ਪਟਿਆਲਾ: ਆਦਰਸ਼ ਚੋਣ ਜਾਬਤੇ ਦੀ ਪਾਲਣਾ ਯਕੀਨੀ ਬਣਾਈ ਜਾਵੇ-ਜਨਰਲ ਆਬਜ਼ਰਵਰ
- ਸੋਸ਼ਲ ਮੀਡੀਆ 'ਤੇ ਭੜਕਾਊ ਬਿਆਨਬਾਜੀ ਤੇ ਅਫ਼ਵਾਹਾਂ ਤੋਂ ਦੂਰ ਰਹਿਣ ਦੀ ਕੀਤੀ ਅਪੀਲ
- ਜਨਰਲ ਆਬਜ਼ਰਵਰ, ਪੁਲਿਸ ਆਬਜ਼ਰਵਰ ਤੇ ਖ਼ਰਚਾ ਆਬਜ਼ਰਵਰ ਵੱਲੋਂ ਉਮੀਦਵਾਰਾਂ ਤੇ ਨੁਮਾਇੰਦਿਆਂ ਨਾਲ ਅਹਿਮ ਮੀਟਿੰਗ
- ਚੋਣ ਪ੍ਰਕ੍ਰਿਆ ਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਕਰਵਾਇਆ ਜਾਣੂ
ਪਟਿਆਲਾ, 15 ਮਈ 2024 - ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਹਲਕਾ ਪਟਿਆਲਾ-13 ਲਈ ਨਿਯੁਕਤ ਕੀਤੇ ਜਨਰਲ ਆਬਜ਼ਰਵਰ ਓਮ ਪ੍ਰਕਾਸ਼ ਬਕੋੜੀਆ, ਪੁਲਿਸ ਆਬਜ਼ਰਵਰ ਆਮਿਰ ਜਾਵੇਦ ਅਤੇ ਖ਼ਰਚਾ ਅਬਜ਼ਰਵਰ ਮੀਤੂ ਅਗਰਵਾਲ ਨੇ ਉਮੀਦਵਾਰਾਂ ਤੇ ਉਨ੍ਹਾਂ ਦੇ ਨੁਮਾਇਦਿਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ। ਮੀਟਿੰਗ ਦੌਰਾਨ ਜਨਰਲ ਆਬਜ਼ਰਵਰ ਨੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਅਤੇ ਐਸ.ਐਸ.ਪੀ. ਵਰੁਣ ਸ਼ਰਮਾ ਦੀ ਹਾਜ਼ਰੀ ਵਿੱਚ ਲੋਕ ਸਭਾ ਚੋਣਾਂ-2024 ਲਈ ਆਦਰਸ਼ ਚੋਣ ਜਾਬਤੇ ਦੀ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਚੋਣ ਜਾਬਤੇ ਦੀ ਉਲੰਘਣਾ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਓਮ ਪ੍ਰਕਾਸ਼ ਬਕੋੜੀਆ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਕਿਸੇ ਵੀ ਤਰ੍ਹਾਂ ਦੀ ਭੜਕਾਊ ਬਿਆਨਬਾਜੀ ਤੇ ਦੂਸ਼ਣਬਾਜੀ ਤੋਂ ਗੁਰੇਜ਼ ਕੀਤਾ ਜਾਵੇ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਵੀ ਨਾ ਫੈਲਾਈ ਜਾਵੇ। ਉਨ੍ਹਾਂ ਕਿਹਾ ਕਿ ਪਟਿਆਲਾ ਵਿੱਚ ਨਿਰਪੱਖ, ਪਾਰਦਰਸ਼ੀ ਤੇ ਸ਼ਾਂਤੀਪੂਰਵਕ ਚੋਣਾਂ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਉਮੀਦਵਾਰ ਨੂੰ ਕਿਸੇ ਵੀ ਤਰ੍ਹਾਂ ਦੀ ਸ਼ੰਕਾ ਜਾਂ ਸ਼ਿਕਾਇਤ ਹੈ ਤਾਂ ਉਹ ਸਰਕਟ ਹਾਊਸ ਪਟਿਆਲਾ ਵਿਖੇ ਸਵੇਰੇ 10 ਤੋਂ 11 ਵਜੇ ਉਨ੍ਹਾਂ ਨੂੰ ਨਿਜੀ ਤੌਰ 'ਤੇ ਮਿਲ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨਾਲ ਮੋਬਾਇਲ ਨੰਬਰ 88376-83098 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਪੁਲਿਸ ਆਬਜ਼ਰਵਰ ਆਮਿਰ ਜਾਵੇਦ ਨੇ ਕਿਹਾ ਕਿ ਚੋਣਾਂ ਦੌਰਾਨ ਈ.ਵੀ.ਐਮਜ਼ ਦੀ ਸੁਰੱਖਿਆ ਅਤੇ ਹਰ ਕਿਸਮ ਦੀਆਂ ਬਰਾਮਦਗੀਆਂ 'ਤੇ ਨਜ਼ਰ ਰੱਖੀ ਜਾਵੇਗੀ ਤਾਂ ਜੋ ਪਟਿਆਲਾ ਲੋਕ ਸਭਾ ਹਲਕੇ ਦੇ ਵੋਟਰਾਂ ਲਈ ਸ਼ਾਂਤੀਪੂਰਵਕ ਮਾਹੌਲ ਸਿਰਜਿਆ ਜਾਵੇ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਹੁਣ ਤੱਕ ਤਸੱਲੀਬਖ਼ਸ਼ ਬਰਾਮਦਗੀਆਂ ਕੀਤੀਆਂ ਗਈਆਂ ਹਨ ਅਤੇ ਹੋਰ ਬਰਾਮਦਗੀਆਂ ਲਈ ਪੂਰੀ ਗੰਭੀਰਤਾ ਦਿਖਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਨਾਲ ਸਬੰਧਤ ਕਿਸੇ ਵੀ ਮੁੱਦੇ ਸਬੰਧੀ ਉਨ੍ਹਾਂ ਨਾਲ ਮੋਬਾਇਲ ਨੰਬਰ 62840-44978 ਉਪਰ ਸੰਪਰਕ ਕੀਤਾ ਜਾ ਸਕਦਾ ਹੈ।
ਖ਼ਰਚਾ ਆਬਜ਼ਰਵਰ ਮੀਤੂ ਅਗਰਵਾਲ ਨੇ ਉਮੀਦਵਾਰਾਂ ਵੱਲੋਂ ਵੱਖ-ਵੱਖ ਰਜਿਸਟਰਾਂ 'ਤੇ ਖ਼ਰਚਿਆਂ ਸਬੰਧੀ ਰਿਕਾਰਡ ਰੱਖਣ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ 20, 25 ਅਤੇ 30 ਮਈ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸੀ-ਬਲਾਕ ਵਿਖੇ ਖਰਚਾ ਰਜਿਸਟਰਾਂ ਦੀ ਪੜਤਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਮੂਹ ਉਮੀਦਵਾਰ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਚੋਣ ਖ਼ਰਚਾ ਹੱਦ 95 ਲੱਖ ਰੁਪਏ ਦਾ ਪੂਰਾ ਹਿਸਾਬ ਰੱਖਣ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਇੰਨ-ਬਿੰਨ ਕਰਨਾ ਯਕੀਨੀ ਬਣਾਇਆ ਜਾਵੇ।
ਖ਼ਰਚਾ ਆਬਜ਼ਰਵਰ ਨੇ ਕਿਹਾ ਕਿ ਉਮੀਦਵਾਰ ਗ਼ੈਰਕਾਨੂੰਨੀ ਅਤੇ ਨਾਜ਼ਾਇਜ਼ ਖ਼ਰਚਿਆਂ ਤੋਂ ਬਚਕੇ ਕੇਵਲ ਕਾਨੂੰਨੀ ਤੇ ਜ਼ਾਇਜ਼ ਖ਼ਰਚੇ ਹੀ ਕਰਨ, ਕਿਉਂਕਿ ਉਮੀਦਵਾਰਾਂ ਦੇ ਹਰ ਖ਼ਰਚੇ 'ਤੇ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ। ਉਮੀਦਵਾਰ ਆਪਣਾ ਸਾਰਾ ਖ਼ਰਚਾ ਚੋਣਾਂ ਲਈ ਖੁਲ੍ਹਵਾਏ ਬੈਂਕ ਖਾਤੇ ਰਾਹੀਂ ਹੀ ਕਰਨਗੇ ਤੇ ਇੱਕ ਦਿਨ ਵਿੱਚ ਨਗ਼ਦ ਦੇ ਰੂਪ 'ਚ 10 ਹਜ਼ਾਰ ਰੁਪਏ ਤੋਂ ਵੱਧ ਇਕ ਜਣੇ ਨੂੰ ਅਦਾਇਗੀ ਕਰ ਸਕਣਗੇ ਅਤੇ ਨਾ ਹੀ ਕਿਸੇ ਕੋਲੋਂ 10 ਹਜ਼ਾਰ ਤੋਂ ਵੱਧ ਦੀ ਨਗ਼ਦੀ ਪ੍ਰਾਪਤ ਨਹੀਂ ਕਰ ਸਕਣਗੇ। ਨਾਮਜਦਗੀ ਤੋਂ ਲੈਕੇ ਕੀਤੇ ਜਾ ਰਹੇ ਪੂਰੇ ਖ਼ਰਚੇ ਦਾ ਪੂਰਾ ਬਿਉਰਾ ਚੋਣ ਦੇ ਨਤੀਜੇ ਤੋਂ ਬਾਅਦ 30 ਦਿਨਾਂ ਦੇ ਅੰਦਰ-ਅੰਦਰ ਡਿਪਟੀ ਕਮਿਸ਼ਨਰ ਕੋਲ ਜਮ੍ਹਾਂ ਕਰਵਾਉਣਾ ਹੋਵੇਗਾ ਅਤੇ ਜੇਕਰ ਅਜਿਹਾ ਨਾ ਹੋ ਸਕਿਆ ਤਾਂ ਨੋਟਿਸ ਜਾਰੀ ਹੋਵੇਗਾ ਅਤੇ ਜੇਕਰ ਖ਼ਰਚੇ ਦਾ ਬਿਉਰਾ ਜਮ੍ਹਾਂ ਨਾ ਕਰਵਾਇਆ ਜਾ ਸਕਿਆ ਤਾਂ ਚੋਣ ਕਮਿਸ਼ਨ ਵੱਲੋਂ ਉਮੀਦਵਾਰ ਨੂੰ ਅਗਲੇ ਤਿੰਨ ਸਾਲਾਂ ਲਈ ਚੋਣ ਲੜ੍ਹਨ ਤੋਂ ਆਯੋਗ ਕਰਾਰ ਦਿੱਤਾ ਜਾ ਸਕਦਾ ਹੈ।
ਖ਼ਰਚਾ ਅਬਜ਼ਰਵਰਾਂ ਨੇ ਕਿਹਾ ਕਿ ਫੇਸਬੁਕ, ਇਲੈਕਟ੍ਰੋਨਿਕ ਤੇ ਸੋਸ਼ਲ ਮੀਡੀਆ 'ਤੇ ਕੋਈ ਵੀ ਇਸ਼ਤਿਹਾਰ ਤੇ ਇਸ 'ਤੇ ਲਾਏ ਗਏ ਬੂਸਟ ਨੂੰ ਖ਼ਰਚੇ ਵਿੱਚ ਜੋੜਿਆ ਜਾਵੇਗਾ। ਬਿਨ੍ਹਾਂ ਪ੍ਰਵਾਨਗੀ ਜਨ ਸਭਾ, ਰੈਲੀਆਂ, ਰੋਡ ਸ਼ੋਅ ਅਤੇ ਗੱਡੀਆਂ ਨਹੀਂ ਚਲਾਈਆਂ ਜਾ ਸਕਦੀਆਂ ਅਜਿਹਾ ਹੋਣ 'ਤੇ ਐਫ.ਆਈ.ਆਰ. ਦਰਜ ਹੋਵੇਗੀ। ਜਦੋਂਕਿ ਜਿਹੜੇ ਉਮੀਦਵਾਰਾਂ ਵਿਰੁੱਧ ਕਿਸੇ ਜੁਰਮ ਦੇ ਕੇਸ ਦਰਜ ਹਨ, ਉਨ੍ਹਾਂ ਨੂੰ ਤਿੰਨ ਵਾਰ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ 'ਚ ਇਸ਼ਤਿਹਾਰ ਦੇਣਾ ਪਵੇਗਾ। ਪ੍ਰਚਾਰ ਸਮੱਗਰੀ ਸਰਕਾਰੀ ਜਾਇਦਾਦ 'ਤੇ ਲਾਉਣ ਦੀ ਮਨਾਹੀ ਹੈ ਜਦਕਿ ਨਿਜੀ ਜਾਇਦਾਦ 'ਤੇ ਲੱਗੀ ਪ੍ਰਚਾਰ ਸਮੱਗਰੀ ਲਈ ਮਾਲਕ ਤੋਂ ਸਹਿਮਤੀ ਲੈਣੀ ਤੇ ਇਹ ਏ.ਆਰ.ਓ. ਕੋਲ ਜਮ੍ਹਾਂ ਕਰਵਾਉਣੀ ਲਾਜਮੀ ਹੈ।
ਇਸ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਸ਼ੌਕਤ ਅਹਿਮਦ ਪਰੇ ਨੇ ਉਮੀਦਵਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਦੱਸਿਆ ਕਿ ਪ੍ਰਸਾਸ਼ਨ ਸਾਰੇ ਉਮੀਦਵਾਰਾਂ ਨੂੰ ਚੋਣ ਲੜਨ ਦੇ ਬਰਾਬਰ ਦੇ ਮੌਕੇ ਪ੍ਰਦਾਨ ਕਰਨ ਲਈ ਉਨ੍ਹਾਂ ਦੀ ਸੁਵਿਧਾ ਲਈ ਸੰਭਵ ਸਹਾਇਤਾ ਕਰਨ ਲਈ ਤਿਆਰ ਹੈ ਪਰੰਤੂ ਹਰ ਉਮੀਦਵਾਰ ਚੋਣ ਜਾਬਤੇ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦਾ ਪਾਲਣ ਕਰਨਾ ਯਕੀਨੀ ਬਣਾਏ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਸ਼ਿਕਾਇਤ ਹੈ ਜਾਂ ਚੋਣ ਜਾਬਤੇ ਦੀ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਸੀਵਿਜਲ ਐਪ 'ਤੇ ਸ਼ਿਕਾਇਤ ਦਰਜ ਕਰਵਾਈ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਵੋਟਰਾਂ ਨੂੰ ਭਰਮਾਉਣ ਲਈ ਨਗ਼ਦੀ, ਤੋਹਫ਼ੇ, ਸ਼ਰਾਬ ਜਾਂ ਕਿਸੇ ਹੋਰ ਨਸ਼ਿਆਂ ਦੀ ਵਰਤੋ ਕਰਨ ਵਾਲੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਐਸ.ਐਸ.ਪੀ. ਵਰੁਣ ਸ਼ਰਮਾ ਨੇ ਕਿਹਾ ਕਿ ਪਟਿਆਲਾ ਪੁਲਿਸ ਭੈਅ ਮੁਕਤ ਤੇ ਅਮਨ ਸ਼ਾਤੀ ਪੂਰਵਕ ਚੋਣਾਂ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਪੁਲਿਸ ਮਨੀ ਤੇ ਮਸਲ ਪਾਵਰ ਨੂੰ ਕਿਸੇ ਵੀ ਹਾਲਤ ਵਿੱਚ ਵੋਟਰਾਂ ਨੂੰ ਭਰਮਾਉਣ ਜਾਂ ਡਰਾਉਣ ਧਮਕਾਉਣ ਲਈ ਵਰਤਣ ਦੀ ਆਗਿਆ ਨਹੀਂ ਦੇਵੇਗੀ। ਮੀਟਿੰਗ 'ਚ ਏ.ਡੀ.ਸੀ. ਕੰਚਨ, ਐਸ.ਪੀ. ਮੁਹੰਮਦ ਸਰਫ਼ਰਾਜ ਆਲਮ ਅਤੇ ਚੋਣ ਲੜ੍ਹ ਰਹੇ ਉਮੀਦਵਾਰ ਤੇ ਉਨ੍ਹਾਂ ਦੇ ਨੁਮਾਇੰਦੇ ਵੀ ਮੌਜੂਦ ਸਨ।