ਜੀਤ ਮਹਿੰਦਰ ਸਿੱਧੂ ਨੇ ਲੰਬੀ ਹਲਕੇ ਦਾ ਕੀਤਾ ਤੂਫਾਨੀ ਦੌਰਾ, ਚੋਣ ਮੀਟਿੰਗਾਂ ਚ ਵੋਟਰਾਂ ਨੇ ਦਿਖਾਇਆ ਭਾਰੀ ਉਤਸ਼ਾਹ ਸ਼ਾਹ-ਕਾਂਗਰਸ ਦਾ ਦਾਅਵਾ
ਲੰਬੀ, 9 ਮਈ 2024: ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਵੱਲੋਂ ਅੱਜ ਲੰਬੀ ਵਿਧਾਨ ਸਭਾ ਹਲਕੇ ਦੇ ਇੱਕ ਦਰਜਨ ਦੇ ਕਰੀਬ ਪਿੰਡਾਂ ਦਾ ਤੂਫਾਨੀ ਦੌਰਾ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਦੇ ਇਕੱਠ ਨੇ ਇਹ ਨੁੱਕੜ ਮੀਟਿੰਗਾਂ ਨੂੰ ਰੈਲੀ ਦਾ ਰੂਪ ਦੇ ਦਿੱਤਾ। ਉਨ੍ਹਾਂ ਕਾਂਗਰਸੀ ਉਮੀਦਵਾਰ ਦਾ ਉਤਸ਼ਾਹ ਦੁੱਗਣਾ ਕਰਦਿਆਂ ਉਸਨੂੰ ਭਰੋਸਾ ਦਿਵਾਇਆ ਕਿ ਇਸ ਵਾਰ ਲੰਬੀ ਹਲਕੇ ਦੇ ਵਿੱਚ ਕਾਂਗਰਸ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰੇਗੀ। ਇਹਨਾਂ ਨੁੱਕੜ ਮੀਟਿੰਗਾਂ ਦੇ ਦੌਰਾਨ ਲੰਬੀ ਵਿਧਾਨ ਸਭਾ ਹਲਕੇ ਨਾਲ ਸੰਬੰਧਿਤ ਕਾਂਗਰਸ ਦੇ ਵੱਡੇ ਆਗੂ ਜਗਪਾਲ ਸਿੰਘ ਅੱਬਲ ਖੁਰਾਣਾ ਅਤੇ ਫਤਿਹ ਸਿੰਘ ਬਾਦਲ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ।
ਇਸ ਮੌਕੇ ਆਪਣੇ ਭਾਸ਼ਣ ਦੇ ਵਿੱਚ ਜੀਤ ਮਹਿੰਦਰ ਸਿੰਘ ਸਿੱਧੂ ਨੇ ਬਾਦਲ ਪਰਿਵਾਰ ਦੇ ਨਾਲ ਨਾਲ ਆਪ ਉਮੀਦਵਾਰ ਤੇ ਸੂਬੇ ਦੇ ਖੇਤੀਬਾੜੀ ਮੰਤਰੀ ਨੂੰ ਲੰਮੇ ਹੱਥੀ ਲੈਂਦਿਆਂ ਕਿਹਾ ਕਿੰਨੇ ਸ਼ਰਮ ਦੀ ਗੱਲ ਹੈ ਕਿ ਦੋਨਾਂ ਹੀ ਪਰਿਵਾਰਾਂ ਨੇ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਕਰਨ ਵਾਲਿਆਂ ਦੇ ਨਾਲ ਖੜਨ ਦਾ ਫੈਸਲਾ ਲਿਆ। ਉਹਨਾਂ ਅਕਾਲੀ ਦਲ ਅਤੇ ਭਾਜਪਾ ਵੱਲੋਂ ਅਲੱਗ ਹੋਣ ਨੂੰ ਮਹਿਜ਼ ਇੱਕ ਸਿਆਸੀ ਡਰਾਮਾ ਕਰਾਰ ਦਿੰਦਿਆ ਕਿਹਾ ਕਿ ਅੱਜ ਵੀ ਦੋਨੇ ਧਿਰਾਂ ਅੰਦਰ ਖਾਤੇ ਇੱਕ ਜੁੱਟ ਹਨ ਤੇ ਚੋਣ ਨਤੀਜਿਆਂ ਤੋਂ ਬਾਅਦ ਖੁੱਲੇ ਆਮ ਗਲਵੱਕੜੀਆਂ ਪਾਉਣਗੀਆਂ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਕਿਸੇ ਵੀ ਕੀਮਤ 'ਤੇ ਇਸ ਗੱਲ ਨੂੰ ਨਹੀਂ ਭੁੱਲ ਸਕਦੇ ਕਿ ਜਦ ਕਿਸਾਨਾਂ ਦੀ ਮੌਤ ਦੇ ਵਰੰਟ ਕਹੇ ਜਾਣ ਵਾਲੇ ਤਿੰਨ ਖੇਤੀ ਬਿੱਲ ਮੋਦੀ ਦੀ ਕੈਬਨਿਟ ਵੱਲੋਂ ਪਾਸ ਕੀਤੇ ਜਾ ਰਹੇ ਸਨ ਤਾਂ ਉਸ ਮੀਟਿੰਗ ਦੇ ਵਿੱਚ ਬਤੌਰ ਕੈਬਨਿਟ ਮੰਤਰੀ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਵੀ ਮੌਜੂਦ ਸੀ।
ਜੀਤ ਮਹਿੰਦਰ ਸਿੰਘ ਸਿੱਧੂ ਨੇ ਆਪਣੇ ਤਾਬੜ ਤੋੜ ਹਮਲੇ ਜਾਰੀ ਰੱਖਦਿਆਂ ਕਿਹਾ ਕਿ ਇਕੱਲੀ ਹਰਸਿਮਰਤ ਨੇ ਹੀ ਇਹਨਾਂ ਬਿੱਲਾਂ ਨੂੰ ਪਾਸ ਕਰਾਉਣ ਵਿੱਚ ਸਹਿਯੋਗ ਨਹੀਂ ਕੀਤਾ, ਬਲਕਿ ਪੂਰਾ ਬਾਦਲ ਪਰਿਵਾਰ ਅਖੀਰ ਤੱਕ ਇਨ੍ਹਾਂ ਖੇਤੀ ਬਿਲਾ ਦੇ ਹੱਕ ਵਿੱਚ ਡਟਿਆ ਰਿਹਾ। ਪ੍ਰੰਤੂ ਕਿਸਾਨ ਭਰਾਵਾਂ ਦੇ ਏਕੇ ਕਾਰਨ ਬਾਦਲਾਂ ਨੂੰ ਭਾਜਪਾ ਨਾਲੋਂ ਆਪਣਾ ਮੋਹ ਤੋੜਨਾ ਪਿਆ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪਾਇਆ ਇੱਕ ਇੱਕ ਵੋਟ ਅੱਜ ਵੀ ਭਾਜਪਾ ਦੇ ਖਾਤੇ ਵਿੱਚ ਜਾਵੇਗਾ। ਦੂਜੇ ਪਾਸੇ ਉਹਨਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਪੰਜਾਬ ਸਰਕਾਰ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ 'ਤੇ ਵੀ ਆਪਣੀਆਂ ਜਿੰਮੇਵਾਰੀਆਂ ਨਿਭਾਉਣ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਖੁਦ ਨੂੰ ਕਿਸਾਨਾਂ ਦੀ ਹਮਦਰਦ ਦੱਸ ਕੇ ਬਦਲਾਅ ਦੇ ਨਾਂ 'ਤੇ ਵੋਟਾਂ ਬਟੋਰਨ ਵਾਲੀ ਆਮ ਆਦਮੀ ਪਾਰਟੀ ਦੇ ਦੋ ਸਾਲਾਂ ਦੇ ਰਾਜ ਵਿੱਚ ਸਭ ਤੋਂ ਵੱਧ ਦੁਰਦਸ਼ਾ ਜੇ ਕਿਸੇ ਦੀ ਹੋਈ ਹੈ ਤਾਂ ਉਹ ਕਿਸਾਨਾਂ ਦੀ ਹੋਈ ਹੈ।
ਕਾਂਗਰਸੀ ਉਮੀਦਵਾਰ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਥੋੜੇ ਹੀ ਸਮੇਂ ਦੇ ਵਿੱਚ ਲਗਾਤਾਰ ਤਿੰਨ ਵਾਰ ਕਿਸਾਨਾਂ ਦੀਆਂ ਫਸਲਾਂ ਕੁਦਰਤੀ ਆਫਤਾਂ ਕਾਰਨ ਤਬਾਹ ਹੋ ਗਈਆਂ। ਇਸੇ ਤਰ੍ਹਾਂ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਵਿਭਾਗ ਦੀ ਲਾਪਰਵਾਹੀ ਕਾਰਨ ਸੈਂਕੜੇ ਕਿਸਾਨਾਂ ਨੂੰ ਆਪਣੇ ਜਾਨ ਤੋਂ ਪਿਆਰੇ ਪਸ਼ੂਆਂ ਤੋਂ ਹੱਥ ਧੋਣੇ ਪਏ। ਪਰੰਤੂ ਇਹ ਸਰਕਾਰ ਭਾਜਪਾ ਤੋਂ ਵੀ ਵੱਧ ਬੇਸ਼ਰਮ ਨਿਕਲੀ ਅਤੇ ਹੁਣ ਤੱਕ ਇੱਕ ਫੁੱਟੀ ਕੌਡੀ ਵੀ ਕਿਸਾਨਾਂ ਨੂੰ ਮੁਆਵਜ਼ੇ ਵਜੋਂ ਜਾਰੀ ਨਹੀਂ ਕੀਤੀ। ਜਿਸ ਦੇ ਕਾਰਨ ਕਿਸਾਨਾਂ ਵੱਲੋਂ ਮਜਬੂਰ ਹੋ ਕੇ ਅੱਜ ਭਾਜਪਾ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਵੀ ਥਾਂ ਥਾਂ ਵਿਰੋਧ ਕੀਤਾ ਜਾ ਰਿਹਾ।
ਜੀਤ ਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਦੇਸ਼ ਨੂੰ ਤਰੱਕੀ ਦੀਆਂ ਲੀਹਾਂ 'ਤੇ ਕੋਈ ਸਿਆਸੀ ਧਿਰ ਲਿਆ ਸਕਦੀ ਹੈ ਤਾਂ ਉਹ ਸਿਰਫ ਤੇ ਸਿਰਫ ਕਾਂਗਰਸ ਪਾਰਟੀ ਹੈ ਜਿਸਨੇ ਅੱਜ ਤੱਕ ਅਮਨ ਤੇ ਸ਼ਾਂਤੀ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਹਨ ਅਤੇ ਦੇਸ਼ ਦੇ ਵਿੱਚ ਹੀ ਨਹੀਂ ਪੰਜਾਬ ਦੇ ਵਿੱਚ ਵੀ ਭਾਈਚਾਰੇ ਨੂੰ ਬਰਕਰਾਰ ਰੱਖਿਆ ਹੈ। ਜਿਸ ਦੇ ਨਾਲ ਵਪਾਰ ਅਤੇ ਖੇਤੀ ਨੂੰ ਵੀ ਹੁਲਾਰਾ ਮਿਲਿਆ ਹੈ। ਉਹਨਾਂ ਲੰਬੀ ਹਲਕੇ ਦੇ ਵੋਟਰਾਂ ਨੂੰ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਪਿਛਲੇ 70 ਸਾਲਾਂ ਤੋਂ ਉਹ ਇੱਕ ਹੀ ਪਰਿਵਾਰ ਦੀ ਤਾਨਾਸ਼ਾਹੀ ਨੂੰ ਇਸ ਵਾਰ ਮੁੜ ਖਤਮ ਕਰ ਦੇਣ ਤੇ ਕਾਂਗਰਸ ਪਾਰਟੀ ਨੂੰ ਵੱਡਾ ਸਮਰਥਨ ਦੇ ਕੇ ਲੋਕ ਸਭਾ ਦੇ ਵਿੱਚ ਪੁੱਜਣ ਵਿੱਚ ਮੱਦਦ ਕਰਨ। ਇਸ ਮੌਕੇ ਕਾਂਗਰਸੀ ਉਮੀਦਵਾਰ ਦੀ ਡਟ ਕੇ ਹਮਾਇਤ ਕਰਨ ਦਾ ਭਰੋਸਾ ਦਿਵਾਉਂਦਿਆਂ ਸੀਨੀਅਰ ਕਾਂਗਰਸੀ ਆਗੂ ਜਗਪਾਲ ਸਿੰਘ ਅਬੁਲਖੁਰਾਣਾ ਨੇ ਕਿਹਾ ਕਿ ਲੰਬੀ ਹਲਕੇ ਦੇ ਲੋਕ ਇਸ ਵਾਰ ਮੁੜ ਕਾਂਗਰਸ ਪਾਰਟੀ ਦੇ ਨਾਲ ਡਟ ਕੇ ਖੜ ਗਏ ਹਨ ਅਤੇ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਇੱਕ ਵੱਡਾ ਇਤਿਹਾਸ ਲੰਬੀ ਹਲਕੇ ਦੇ ਲੋਕ ਸਿਰਜ ਰਹੇ ਹਨ ਜਿਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਇਸੇ ਤਰ੍ਹਾਂ ਲੰਬੀ ਹਲਕੇ ਦੇ ਵਿੱਚ ਇੱਕ ਵਿਸ਼ੇਸ਼ ਪ੍ਰਭਾਵ ਰੱਖਣ ਵਾਲੇ ਕਾਂਗਰਸ ਪਾਰਟੀ ਦੇ ਇਕ ਹੋਰ ਸੀਨੀਅਰ ਆਗੂ ਫਤਿਹ ਸਿੰਘ ਬਾਦਲ ਨੇ ਆਪਣੇ ਪਰਿਵਾਰ ਦੀ ਇਸ ਹਲਕੇ ਨਾਲ ਦਹਾਕਿਆ ਪੁਰਾਣੀ ਸਾਂਝ ਦਾ ਹਵਾਲਾ ਦਿੰਦਿਆਂ ਕਿਹਾ ਕਿ ਇੱਕ ਪਾਸੇ ਲੋਟੂ ਟੋਲਾ ਹੈ ਜੋ ਸਿਰਫ ਵੋਟਾਂ ਵੇਲੇ ਹਮਦਰਦੀ ਦਾ ਝੂਠਾ ਡਰਾਮਾ ਕਰਦਾ ਹੈ ਪਰ ਦੂਜੇ ਪਾਸੇ ਉਹਨਾਂ ਦਾ ਪਰਿਵਾਰ ਹੈ ਜਿਸਦੇ ਦਰਵਾਜੇ ਹਮੇਸ਼ਾ ਸਾਰਿਆਂ ਲਈ ਖੁੱਲੇ ਰਹਿੰਦੇ ਹਨ। ਸ: ਬਾਦਲ ਨੇ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਭਰੋਸਾ ਦਿਵਾਇਆ ਕਿ ਉਹ ਹਲਕੇ ਦੇ ਲੋਕਾਂ ਦੇ ਵੱਲੋਂ ਵਿਸ਼ਵਾਸ ਦਵਾਉਂਦੇ ਹਨ ਕਿ ਇਸ ਵਾਰ ਕਾਂਗਰਸ ਪਾਰਟੀ ਨੂੰ ਇਸ ਹਲਕੇ ਤੋਂ ਵੱਡੀ ਲੀਡ ਦੇ ਨਾਲ ਜਿੱਤ ਦਵਾਉਣਗੇ।