ਲੋਕ ਸਭਾ ਹਲਕਾ ਸੰਗਰੂਰ ਲਈ ਅੱਜ ਦੂਜੇ ਦਿਨ 5 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਕਾਗਜ਼ ਦਾਖਲ: ਰਿਟਰਨਿੰਗ ਅਫ਼ਸਰ
- 14 ਮਈ ਤੱਕ ਕਰਵਾਏ ਜਾ ਸਕਣਗੇ ਕਾਗਜ਼ ਦਾਖਲ
ਦਲਜੀਤ ਕੌਰ
ਸੰਗਰੂਰ, 8 ਮਈ, 2024: ਲੋਕ ਸਭਾ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਲੋਕ ਸਭਾ ਹਲਕਾ ਸੰਗਰੂਰ ਵਿੱਚ ਹੁਣ ਤੱਕ ਛੇ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਹਨ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਰਿਟਰਨਿੰਗ ਅਫ਼ਸਰ ਜਤਿੰਦਰ ਜੋਰਵਾਲ ਦੀ ਤਰਫੋਂ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਪ੍ਰਾਪਤ ਕੀਤੇ ਜਾ ਰਹੇ ਹਨ ਅਤੇ ਇਹ ਪ੍ਰਕਿਰਿਆ 14 ਮਈ ਤੱਕ ਜਾਰੀ ਰਹੇਗੀ। ਅੱਜ ਨਾਮਜ਼ਦਗੀਆਂ ਦੇ ਦੂਜੇ ਦਿਨ 5 ਉਮੀਦਵਾਰਾਂ ਨੇ ਕਾਗਜ਼ ਦਾਖਲ ਕੀਤੇ ਜਿਨਾਂ ਵਿੱਚ ਆਜ਼ਾਦ ਉਮੀਦਵਾਰ ਵਜੋਂ ਪੱਪੂ ਕੁਮਾਰ ਤੇ ਅਮਨਪ੍ਰੀਤ ਸਿੰਘ ਵੱਲੋਂ ਅਤੇ ਜਿਲੇ ਸਿੰਘ ਵੱਲੋਂ ਭਾਰਤੀਆਂ ਜਨ ਸਨਮਾਨ ਪਾਰਟੀ ਤੋਂ, ਸੁਖਪਾਲ ਸਿੰਘ ਖਹਿਰਾ ਵੱਲੋਂ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਅਤੇ ਮਹਿਤਾਬ ਸਿੰਘ ਵਲੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਕਵਰਿੰਗ ਉਮੀਦਵਾਰ ਵਜੋਂ ਆਪਣੀਆਂ ਨਾਮਜ਼ਦਗੀਆਂ ਰਿਟਰਨਿੰਗ ਅਫ਼ਸਰ ਸੰਗਰੂਰ ਕੋਲ ਦਾਖਲ ਕੀਤੀਆਂ ਗਈਆਂ। ਜ਼ਿਕਰਯੋਗ ਹੈ ਕਿ ਬੀਤੇ ਕੱਲ ਵੀ ਇੱਕ ਉਮੀਦਵਾਰ ਵੱਲੋਂ ਰਿਟਰਨਿੰਗ ਅਧਿਕਾਰੀ ਕੋਲ ਆਪਣੇ ਕਾਗਜ਼ ਦਾਖਲ ਕਰਵਾਏ ਸਨ।
ਰਿਟਰਨਿੰਗ ਅਫ਼ਸਰ ਸ਼੍ਰੀ ਜੋਰਵਾਲ ਨੇ ਦੱਸਿਆ ਕਿ 15 ਮਈ ਨੂੰ ਉਮੀਦਵਾਰਾਂ ਦੇ ਕਾਗਜ਼ਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ 17 ਮਈ ਤੱਕ ਉਮੀਦਵਾਰ ਆਪਣੇ ਕਾਗਜ਼ ਵਾਪਸ ਲੈ ਸਕਣਗੇ। ਉਨ੍ਹਾਂ ਦੱਸਿਆ ਕਿ 1 ਜੂਨ ਨੂੰ ਵੋਟਾਂ ਪੈਣਗੀਆਂ ਅਤੇ 4 ਜੂਨ ਨੂੰ ਵੋਟਾਂ ਦੀ ਗਿਣਤੀ ਹੋਵੇਗੀ।