦ ਕਰਨ ਕਰਕੇ ਲੋਕਾਂ ਵਿਚ ਬਹੁਤ ਗੁੱਸਾ ਹੈ।
ਇਸ ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਬੀਬੀ ਮੁਖਮੇਲਪੁਰ, ਚਰਨਜੀਤ ਸਿੰਘ ਬਰਾੜ, ਕਬੀਰ ਦਾਸ, ਜਸਪਾਲ ਸਿੰਘ ਬਿੱਟੂ ਚੱਠਾ, ਅਮਰਿੰਦਰ ਸਿੰਘ ਬਜਾਜ, ਸੁਰਜੀਤ ਸਿੰਘ ਗੜ੍ਹੀ ਆਦਿ ਨੇ ਵੀ ਸੰਬੋਧਨ ਕੀਤਾ। ਸਟੇਜ ਸੰਚਾਲਨ ਮਹਿੰਦਰ ਸਿੰਘ ਸੋਢੀ ਨੇ ਕੀਤਾ।