ਜਾਣੋ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਕਿੰਨੀ ਜਾਇਦਾਦ ਦੇ ਹਨ ਮਾਲਕ
ਰੋਹਿਤ ਗੁਪਤਾ
ਗੁਰਦਾਸਪੁਰ 11 ਮਈ 2024 - ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਨੇ ਕੱਲ੍ਹ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਉਨਾਂ ਨੇ ਆਪਣੀ ਪਤਨੀ ਮੀਨਾ ਠਾਕੁਰ ਨੂੰ ਆਪਣਾ ਕਵਰਿੰਗ ਉਮੀਦਵਾਰ ਬਣਾਇਆ ਹੈ ਅਤੇ ਨਾਮਜ਼ਦਗੀ ਪੱਤਰ ਵੀ ਦਾਖਲ ਕਰਵਾਏ ਹਨ। ਆਪਣੇ ਨਾਮਜ਼ਦਗੀ ਪੱਤਰਾਂ ਦੇ ਨਾਲ ਦਿੱਤੇ ਘੋਸ਼ਣਾ ਪੱਤਰ ਅਨੁਸਾਰ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਕੋਲ 4 ਕਰੋੜ 82 ਲੱਖ 35 ਹਜ਼ਾਰ 573 ਰੁਪਏ ਦੀ ਚੱਲ ਅਚੱਲ ਜਾਇਦਾਦ ਹੈ, ਜਦਕਿ ਉਨ੍ਹਾਂ ਦੀ ਪਤਨੀ ਮੀਨਾ ਠਾਕੁਰ ਕੋਲ 1 ਕਰੋੜ 3 ਲੱਖ 99 ਹਜ਼ਾਰ 945 ਰੁਪਏ ਦੀ ਜਾਇਦਾਦ ਹੈ।
ਇਸ ਹਿਸਾਬ ਨਾਲ ਦੋਵਾਂ ਦੀ ਕੁੱਲ ਜਾਇਦਾਦ 5 ਕਰੋੜ 86 ਲੱਖ 35 ਹਜ਼ਾਰ 518 ਰੁਪਏ ਹੈ।ਇਸ ਸਮੇਂ ਦਿਨੇਸ਼ ਬੱਬੂ ਦੇ ਹੱਥ 1 ਲੱਖ 80 ਹਜ਼ਾਰ ਰੁਪਏ ਹਨ ਜਦਕਿ ਉਨ੍ਹਾਂ ਦੇ ਵੱਖ-ਵੱਖ ਬੈਂਕ ਖਾਤਿਆਂ ਵਿਚ 21 ਲੱਖ 99 ਹਜ਼ਾਰ 310 ਰੁਪਏ ਹਨ ਜਦਕਿ ਉਨ੍ਹਾਂ ਦੀ ਪਤਨੀ ਮੀਨਾ ਠਾਕੁਰ ਦੇ ਕੋਲ ਸਿਰਫ਼ ਵੀਹ ਹਜ਼ਾਰ ਰੁਪਏ ਦੀ ਨਕਦੀ ਹੈ ਜਦੋਂਕਿ ਵੱਖ-ਵੱਖ ਬੈਂਕ ਖਾਤਿਆਂ ਵਿੱਚ 69 ਹਜ਼ਾਰ 945 ਰੁਪਏ ਹਨ।
ਘੋਸ਼ਣਾ ਪੱਤਰ ਅਨੁਸਾਰ ਬੱਬੂ 'ਤੇ ਦੋ ਵੱਖ-ਵੱਖ ਬੈਂਕਾਂ ਤੋਂ 16 ਲੱਖ 97 ਹਜ਼ਾਰ 800 ਰੁਪਏ ਦਾ ਕਰਜ਼ਾ ਹੈ, ਜਿਸ 'ਚੋਂ 12 ਲੱਖ 41 ਹਜ਼ਾਰ 314 ਰੁਪਏ ਦਾ ਨਿੱਜੀ ਕਰਜ਼ਾ ਅਤੇ 4 ਲੱਖ 56 ਹਜ਼ਾਰ 586 ਰੁਪਏ ਦਾ ਕਾਰ ਕਰਜ਼ਾ ਹੈ। ਘੋਸ਼ਣਾ ਪੱਤਰ ਅਨੁਸਾਰ, ਉਸਦੀ ਪਤਨੀ ਮੀਨਾ ਦੇ ਨਾਮ 'ਤੇ ਕੋਈ ਕਾਰ ਨਹੀਂ ਹੈ ਜਦੋਂ ਕਿ ਬੱਬੂ ਕੋਲ ਤਿੰਨ ਗੱਡੀਆਂ ਜਿਨਾਂ ਵਿੱਚ ਇੱਕ ਫਾਰਚੂਨਰ 2018 ਮਾਡਲ, ਇੱਕ ਵਰਨਾ ਕਾਰ 2023 ਮਾਡਲ ਅਤੇ ਇੱਕ ਇਨੋਵਾ ਕਾਰ 2014 ਮਾਡਲ ਹੈ।
ਬੱਬੂ ਕੋਲ ਸੋਨੇ ਦੀ ਕੋਈ ਵਸਤੂ ਨਹੀਂ ਹੈ ਜਦਕਿ ਉਸ ਦੀ ਪਤਨੀ ਕੋਲ 25 ਲੱਖ 60 ਹਜ਼ਾਰ ਰੁਪਏ ਦੇ ਸੋਨੇ ਦੇ ਗਹਿਣੇ ਹਨ। ਬੱਬੂ ਕੋਲ 14 ਕਿਲੇ, 17 ਕਨਾਲ ਅਤੇ 63 ਮਰਲੇ ਵਾਹੀਯੋਗ ਜ਼ਮੀਨ ਹੈ। ਉਹਨਾਂ ਦਾ ਪਿੰਡ ਮਨਵਾਲ ਵਿੱਚ ਇੱਕ ਕਨਾਲ ਦਾ ਘਰ ਅਤੇ ਚੰਡੀਗੜ੍ਹ ਨੇੜੇ ਪਿੰਡ ਜੰਡਪੁਰ ਵਿੱਚ 8.25 ਮਰਲੇ ਦਾ ਪਲਾਟ ਹੈ। ਜਦਕਿ ਉਹਨਾਂ ਦੀ ਪਤਨੀ ਮੀਨਾ ਦਾ ਪਠਾਨਕੋਟ ਦੇ ਪਿੰਡ ਚੱਕ ਮਾਧੋ ਸਿੰਘ ਵਿੱਚ 40 ਮਰਲੇ ਦਾ ਮਕਾਨ ਹੈ। ਇਸ ਤੋਂ ਇਲਾਵਾ ਮੀਨਾ ਠਾਕੁਰ ਕੋਲ 361.763 ਫੁੱਟ ਗੈਰ-ਖੇਤੀ ਯੋਗ ਜ਼ਮੀਨ ਵੀ ਹੈ।
ਜੇਕਰ ਗੱਲ ਵਿਧਾਨ ਸਭਾ ਚੋਣਾਂ 2022 ਵਿੱਚ ਬੱਬੂ ਵੱਲੋਂ ਪੇਸ਼ ਕੀਤੇ ਗਏ ਘੋਸ਼ਣਾ ਪੱਤਰ ਦੀ ਕਰੀਏ ਤਾਂ ਉਹਨਾਂ ਕੋਲ 2022 ਵਿੱਚ 6 ਕਰੋੜ 47 ਲੱਖ ,55 ਹਜ਼ਾਰ 973 ਰੁਪਏ ਦੀ ਚੱਲ ਅਚੱਲ ਜਾਇਦਾਦ ਸੀ ਜਦਕਿ ਉਸ ਸਮੇਂ ਉਹਨਾਂ ਦੀਆਂ ਦੇਣਦਾਰੀਆਂ 11 ਲੱਖ 6837 ਦੀਆਂ ਸਨ।