ਫਰੀਦਕੋਟ ਲੋਕ ਸਭਾ ਸੀਟ 'ਤੇ ਭਾਜਪਾ ਉਮੀਦਵਾਰ ਹੰਸਰਾਜ ਹੰਸ ਦਾ ਕੁਝ ਕਿਸਾਨ ਸੰਗਠਨਾਂ ਵਲੋਂ ਵਿਰੋਧ ਹੀ ਉਨ੍ਹਾਂ ਲਈ ਪੈਦਾ ਕਰ ਰਿਹਾ ਹੈ ਪ੍ਰਚਾਰ
ਦੀਪਕ ਗਰਗ
ਕੋਟਕਪੂਰਾ 11 ਮਈ 2024 : ਫਰੀਦਕੋਟ ਲੋਕ ਸਭਾ ਸੀਟ ਪੰਜਾਬ ਦੀਆਂ ਚਾਰ ਰਾਖਵੀਆਂ ਲੋਕ ਸਭਾ ਸੀਟਾਂ ਵਿੱਚੋਂ ਇੱਕ ਹੈ। ਇਹ ਸੀਟ ਦਲਿਤ ਭਾਈਚਾਰੇ ਦੇ ਲੋਕਾਂ ਲਈ ਰਾਖਵੀਂ ਹੈ। ਇਸ ਸਮੇਂ ਫ਼ਰੀਦਕੋਟ ਲੋਕ ਸਭਾ ਲਈ ਭਾਜਪਾ ਵੱਲੋਂ ਪਦਮ ਸ੍ਰੀ ਹੰਸਰਾਜ ਹੰਸ, ਕਾਂਗਰਸ ਵੱਲੋਂ ਬੀਬੀ ਅਮਰਜੀਤ ਕੌਰ ਸਾਹੋਕੇ, ਅਕਾਲੀ ਦਲ ਵੱਲੋਂ ਰਾਜਵਿੰਦਰ ਸਿੰਘ ਧਰਮਕੋਟ ਅਤੇ ਆਮ ਆਦਮੀ ਪਾਰਟੀ ਵੱਲੋਂ ਫ਼ਿਲਮ ਕਲਾਕਾਰ ਕਰਮਜੀਤ ਅਨਮੋਲ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਨ੍ਹਾਂ ਵਿੱਚੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਲਈ ਕਿਸੇ ਜਾਣ-ਪਛਾਣ ਕਰਵਾਉਣ ਦੀ ਲੋੜ ਨਹੀਂ ਹੈ। ਕਾਂਗਰਸ ਉਮੀਦਵਾਰ ਬੀਬੀ ਅਮਰਜੀਤ ਕੌਰ ਸਾਹੋਕੇ ਸ਼੍ਰੋਮਣੀ ਅਕਾਲੀ ਦਲ ਦੇ ਪਿਛੋਕੜ ਤੋਂ ਹਨ। ਹੁਣ ਸ਼੍ਰੋਮਣੀ ਅਕਾਲੀ ਦਲ ਨੇ ਖੁਦ ਦੋਸ਼ ਲਾਇਆ ਹੈ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਪੰਜਾਬ ਅੰਦਰ ਦੋਸਤਾਨਾ ਮੈਚ ਖੇਡ ਰਹੀਆਂ ਹਨ। ਜਿਸ ਤਹਿਤ ਕਾਂਗਰਸ ਵਲੋਂ ਜਾਣਬੁੱਝ ਕੇ ਫਰੀਦਕੋਟ ਸੀਟ ਤੋਂ ਕਮਜ਼ੋਰ ਉਮੀਦਵਾਰ ਬੀਬੀ ਅਮਰਜੀਤ ਕੌਰ ਸਾਹੋਕੇ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਪਰ ਜੇਕਰ ਅਕਾਲੀ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ ਦੀ ਗੱਲ ਕਰੀਏ ਤਾਂ ਉਨ੍ਹਾਂ 'ਤੇ ਵੀ ਆਮ ਆਦਮੀ ਪਾਰਟੀ ਨਾਲ ਜੁੜੇ ਹੋਣ ਦੇ ਦੋਸ਼ ਲੱਗੇ ਹਨ ਅਤੇ ਉਸ ਸਮੇਂ ਉਹ ਕਈ ਵਾਰ ਅਕਾਲੀ ਦਲ ਦੇ ਕੁਝ ਆਗੂਆਂ 'ਤੇ ਕਈ ਤਰ੍ਹਾਂ ਦੇ ਦੋਸ਼ ਲਗਾਉਂਦੇ ਰਹੇ ਹਨ। ਭਾਜਪਾ ਉਮੀਦਵਾਰ ਪਦਮਸ਼੍ਰੀ ਹੰਸਰਾਜ ਹੰਸ ਦੀ ਗੱਲ ਕਰੀਏ ਤਾਂ ਬਿਨਾਂ ਕਿਸੇ ਸਹੀ ਤਰਕ ਦੇ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਉਨ੍ਹਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਰ ਇਹ ਵਿਰੋਧ ਉਨ੍ਹਾਂ ਲਈ ਪ੍ਰਚਾਰ ਦਾ ਕੰਮ ਕਰ ਰਿਹਾ ਹੈ। ਇਸ ਦਾ ਸਭ ਤੋਂ ਵੱਡਾ ਸਬੂਤ 9 ਮਈ 2024, ਵੀਰਵਾਰ ਨੂੰ ਫਰੀਦਕੋਟ ਸੀਟ ਤੋਂ ਭਾਜਪਾ ਉਮੀਦਵਾਰ ਹੰਸਰਾਜ ਹੰਸ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਮਿਲ਼ਿਆ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਪਹਿਲਾਂ ਇੱਕ ਨਿੱਜੀ ਪੈਲੇਸ ਵਿੱਚ ਹੋਏ ਸਮਾਗਮ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਇਕੱਤਰ ਹੋ ਕੇ ਸਮਾਗਮ ਨੂੰ ਵੱਡੀ ਰੈਲੀ ਵਿੱਚ ਬਦਲ ਦਿੱਤਾ। ਜਦੋਂਕਿ ਫਰੀਦਕੋਟ ਭਾਜਪਾ ਦੀ ਟੀਮ ਵਲੋਂ ਇਸ ਸਮਾਗਮ ਲਈ ਕੋਈ ਵੱਡਾ ਪ੍ਰਚਾਰ ਨਹੀਂ ਕੀਤਾ ਗਿਆ ਸੀ।
ਭਾਜਪਾ ਫਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਨੇ ਦੋਸ਼ ਲਾਇਆ ਕਿ ਗਿਣਤੀ ਦੇ ਕੁਝ ਕਿਸਾਨਾਂ ਵੱਲੋਂ ਇਹ ਪ੍ਰਦਰਸ਼ਨ ਵਿਰੋਧੀ ਧਿਰ ਦੇ ਇਸ਼ਾਰੇ ’ਤੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਭਾਜਪਾ ਵੱਲੋਂ ਪਦਮਸ੍ਰੀ ਸਾਈਂ ਹੰਸਰਾਜ ਹੰਸ ਨੂੰ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਮੁਕਤਸਰ ਜ਼ਿਲ੍ਹੇ ਦੇ ਇੱਕ ਵੱਡੇ ਕਿਸਾਨ ਪਰਿਵਾਰ ਨਾਲ ਸਬੰਧਤ ਆਗੂ ਭਾਈ ਰਾਹੁਲ ਸਿੰਘ ਸਿੱਧੂ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਇਨ੍ਹਾਂ ਤੋਂ ਇਲਾਵਾ ਕਈ ਹੋਰ ਕਿਸਾਨਾਂ ਨੇ ਵੀ ਹੰਸਰਾਜ ਹੰਸ ਦਾ ਸਮਰਥਨ ਕੀਤਾ ਹੈ। ਜੇਕਰ ਭਾਜਪਾ ਕਿਸਾਨ ਵਿਰੋਧੀ ਪਾਰਟੀ ਹੁੰਦੀ ਤਾਂ ਕਿਸਾਨ ਪਰਿਵਾਰਾਂ ਨਾਲ ਸਬੰਧਤ ਇਹ ਆਗੂ ਕਦੇ ਵੀ ਭਾਜਪਾ ਵਿਚ ਸ਼ਾਮਲ ਨਾ ਹੁੰਦੇ।
2021 ਵਿੱਚ ਕਿਸਾਨਾਂ ਨੇ ਇੱਕ ਸਾਲ ਤੋਂ ਵੱਧ ਸਮੇਂ ਤੱਕ ਭਾਜਪਾ ਪੰਜਾਬ ਦੀ ਸਾਬਕਾ ਸਕੱਤਰ ਸੁਨੀਤਾ ਗਰਗ ਦੀ ਕੋਟਕਪੂਰਾ ਸਥਿਤ ਰਿਹਾਇਸ਼ ਅੱਗੇ ਪੱਕਾ ਧਰਨਾ ਦਿੱਤਾ ਸੀ। ਹੰਸਰਾਜ ਹੰਸ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਮੌਕੇ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਈ ਸੁਨੀਤਾ ਗਰਗ ਨੇ ਵੀ ਦੋਸ਼ ਲਾਇਆ ਕਿ ਵਿਰੋਧੀ ਧਿਰ ਵੱਲੋਂ ਕੁਝ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਸਾਈਂ ਹੰਸ ਰਾਜ ਹੰਸ ਨਕੋਦਰ ਨਾਲ ਸਬੰਧਤ ਇੱਕ ਵੱਡੇ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਹਨ। ਫਰੀਦਕੋਟ ਖ਼ੇਤਰ ਅੰਦਰ ਇਸ ਡੇਰੇ ਦੇ ਸ਼ਰਧਾਲੂ ਵੱਡੀ ਗਿਣਤੀ ਵਿੱਚ ਹਨ। ਕੁਝ ਕਿਸਾਨਾਂ ਵੱਲੋਂ ਸਾਈਂ ਹੰਸ ਰਾਜ ਹੰਸ ਦਾ ਵਿਰੋਧ ਇਨ੍ਹਾਂ ਸ਼ਰਧਾਲੂਆਂ ਨੂੰ ਵੀ ਪਸੰਦ ਨਹੀਂ ਆ ਰਿਹਾ। ਇਨ੍ਹਾਂ ਸ਼ਰਧਾਲੂਆਂ ਵੱਲੋਂ ਆਪਣੇ ਪੱਧਰ ’ਤੇ ਹੰਸਰਾਜ ਹੰਸ ਦੇ ਹੱਕ ਵਿੱਚ ਮੁਹਿੰਮ ਚਲਾਈ ਜਾ ਰਹੀ ਹੈ।
ਭਾਜਪਾ ਨਾਲ ਜੁੜੇ ਟਕਸਾਲੀ ਪਰਿਵਾਰ ਦੇ ਮੈਂਬਰ ਅਤੇ ਫਰੀਦਕੋਟ ਭਾਜਪਾ ਦੇ ਜ਼ਿਲਾ ਉਪ ਪ੍ਰਧਾਨ ਅਜੀਤ ਪ੍ਰਕਾਸ਼ ਸ਼ਰਮਾ ਨੇ ਕਿਹਾ ਕਿ ਅਯੁੱਧਿਆ 'ਚ ਸ਼੍ਰੀ ਰਾਮ ਮੰਦਰ ਦੀ ਉਸਾਰੀ ਤੋਂ ਬਾਅਦ ਹਿੰਦੂਆਂ 'ਚ ਖੁਸ਼ੀ ਦੀ ਲਹਿਰ ਹੈ। ਹਿੰਦੂਆਂ ਵਿੱਚੋਂ ਕੁਝ ਕਾਰੋਬਾਰੀ ਆਗੂ ਵਪਾਰਕ ਕਾਰਨਾਂ ਕਰਕੇ ਪੰਜਾਬ ਵਿੱਚ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਹਨ। ਪਰ ਵੋਟਿੰਗ ਵਾਲੇ ਦਿਨ ਇਹ ਸਾਰੇ ਭਗਵਾਨ ਸ਼੍ਰੀ ਰਾਮ ਦਾ ਨਾਮ ਲੈ ਕੇ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਵੋਟ ਪਾਉਣਗੇ।
ਜੇਕਰ ਫਰੀਦਕੋਟ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ ਇਹ ਸੀਟ ਆਜ਼ਾਦੀ ਤੋਂ ਤੁਰੰਤ ਬਾਅਦ ਤੋਂ ਹੋਂਦ ਵਿੱਚ ਨਹੀਂ ਆਈ ਸੀ। ਫਰੀਦਕੋਟ ਸੀਟ 1977 ਵਿੱਚ ਹੋਂਦ ਵਿੱਚ ਆਈ ਸੀ ਅਤੇ ਪਹਿਲੀਆਂ ਕੁਝ ਲੋਕ ਸਭਾ ਚੋਣਾਂ ਮੌਕੇ ਇਹ ਸੀਟ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਕੋਲ ਸੀ। ਫਰੀਦਕੋਟ ਸੀਟ ਅਧੀਨ 9 ਵਿਧਾਨ ਸਭਾ ਸੀਟਾਂ ਹਨ। ਇਹ ਸੀਟਾਂ ਹਨ- ਨਿਹਾਲ ਸਿੰਘ ਵਾਲਾ, ਬਾਘਾ ਪੁਰਾਣਾ, ਮੋਗਾ, ਧਰਮਕੋਟ, ਗਿੱਦੜਬਾਹਾ, ਫਰੀਦਕੋਟ, ਕੋਟਕਪੂਰਾ, ਜੈਤੋ ਅਤੇ ਰਾਮਪੁਰਾ ਫੂਲ। ਇਨ੍ਹਾਂ 9 ਵਿੱਚੋਂ 2 ਵਿਧਾਨ ਸਭਾ ਸੀਟਾਂ (ਨਿਹਾਲ ਸਿੰਘ ਵਾਲਾ ਅਤੇ ਜੈਤੋ) ਇਸ ਵੇਲੇ ਅਨੁਸੂਚਿਤ ਜਾਤੀ ਦੇ ਲੋਕਾਂ ਲਈ ਰਾਖਵੀਆਂ ਹਨ।
ਇਸ ਲੋਕ ਸਭਾ ਹਲਕੇ ਨਾਲ ਗਿਆਨੀ ਜ਼ੈਲ ਸਿੰਘ ਸਮੇਤ ਕਈ ਵੱਡੇ ਸਿਆਸੀ ਆਗੂ ਜੁੜੇ ਹੋਏ ਹਨ।
ਭਾਰਤ ਦੇ ਸਾਬਕਾ ਰਾਸ਼ਟਰਪਤੀ ਮਰਹੂਮ ਗਿਆਨੀ ਜ਼ੈਲ ਸਿੰਘ ਇਸ ਲੋਕ ਸਭਾ ਹਲਕੇ ਦੇ ਪਿੰਡ ਸੰਧਵਾ ਦੇ ਵਸਨੀਕ ਸਨ। ਗਿਆਨੀ ਜ਼ੈਲ ਸਿੰਘ ਪਰਿਵਾਰ ਦੇ ਕਈ ਮੈਂਬਰ ਇਸ ਵੇਲੇ ਭਾਜਪਾ ਨਾਲ ਖੜ੍ਹੇ ਹਨ। ਜਿਨ੍ਹਾਂ ਵਿੱਚ ਗਿਆਨੀ ਜ਼ੈਲ ਸਿੰਘ ਦੇ ਪੋਤਰੇ ਇੰਦਰਜੀਤ ਸਿੰਘ ਬੱਬੂ ਅਤੇ ਦੋਹਤ ਜਵਾਈ ਸਰਵਣ ਸਿੰਘ ਚੰਨੀ ਵੀ ਸ਼ਾਮਲ ਹਨ। ਸਾਬਕਾ ਆਈਏਐਸ ਸਰਵਣ ਸਿੰਘ ਚੰਨੀ ਇਸ ਲੋਕ ਸਭਾ ਹਲਕੇ ਦੇ ਪਿੰਡ ਬਰਗਾੜੀ ਦੇ ਜੰਮਪਲ ਹੋਣ ਦੇ ਨਾਲ-ਨਾਲ ਭਾਜਪਾ ਪੰਜਾਬ ਦੇ ਬੁਲਾਰੇ ਵੀ ਹਨ।
ਇਸ ਤੋਂ ਇਲਾਵਾ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਡੀਜੀਪੀ ਪੰਜਾਬ ਸਰਵਦੀਪ ਸਿੰਘ ਵਿਰਕ ਦੇ ਵੀ ਫਰੀਦਕੋਟ ਲੋਕ ਸਭਾ ਹਲਕੇ ਨਾਲ ਡੂੰਘੇ ਸਬੰਧ ਹਨ। ਕਿਉਂਕਿ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਝੱਖੜਵਾਲਾ ਦੇ ਇੱਕ ਬਹੁਤ ਵੱਡੇ ਸਿਆਸੀ ਪਰਿਵਾਰ ਨਾਲ ਇਨ੍ਹਾਂ ਦੀ ਨੇੜਲੀ ਰਿਸ਼ਤੇਦਾਰੀ ਦੱਸੀ ਜਾ ਰਹੀ ਹੈ।
ਜਦੋਂ ਇਹ ਸੀਟ 1977 ਵਿੱਚ ਬਣੀ ਸੀ। ਉਸ ਤੋਂ ਬਾਅਦ ਇਸ ਸੀਟ ਦੇ ਪਹਿਲੇ ਸਾਂਸਦ ਪ੍ਰਕਾਸ਼ ਸਿੰਘ ਬਾਦਲ ਸਨ। ਬਾਦਲ ਜੋ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸਨ, ਉਨ੍ਹਾਂ ਦੀ ਇਸ ਸੀਟ ਤੋਂ ਜਿੱਤ ਵੀ ਸ਼੍ਰੋਮਣੀ ਅਕਾਲੀ ਦਲ ਲਈ ਲਾਹੇਵੰਦ ਰਹੀ। 1984 ਦੀ ਕਾਂਗਰਸ ਲਹਿਰ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਭਾਈ ਸ਼ਮਿੰਦਰ ਸਿੰਘ ਇਸ ਸੀਟ ਤੋਂ ਚੋਣ ਜਿੱਤ ਗਏ ਸਨ। ਇਸ ਤੋਂ ਬਾਅਦ ਇਸ ਸੀਟ 'ਤੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ - ਭਾਜਪਾ ਗਠਜੋੜ ਦੇ ਉਮੀਦਵਾਰਾਂ ਵਿਚਾਲੇ ਚੋਣ ਤੋਂ ਬਾਅਦ ਹੱਥ ਬਦਲਦਾ ਰਿਹਾ।
ਸਾਬਕਾ ਸੰਸਦ ਮੈਂਬਰ ਮਰਹੂਮ ਭਾਈ ਸ਼ਮਿੰਦਰ ਸਿੰਘ ਦੇ ਭਤੀਜੇ ਰਾਹੁਲ ਸਿੰਘ ਸਿੱਧੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਹੰਸ ਰਾਜ ਹੰਸ ਨੂੰ ਭਾਰੀ ਬਲ ਮਿਲਿਆ ਹੈ। ਭਾਈ ਸ਼ਮਿੰਦਰ ਸਿੰਘ 1984 ਤੋਂ 1989 ਤੱਕ ਇਸ ਲੋਕ ਸਭਾ ਸੀਟ ਤੋਂ ਅਕਾਲੀ ਦਲ ਦੇ ਸੰਸਦ ਮੈਂਬਰ ਰਹੇ ਸਨ। ਭਾਈ ਸ਼ਮਿੰਦਰ ਸਿੰਘ ਦੇ ਛੋਟੇ ਭਰਾ ਅਤੇ ਰਾਹੁਲ ਸਿੱਧੂ ਦੇ ਪਿਤਾ ਭਾਈ ਹਰਨਿਰਪਾਲ ਸਿੰਘ "ਕੁਕੂ" ਉਹਨਾਂ ਦਿਨਾਂ ਵਿੱਚ ਚੋਣ ਪ੍ਰਚਾਰ ਦੀ ਕਮਾਨ ਸੰਭਾਲਦੇ ਸਨ। ਜਿਸ ਕਾਰਨ ਭਾਈ ਪਰਿਵਾਰ ਇਸ ਲੋਕ ਸਭਾ ਹਲਕੇ ਦੇ ਹਰ ਕੋਨੇ ਤੋਂ ਜਾਣੂ ਹੈ।
2004 ਤੋਂ 2024 ਤੱਕ ਦੀ ਸਥਿਤੀ
ਜੇਕਰ ਹਾਲ ਹੀ ਦੇ ਸਾਲਾਂ ਦੀ ਗੱਲ ਕਰੀਏ ਤਾਂ 2004 ਵਿੱਚ ਸੁਖਬੀਰ ਸਿੰਘ ਬਾਦਲ ਅਤੇ 2009 ਵਿੱਚ ਪਰਮਜੀਤ ਕੌਰ ਗੁਲਸ਼ਨ ਇਸ ਸੀਟ ਤੋਂ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ - ਭਾਜਪਾ ਗਠਜੋੜ ਦੇ ਉਮੀਦਵਾਰ ਵਜੋਂ ਸਦਨ ਵਿੱਚ ਪੁੱਜੇ ਸਨ। 2014 ਦੀਆਂ ਚੋਣਾਂ ਕਈਆਂ ਲਈ ਹੈਰਾਨੀਜਨਕ ਸਨ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਇਸ ਸੀਟ ਤੋਂ ਚੋਣ ਜਿੱਤ ਕੇ ਜਦੋਂ ਸਾਧੂ ਸਿੰਘ ਸਦਨ ਵਿੱਚ ਪਹੁੰਚੇ ਤਾਂ ਕਈ ਸਿਆਸੀ ਪੰਡਤਾਂ ਲਈ ਇਹ ਹੈਰਾਨ ਕਰਨ ਵਾਲਾ ਫੈਸਲਾ ਸੀ। ਹਾਲਾਂਕਿ, 2019 ਵਿੱਚ, ਆਮ ਆਦਮੀ ਪਾਰਟੀ ਸੀਟ ਨੂੰ ਬਰਕਰਾਰ ਨਹੀਂ ਰੱਖ ਸਕੀ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਮੁਹੰਮਦ ਸਦੀਕ ਨੇ ਜਿੱਤ ਪ੍ਰਾਪਤ ਕੀਤੀ। ਇੱਥੇ ਦੱਸਣਾ ਜ਼ਰੂਰੀ ਹੈ ਕਿ ਅਕਾਲੀ ਦਲ ਭਾਜਪਾ ਨਾਲ ਗਠਜੋੜ ਕਰਕੇ ਹੀ ਇਹ ਸੀਟ ਜਿੱਤਦਾ ਰਿਹਾ ਹੈ। ਕਿਉਂਕਿ ਗਠਜੋੜ ਦੀਆਂ ਸ਼ਰਤਾਂ ਅਨੁਸਾਰ ਇਹ ਸੀਟ ਅਕਾਲੀ ਦਲ ਦੇ ਖਾਤੇ ਵਿੱਚ ਆਉਂਦੀ ਸੀ।
ਫਰੀਦਕੋਟ ਜ਼ਿਲ੍ਹੇ ਬਾਰੇ ਕੁਝ ਖਾਸ ਗੱਲਾਂ
ਸੂਫੀ ਸੰਤ ਬਾਬਾ ਫਰੀਦ ਦੇ ਨਾਂ 'ਤੇ ਇਸ ਜ਼ਿਲ੍ਹੇ ਦਾ ਨਾਂ ਫਰੀਦਕੋਟ ਰੱਖਿਆ ਗਿਆ। 2011 ਦੀ ਜਨਗਣਨਾ ਅਨੁਸਾਰ ਇਸ ਸੀਟ 'ਤੇ ਸਿੱਖ ਭਾਈਚਾਰੇ ਦੀ ਗਿਣਤੀ ਲਗਭਗ 76 ਫੀਸਦੀ ਹੈ। ਇਸ ਦੇ ਨਾਲ ਹੀ ਹਿੰਦੂ ਆਬਾਦੀ ਲਗਭਗ 23 ਫੀਸਦੀ ਹੈ। 2011 ਦੀ ਮਰਦਮਸ਼ੁਮਾਰੀ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਇਸ ਜ਼ਿਲ੍ਹੇ ਦੀ ਲਗਭਗ 92 ਫੀਸਦੀ ਆਬਾਦੀ ਦੀ ਪਹਿਲੀ ਭਾਸ਼ਾ ਪੰਜਾਬੀ ਹੈ, ਜਦੋਂ ਕਿ 7 ਫੀਸਦੀ ਆਬਾਦੀ ਹਿੰਦੀ ਨੂੰ ਆਪਣੀ ਪਹਿਲੀ ਭਾਸ਼ਾ ਦੱਸਦੀ ਹੈ। 2011 ਵਿੱਚ ਇਸ ਜ਼ਿਲ੍ਹੇ ਦਾ ਲਿੰਗ ਅਨੁਪਾਤ 890 ਸੀ। 2001 ਦੇ ਮੁਕਾਬਲੇ ਲਗਭਗ 7 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। 2001 ਵਿੱਚ ਇਹ 883 ਸੀ।
ਪੰਜਾਬ 'ਚ ਕਿਸੇ ਵੀ ਔਰਤ ਨੂੰ ਟਿਕਟ ਨਾ ਦੇਣਾ ਆਮ ਆਦਮੀ ਪਾਰਟੀ 'ਤੇ ਭਾਰੀ ਪਵੇਗਾ
ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ 'ਤੇ ਮਰਦ ਉਮੀਦਵਾਰ ਖੜ੍ਹੇ ਕੀਤੇ ਹਨ। 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਬਾਕੀ ਦੇ 91 ਜੇਤੂ ਵਿਧਾਇਕਾਂ ਅਤੇ ਮੌਜੂਦਾ ਮੰਤਰੀਆਂ ਨੇ ਔਰਤਾਂ ਨਾਲ ਵੱਡੇ-ਵੱਡੇ ਵਾਅਦੇ ਕਰਕੇ ਸੱਤਾ ਹਾਸਿਲ ਕੀਤੀ ਸੀ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਹਰ ਆਮ ਔਰਤ ਦੇ ਬੈਂਕ ਖਾਤੇ 'ਚ 1000 ਰੁਪਏ ਪ੍ਰਤੀ ਮਹੀਨਾ ਜਮ੍ਹਾ ਕਰਵਾਏ ਜਾਣਗੇ।
ਪਰ ਚੋਣ ਜਿੱਤਦਿਆਂ ਹੀ ਇਸ ਵਾਅਦੇ ਨੂੰ ਪੂਰਾ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਬਹਾਨੇ ਘੜੇ ਗਏ। ਅਤੇ ਹੁਣ ਆਮ ਚੋਣਾਂ ਦੇ ਮੌਕੇ 'ਤੇ ਪੰਜਾਬ ਦੀ ਕਿਸੇ ਵੀ ਲੋਕ ਸਭਾ ਸੀਟ 'ਤੇ ਕਿਸੇ ਵੀ ਔਰਤ ਨੂੰ ਟਿਕਟ ਨਾ ਦੇ ਕੇ ਇਹ ਸਾਬਤ ਕਰ ਦਿੱਤਾ ਗਿਆ ਹੈ ਕਿ ਆਮ ਆਦਮੀ ਪਾਰਟੀ ਔਰਤਾਂ ਪ੍ਰਤੀ ਬਿਲਕੁਲ ਵੀ ਸ਼ੁਭਚਿੰਤਕ ਨਹੀਂ ਹੈ। ਔਰਤ ਵੋਟਰਾਂ ਦੀ ਸਿਆਸੀ ਵਰਤੋਂ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਫਰੀਦਕੋਟ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਨਾਲ ਸਬੰਧਤ ਕਈ ਸੀਨੀਅਰ ਔਰਤ ਆਗੂ ਟਿਕਟ ਦੀ ਦਾਅਵੇਦਾਰ ਸਨ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਟਿਕਟ ਆਪਣੇ ਚਹੇਤੇ ਤੇ ਸਾਥੀ ਕਲਾਕਾਰ ਕਰਮਜੀਤ ਅਨਮੋਲ ਨੂੰ ਸੌਂਪ ਦਿੱਤੀ। ਜਿਨ੍ਹਾਂ ਕੋਲ ਵਿਦੇਸ਼ੀ ਨਾਗਰਿਕਤਾ ਵੀ ਦੱਸੀ ਜਾ ਰਹੀ ਹੈ।