ਮੇਅਰ ਚੋਣ ਵਿੱਚ ਲੋਕਤੰਤਰ ਦੀ ਹੱਤਿਆ ਕਰਨ ਵਾਲੇ ਅਤੇ ਕਰਵਾਉਣ ਵਾਲਿਆਂ ਦਾ ਬੀਜੇਪੀ ਕਿਉਂ ਦੇ ਰਹੀ ਹੈ ਸਾਥ : ਡਾ. ਆਹਲੂਵਾਲੀਆ
- ਅਰੁਣ ਸੂਦ ਨੇ ਇੱਕ ਇੰਟਰਵਿਊ ਦੌਰਾਨ ਮੰਨਿਆ ਕਿ ਲੋਕਤੰਤਰ ਦੀ ਹੱਤਿਆ ਕਰਨ ਵਾਲੇ ਅਤੇ ਕਰਵਾਉਣ ਵਾਲਿਆਂ ਤੇ ਕਾਰਵਾਈ ਹੋਣ ਚਾਹੀਦੀ ਹੈ
ਚੰਡੀਗੜ੍ਹ, 16 ਮਈ, 2024: ਜਨਵਰੀ ਮਹੀਨੇ ਦੌਰਾਨ ਚੰਡੀਗੜ੍ਹ ਨਗਰ ਨਿਗਮ ਵਿੱਚ ਮੇਅਰ ਚੋਣ ਦੌਰਾਨ ਲੋਕਤੰਤਰ ਦੀ ਹੱਤਿਆ ਕਰਨ ਅਤੇ ਕਰਵਾਉਣ ਵਾਲਿਆਂ ਵਿਰੁੱਧ ਹਾਲੇ ਤੱਕ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਈ। ਸਾਢੇ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਹਾਲੇ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਦੁਆਰਾ ਕੋਈ ਕਾਰਵਾਈ ਨਹੀਂ ਕੀਤੀ ਗਈ। ਬੀਜੇਪੀ ਵਲੋਂ ਇਸ ਉਤੇ ਪੂਰੀ ਤਰ੍ਹਾਂ ਨਾਲ ਚੁੱਪੀ ਸਾਧਦੇ ਹੋਏ, ਲੋਕ ਸਭਾ ਚੋਣਾਂ ਵਿੱਚ ਆਪਣੀ ਹਾਰ ਤੋਂ ਬਚਣ ਦੀ ਕੋਸਿਸ ਕੀਤੀ ਜਾ ਰਹੀ ਹੈ।
ਇਨ੍ਹਾਂ ਗੱਲ੍ਹਾਂ ਦਾ ਪ੍ਰਗਟਾਵਾ ਅੱਜ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਕੋ–ਇੰਚਾਰਜ ਆਮ ਆਦਮੀ ਪਾਰਟੀ (ਆਪ) ਚੰਡੀਗੜ੍ਹ, ਡਾ. ਐਸ.ਐਸ. ਆਹਲੂਵਾਲੀਆ, ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਕੁਲਦੀਪ ਕੁਮਾਰ ਅਤੇ ਕੌਂਸਲਰਾਂ ਵਲੋਂ ਇਸ ਵਿਸ਼ੇ ਨੂੰ ਲੈ ਕੇ ਪ੍ਰੈਸੱ ਕਾਨਫਰੰਸ ਕਰਕੇ ਚੰਡੀਗੜ੍ਹ ਤੋਂ ਲੋਕ ਸਭਾ ਚੋਣਾਂ ਵਿੱਚ ਬੀਜੇਪੀ ਦੇ ਉਮੀਦਵਾਰ ਸੰਜੇ ਟੰਡਨ ਅਤੇ ਬੀਜੇਪੀ ਦੇ ਪ੍ਰਧਾਨ ਜਤਿੰਦਰ ਮਲਹੋਤਰਾ ਨੂੰ ਕਈਂ ਸੁਆਲ ਕਰਦੇ ਹੋਏ ਕੀਤਾ ਗਿਆ।
ਡਾ. ਐਸ.ਐਸ. ਆਹਲੂਵਾਲੀਆ ਨੇ ਇਸ ਮੌਕੇ ਉਤੇ ਕਿਹਾ ਕਿ ਬੀਜੇਪੀ ਦੇ ਸਾਬਕਾ ਪ੍ਰਧਾਨ ਅਰੁਣ ਸੂਦ ਵਲੋਂ ਬੀਤੇ ਦਿਨ ਇੱਕ ਇੰਟਰਵਿਊ ਦੌਰਾਨ ਮੰਨਿਆ ਕਿ ਜਿਨ੍ਹਾਂ ਬੰਦਿਆਂ ਨੇ ਮੇਅਰ ਚੋਣ ਦੌਰਾਨ ਲੰਕਤੰਤਰ ਦੀ ਹੱਤਿਆ ਕੀਤੀ ਅਤੇ ਕਰਵਾਈ ਹੈ, ਉਹ ਬੀਜੇਪੀ ਦੇ ਲਈ ਬਹੁਤ ਘਾਤਕ ਸਿੱਧ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਨੂੰ ਲੋਕਤੰਤਰ ਦੀ ਹੱਤਿਆ ਕਰਨ ਅਤੇ ਕਰਵਾਉਣ ਵਾਲਿਆਂ ਬਾਰੇ ਸਭ ਕੁੱਝ ਪਤਾ ਹੋਣ ਦੇ ਬਾਵਜੂਦ ਹੁਣ ਤੱਕ ਕਿਸੇ ਵੀ ਵਿਅਕਤੀ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਪੁਲਿਸ ਪ੍ਰਸ਼ਾਸ਼ਨ ਅਤੇ ਸਿਵਲ ਪ੍ਰਸ਼ਾਸਨ ਨੂੰ ਕੋਈ ਕਾਰਵਾਈ ਕਰਨ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਬੀਜੇਪੀ ਦੇ ਹਾਲਾਤ ਐਨੇ ਜ਼ਿਆਦਾ ਖ਼ਰਾਬ ਹੋ ਚੁੱਕੇ ਹਨ, ਕਿ ਮੇਅਰ ਚੋਣ ਦੌਰਾਨ ਲੋਕਤੰਤਰ ਦੀ ਹੱਤਿਆ ਕਰਨ ਵਾਲੇ ਅਨਿਲ ਮਸ਼ੀਹ ਦਾ ਲੋਕ ਸਭਾ ਚੋਣਾਂ ਦੌਰਾਨ ਸਹਾਰਾ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਤੋਂ ਬੀਜੇਪੀ ਉਮੀਦਵਾਰ ਸੰਜੇ ਟੰਡਨ ਨਾਲ ਅਨਿਲ ਮਸੀਹ ਦਾ ਪਿਆਰ ਅਤੇ ਸਾਥ ਸਾਰੀ ਦੁਨੀਆ ਨੇ ਦੇਖਿਆ ਹੈ।
ਡਾ. ਆਹਲੂਵਾਲੀਆ ਨੇ ਅੱਗੇ ਕਿਹਾ ਕਿ ਮੇਅਰ ਚੋਣ ਦੌਰਾਨ ਲੋਕਤੰਤਰ ਦੀ ਹੱਤਿਆ ਕਰਨ ਅਤੇ ਕਰਵਾਉਣ ਵਾਲਿਆਂ ਖਿਲਾਫ ਕਾਰਵਾਈ ਦੇ ਲਈ ਚੰਡੀਗੜ੍ਹ ਪੁਲਿਸ ਨੂੰ ਕਈਂ ਵਾਰ ਬੇਨਤੀ ਕੀਤੀ ਜਾ ਚੁੱਕੀ ਹੈ, ਪਰ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਦੇ ਉਮੀਦਵਾਰ ਸੰਜੇ ਟੰਡਨ ਵਲੋਂ ਇਸ ਉਤੇ ਪੂਰੀ ਤਰ੍ਹਾਂ ਨਾਲ ਚੁੱਪੀ ਸਾਧੀ ਹੋਈ ਹੈ। ਜੇਕਰ ਲੋਕਤੰਤਰ ਦੀ ਹੱਤਿਆ ਕਰਨ ਅਤੇ ਕਰਵਾਉਣ ਵਾਲਿਆਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਉਨ੍ਹਾ ਦਾ ਲੋਕ ਸਭਾ ਚੋਣਾਂ ਦੌਰਾਨ ਸਹਾਰਾ ਲਿਆ ਜਾ ਰਿਹਾ ਹੈ ਤਾਂ ਇਸ ਤੋਂ ਸ਼ਰਮਨਾਕ ਗੱਲ ਕੋਈ ਨਹੀਂ ਹੋ ਸਕਦੀ। ਜਿਸ ਦੇ ਲਈ ਚੰਡੀਗੜ੍ਹ ਵਾਸੀ ਬੀਜੇਪੀ ਨੂੰ ਕਦੇ ਮਾਫ਼ ਨਹੀਂ ਕਰਨਗੇ।
ਡਾ. ਆਹਲੂਵਾਲੀਆ ਨੇ ਬੀਤੇ ਦਿਨ ਕਾਂਗਰਸ ਪਾਰਟੀ ਤੋਂ ਬੀਜੇਪੀ ਵਿੱਚ ਗਏ ਸੁਭਾਸ਼ ਚਾਵਲਾ ਬਾਰੇ ਬੋਲਦੇ ਹੋਏ ਕਿਹਾ ਕਿ ਚੰਡੀਗੜ੍ਹ ਵਿੱਚ ਮੇਅਰ ਚੋਣ ਦੌਰਾਨ ਆਪ ਅਤੇ ਕਾਂਗਰਸ ਦੇ ਹੋਏ ਗਠਜੋੜ ਤੋਂ ਲੈ ਕੇ ਮਨੀਸ਼ ਤਿਵਾੜੀ ਦੇ ਨਾਮਜ਼ਦਗੀ ਦਾਖਲ ਕਰਨ ਤੱਕ ਸੁਭਾਸ਼ ਚਾਵਲਾ ਨੂੰ ਇੰਡੀਆ ਅਲਾਇੰਸ ਦੇ ਸਬੰਧੀ ਕਿਸੇ ਤਰ੍ਹਾਂ ਦਾ ਕੋਈ ਗਿਲਾ–ਸਿਕਵਾ ਨਹੀਂ ਸੀ। ਮੇਅਰ ਚੋਣ ਦੌਰਾਨ ਉਨ੍ਹਾਂ ਨੇ ਗਠਜੋੜ ਵਿੱਚ ਰਹਿ ਕੇ ਪੂਰਾ ਸਾਥ ਦਿੱਤਾ ਅਤੇ ਹੁਣ ਬੀਜੇਪੀ ਵਿੱਚ ਜਾ ਕੇ ਝੂਠੀਆ ਗੱਲਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੁਭਾਸ਼ ਚਾਵਲਾ ਵਲੋਂ ਆਪਣਾ ਨਿੱਜੀ ਲਾਹਾ ਲੈਣ ਲਈ ਅਜਿਹੀਆਂ ਝੂਠੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ।
ਇਸ ਮੌਕੇ ਉਤੇ ਕੌਂਸਲਰ ਪ੍ਰੇਮ ਲਤਾ, ਮਨੋਵਰ, ਰਾਮਚੰਦਰ ਯਾਦਵ, ਯੋਗੇਸ਼ ਢੀਂਗਰਾ, ਹਰਦੀਪ ਸਿੰਘ, ਜਸਵਿੰਦਰ ਕੌਰ ਅਤੇ ਸੁਮਨ ਸ਼ਰਮਾਂ ਵਿੱਚ ਹਾਜ਼ਰ ਰਹੇ।