ਅਮਰੀਕਾ ’ਚ ਸੜਕ ਹਾਦਸੇ ਦਾ ਸ਼ਿਕਾਰ ਹੋਏ ਜੁਗਰਾਜ ਸਿੰਘ ਦੀ ਮ੍ਰਿਤਕ ਦੇਹ ਵਾਪਸ ਲਿਆਉਣ ਲਈ ਮਾਪਿਆਂ ਨੇ ਸੰਧੂ ਸਮੁੰਦਰੀ ਦੀ ਕੀਤੀ ਪ੍ਰਸੰਸਾ
- ਨਿਰਸਵਾਰਥ ਕਿਸੇ ਦੀ ਮਦਦ ਉਹੀ ਕਰ ਸਕਦਾ ਹੈ ਜਿਸ ਦੇ ਖ਼ੂਨ ’ਚ ਗ਼ੈਰਤ ਹੋਵੇ - ਪਿਤਾ ਦਿਲਬਾਗ ਸਿੰਘ
- ਪ੍ਰਮਾਤਮਾ ਦੀ ਕਿਰਪਾ ਆਪਣਾ ਫ਼ਰਜ਼ ਨਿਭਾ ਸਕਿਆ ਹਾਂ- ਤਰਨਜੀਤ ਸਿੰਘ ਸੰਧੂ ਸਮੁੰਦਰੀ
- ਕਿਹਾ, ਅੰਮ੍ਰਿਤਸਰ ਵਿਚ ਹੁਨਰ, ਸਿੱਖਿਆ ਅਤੇ ਸਵੈ-ਰੁਜ਼ਗਾਰ ਦੀ ਅਜਿਹੀ ਪ੍ਰਣਾਲੀ ਸਥਾਪਿਤ ਕਰਾਂਗੇ ਤਾਂ ਜੋ ਨੌਜਵਾਨਾਂ ਨੂੰ ਵਿਦੇਸ਼ ਜਾਣ ਦੀ ਲੋੜ ਹੀ ਨਾ ਪਵੇ
ਇਬਰਾਹੀਮਪੁਰ/ਅਜਨਾਲਾ 7 ਮਈ 2024 - ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਕਿਹਾ ਕਿ ਅਸੀਂ ਅੰਮ੍ਰਿਤਸਰ ਵਿਚ ਹੁਨਰ, ਸਿੱਖਿਆ ਅਤੇ ਸਵੈ-ਰੁਜ਼ਗਾਰ ਦੀ ਅਜਿਹੀ ਪ੍ਰਣਾਲੀ ਸਥਾਪਿਤ ਕਰਾਂਗੇ ਤਾਂ ਜੋ ਨੌਜਵਾਨਾਂ ਨੂੰ ਵਿਦੇਸ਼ ਜਾਣ ਦੀ ਲੋੜ ਹੀ ਨਾ ਪਵੇ ਜਾਂ ਫਿਰ ਵਿਦੇਸ਼ ਜਾਣ ਵਾਲੇ ਨੌਜਵਾਨਾਂ ਨੂੰ ਉੱਥੇ ਰੁਜ਼ਗਾਰ ਪ੍ਰਾਪਤ ਕਰਨ ’ਚ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਤਰਨਜੀਤ ਸਿੰਘ ਸੰਧੂ ਨੇ ਅਮਰੀਕਾ ਵਿੱਚ ਸੜਕ ਹਾਦਸੇ ਦਾ ਸ਼ਿਕਾਰ ਹੋਏ 27 ਸਾਲਾ ਨੌਜਵਾਨ ਜੁਗਰਾਜ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਉਨ੍ਹਾਂ ਦੇ ਗ੍ਰਹਿ ਪਿੰਡ ਇਬਰਾਹਿਮਪੁਰ ਵਿਖੇ ਪਹੁੰਚੇ ਹੋਏ ਸਨ। ਉਨਾਂ ਨਾਲ ਹਲਕਾ ਇੰਚਾਰਜ ਬੋਨੀ ਅਮਰਪਾਲ ਸਿੰਘ ਅਜਨਾਲਾ, ਸੂਬਾ ਬੁਲਾਰੇ ਪ੍ਰੋ. ਸਰਚਾਂਦ ਸਿੰਘ, ਭੁਪਿੰਦਰ ਸਿੰਘ ਰੰਧਾਵਾ ਵੀ ਮੌਜੂਦ ਸਨ। ਇਸ ਮੌਕੇ ਮ੍ਰਿਤਕ ਦੀ ਮਾਤਾ ਸ੍ਰੀਮਤੀ ਹਰਜੀਤ ਕੌਰ ਨੇ ਭਾਵਕ ਹੁੰਦਿਆਂ ਸੰਧੂ ਸਮੁੰਦਰੀ ਨੂੰ ਗਲੇ ਲੱਗੀ, ਜਿਸ ’ਤੇ ਸੰਧੂ ਨੇ ਉਨ੍ਹਾਂ ਨੂੰ ਹੌਸਲਾ ਦਿੱਤਾ। ਇਸ ਵਕਤ ਪਿਤਾ ਦਿਲਬਾਗ ਸਿੰਘ ਅਤੇ ਮਾਤਾ ਹਰਜੀਤ ਕੌਰ ਨੇ ਜੁਗਰਾਜ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ’ਚ ਕੀਤੀ ਗਈ ਮਦਦ ਲਈ ਸੰਧੂ ਸਮੁੰਦਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਇੰਨੀ ਵੱਡੀ ਮਦਦ ਕੋਈ ਹੋਰ ਨਹੀਂ ਸੀ ਕਰ ਸਕਦਾ।
ਉਨ੍ਹਾਂ ਕਿਹਾ ਕਿ ਨਿਰਸਵਾਰਥ ਕਿਸੇ ਦੀ ਮਦਦ ਉਹੀ ਕਰ ਸਕਦਾ ਹੈ ਜਿਸ ਦੇ ਖ਼ੂਨ ’ਚ ਗ਼ੈਰਤ ਹੋਵੇ। ਮ੍ਰਿਤਕ ਦੇ ਭਰਾ ਗੁਰਪ੍ਰੀਤ ਸਿੰਘ ਨੇ ਭਾਵਕ ਹੁੰਦਿਆਂ ਕਿਹਾ ਕਿ ਜਿਹੜੀ ਮਦਦ ਸੰਧੂ ਸਮੁੰਦਰੀ ਨੇ ਸਾਡੀ ਕੀਤੀ, ਉਹ ਮਾਲੀ ਮਦਦ ਨਾਲੋਂ ਕਈ ਗੁਣਾ ਵੱਧ ਹੈ। ਸੰਧੂ ਦੇ ਯੋਗਦਾਨ ਤੋਂ ਬਿਨਾ ਸਾਡੇ ਵੀਰ ਦੀ ਦੇਹ ਅਸੀਂ ਨਹੀਂ ਸੀ ਲਿਆ ਸਕਦੇ। ਉਨ੍ਹਾਂ ਸ. ਤੇਜਾ ਸਿੰਘ ਸਮੁੰਦਰੀ ਦਾ ਵਾਰਸ ਹੋਣ ਦਾ ਫ਼ਰਜ਼ ਬਾਖ਼ੂਬੀ ਨਿਭਾਇਆ ਹੈ। ਇਹ ਮਦਦ ਕੋਈ ਹੋਰ ਨਹੀਂ ਸੀ ਕਰ ਸਕਦਾ। ਉਨ੍ਹਾਂ ਕਿਹਾ ਕਿ ਅਸੀਂ ਭਰਾ ਨੂੰ ਕਾਰੋਬਾਰ ’ਚ ਸਥਾਪਿਤ ਕਰਨਾ ਚਾਹੁੰਦੇ ਸਾਂ, ਇਸੇ ਲਈ ਕਰਜ਼ਾ ਚੁੱਕ ਕੇ ਬੜੀ ਰੀਝ ਅਤੇ ਸ਼ੌਕ ਨਾਲ ਬਾਹਰ ਭੇਜਿਆ ਪਰ ਭਾਣਾ ਵਾਪਰ ਗਿਆ। ਇਥੇ ਹੀ ਮ੍ਰਿਤਕ ਦੇ ਚਾਚਾ ਸੁਖਬੀਰ ਸਿੰਘ ਨੇ ਕਿਹਾ ਕਿ ਸੰਧੂ ਸਮੁੰਦਰੀ ਨੇ ਪਾਰਟੀਬਾਜ਼ੀ ਤੇ ਧੜੇਬੰਦੀ ਤੋਂ ਉਪਰ ਉੱਠ ਕੇ ਇਨਸਾਨੀਅਤ ਦੇ ਤੌਰ ’ਤੇ ਸਾਡੀ ਮਦਦ ਕੀਤੀ ਹੈ।
ਇਨ੍ਹਾਂ ਵਰਗਾ ਇਨਸਾਨ ਕੋਈ ਨਹੀਂ ਹੈ। ਇਕ ਚੰਗਾ ਇਨਸਾਨ ਅੱਗੇ ਆਉਣਾ ਚਾਹੀਦਾ ਹੈ। ਸੱਚਾ ਇਕ ਬੰਦਾ ਖਲੋਤਾ ਹੀ ਬਹੁਤ ਹੈ, ਝੂਠੇ ਸੌ ਵੀ ਕਿਸੇ ਕੰਮ ਨਹੀਂ , ਸੱਚਾ ਅਤੇ ਝੂਠੇ ਦਾ ਕੋਈ ਮੁਕਾਬਲਾ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸੰਧੂ ਸਮੁੰਦਰੀ ਨੇ ਨਿਰਸਵਾਰਥ ਵੱਡੀ ਸੇਵਾ ਕੀਤੀ ਹੈ, ਸਾਰਾ ਇਲਾਕਾ ਸੰਧੂ ਸਮੁੰਦਰੀ ਦੀ ਭੂਮਿਕਾ ਨੂੰ ਲੈ ਕੇ ਪ੍ਰਸੰਸਾ ਕਰਦਾ ਹੈ। ਸਾਰਾ ਇਲਾਕਾ ਤੁਹਾਡੇ ਨਾਲ ਹੈ। ਉਨ੍ਹਾਂ ਭਾਵਕ ਹੁੰਦਿਆਂ ਕਿਹਾ ਕਿ ਸੰਧੂ ਜਿੱਥੇ ਚੱਲੇਗਾ ਅਸੀਂ ਨੰਗੇ ਪੈਰੀਂ ਚੱਲਾਂਗੇ।
ਤਰਨਜੀਤ ਸਿੰਘ ਸੰਧੂ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਮਾਤਮਾ ਦੀ ਕਿਰਪਾ ਅਤੇ ਪ੍ਰਵਾਸੀ ਭਾਈਚਾਰੇ ਦੇ ਸਹਿਯੋਗ ਨਾਲ ਉਹ ਆਪਣਾ ਫ਼ਰਜ਼ ਨਿਭਾ ਸਕਿਆ ਹਾਂ। ਇਸ ਕਾਰਜ ’ਚ ਕੋਈ ਰਾਜਨੀਤਕ ਸਰੋਕਾਰ ਨਹੀਂ ਹੈ। ਮੌਕੇ ’ਤੇ ਜੋ ਕਰ ਸਕਿਆ ਕੀਤਾ ਹੈ। ਉਨ੍ਹਾਂ ਕਿਹਾ ਕਿ ਬਹੁਤ ਹੋ ਗਿਆ, ਸਾਡੇ ਰਾਜਨੀਤਿਕ ਆਗੂਆਂ ਨੂੰ ਹੁਣ ਲੋਕਾਂ ਬਾਰੇ ਸੋਚਣਾ ਹੋਵੇਗਾ। ਮਾਪਿਆਂ ਦੀ ਪ੍ਰੇਸ਼ਾਨੀ ਨੂੰ ਸਮਝਣਾ ਹੋਵੇਗਾ। ਉਨ੍ਹਾਂ ਕਿਹਾ ਕਿ ਯੂਥ ਬਾਹਰ ਜਾਂਦਾ ਹੈ ਤਾਂ ਮਾਪੇ ਬਹੁਤ ਪ੍ਰੇਸ਼ਾਨ ਹੁੰਦੇ ਹਨ। ਸਾਨੂੰ ਇਥੇ ਹੀ ਵਿਦੇਸ਼ੀ ਐਜੂਕੇਸ਼ਨ ਸਿਸਟਮ ਨੂੰ ਲਾਗੂ ਕਰਨਾ ਹੋਵੇ। ਮੈਂ ਵਾਅਦਾ ਕਰਦਾ ਹਾਂ, ਤੁਹਾਡਾ ਸਾਥ ਚਾਹੀਦਾ ਹੈ, ਅਸੀਂ ਇਥੇ ਚੰਗੀ ਸਿੱਖਿਆ ਅਤੇ ਰੁਜ਼ਗਾਰ ਦਾ ਪ੍ਰਬੰਧ ਕਰੀਏ, ਜਿਸ ਨਾਲ ਨੌਜਵਾਨ ਬਾਹਰ ਜਾਣ ਬਾਰੇ ਸੋਚਣ ਨਾ।
ਉਨ੍ਹਾਂ ਕਿਹਾ ਕਿ ਅਮਰੀਕਾ ਦਾ ਪ੍ਰਵਾਸੀ ਭਾਈਚਾਰਾ ਇਸ ਕਾਰਜ ’ਚ ਸਾਡੀ ਮਦਦ ਕਰਨ ਲਈ ਤਿਆਰ ਹਨ। ਉਨ੍ਹਾਂ ਨੇ ਹਾਲ ਹੀ ਵਿਚ 830 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ, ਜਿਸ ਨਾਲ ਅੰਮ੍ਰਿਤਸਰ ਦੇ ਨੌਜਵਾਨ ਤੇ ਕੁੜੀਆਂ ਨੂੰ ਸਵੈ ਰੁਜ਼ਗਾਰ ਸਟਾਰਟਅੱਪ ਸ਼ੁਰੂ ਕਰਨ ਵਿਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਭਰਾ ਗੁਰਪ੍ਰੀਤ ਸਿੰਘ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਕਰਨ ’ਚ ਅਸੀਂ ਮਦਦ ਕਰਾਂਗੇ ਤਾਂ ਕਿ ਪਰਿਵਾਰ ਸਿਰ ਚੜ੍ਹਿਆ ਕਰਜ਼ਾ ਉਹ ਉਤਾਰ ਸਕੇ। ਇਸ ਮੌਕੇ ਮ੍ਰਿਤਕ ਦੇ ਮਾਮਾ ਸੂਬੇਦਾਰ ਜਸਵਿੰਦਰ ਸਿੰਘ, ਬਲਦੇਵ ਸਿੰਘ ਅਤੇ ਇਲਾਕੇ ਦੇ ਮੁਹਤਬਰ ਲੋਕ ਵੀ ਮੌਜੂਦ ਸਨ।