ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਸਨੌਰ ਦੇ ਸਾਰੇ ਅਕਾਲੀ ਵਰਕਰਾਂ ਨੂੰ ਐਨ ਕੇ ਸ਼ਰਮਾ ਦੀ ਜਿੱਤ ਯਕੀਨੀ ਬਣਾਉਣ ਲਈ ਡੱਟਣ ਦਾ ਸੱਦਾ
- ਪਟਿਆਲਾ ਪਹੁੰਚ ਕੇ ਐਨ ਕੇ ਸ਼ਰਮਾ ਦੇ ਹੱਕ ’ਚ ਕੀਤੀ ਵਿਸ਼ਾਲ ਮੀਟਿੰਗ
- ਸਾਬਕਾ ਸਰਪੰਚ ਲਖਵਿੰਦਰ ਸਿੰਘ ਲੱਖਾ ਕਾਂਗਰਸ ਛੱਡ ਅਕਾਲੀ ਦਲ ਵਿਚ ਹੋਏ ਸ਼ਾਮਲ
ਜਗਤਾਰ ਸਿੰਘ
ਪਟਿਆਲਾ, 20 ਮਈ2024 : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਐਮ ਪੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸਨੌਰ ਹਲਕੇ ਦੇ ਸਾਰੇ ਅਕਾਲੀ ਵਰਕਰਾਂ ਨੂੰ ਪਾਰਟੀ ਉਮੀਦਵਾਰ ਐਨ ਕੇ ਸ਼ਰਮਾ ਦੀ ਜਿੱਤ ਯਕੀਨੀ ਬਣਾਉਣ ਲਈ ਫੀਲਡ ਵਿਚ ਡੱਟ ਜਾਣ ਦਾ ਸੱਦਾ ਦਿੱਤਾ ਹੈ।
ਪ੍ਰੋ. ਚੰਦੂਮਾਜਰਾ ਤੋਂ ਸ੍ਰੀ ਆਨੰਦਪੁਰ ਸਾਹਿਬ ਤੋਂ ਪਾਰਟੀ ਦੇ ਉਮੀਦਵਾਰ ਹਨ, ਐਨ ਕੇ ਸ਼ਰਮਾ ਦੀ ਚੋਣ ਮੁਹਿੰਮ ਭਖਾਉਣ ਲਈ ਉਚੇਚੇ ਤੌਰ ’ਤੇ ਪਟਿਆਲਾ ਰਿਹਾਇਸ਼ ’ਤੇ ਪਹੁੰਚੇ ਤੇ ਵਰਕਰਾਂ ਨਾਲ ਵਿਸ਼ਾਲ ਮੀਟਿੰਗ ਕੀਤੀ।
ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਸਨੌਰ ਹਲਕੇ ਦੇ ਸਮੁੱਚੇ ਅਕਾਲੀ ਵਰਕਰਾਂ ਨੂੰ ਕਿਹਾ ਕਿ ਸਨੌਰ ਹਲਕੇ ਤੋਂ ਐਨ ਕੇ ਸ਼ਰਮਾ ਦੀ ਜਿੱਤ ਯਕੀਨੀ ਬਣਾਉਣ ਵਾਸਤੇ ਉਹ ਦਿਨ ਰਾਤ ਕਰ ਦੇਣ। ਉਹਨਾਂ ਕਿਹਾ ਕਿ ਐਨ ਕੇ ਸ਼ਰਮਾ ਵਰਗਾ ਸਾਫ ਸੁਥਰੇ ਕਿਰਦਾਰ ਤੇ ਕਾਰਗੁਜ਼ਾਰੀ ਵਾਲਾ ਹੋਰ ਕੋਈ ਉਮੀਦਵਾਰ ਪਟਿਆਲਾ ਵਿਚ ਨਹੀਂ ਹੈ। ਜਿਹੜੇ ਪਹਿਲਾਂ ਵਾਲੇ ਉਮੀਦਵਾਰ ਹਨ ਉਹਨਾਂ ਦੀ ਕਾਰਗੁਜ਼ਾਰੀ ਜ਼ੀਰੋ ਹੈ ਤੇ ਸਾਰੇ ਲੋਕਾਂ ਦੇ ਸਾਹਮਣੇ ਹੈ। ਉਹਨਾਂ ਕਿਹਾ ਕਿ ਬੇਸ਼ੱਕ 2022 ਵਿਚ ਆਪ ਦਾ ਬੁੱਲਾ ਬਣ ਗਿਆ ਸੀ ਪਰ ਹੁਣ ਉਹ ਬੁੱਲਾ ਫੁੱਟ ਚੁੱਕਾ ਹੈ ਤੇ ਸਨੌਰ ਰਵਾਇਤੀ ਅਕਾਲੀ ਹਲਕਾ ਹੈ। ਇਸ ਲਈ ਸਮੂਹ ਅਕਾਲੀ ਵਰਕਰਾਂ ਨੂੰ ਹੁਣ ਐਨ ਕੇ ਸ਼ਰਮਾ ਦੇ ਹੱਕ ਵਿਚ ਡੱਟ ਜਾਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਦੇਵੀਗੜ੍ਹ, ਭੁਨਰਹੇੜੀ, ਸਨੌਰ, ਬਲਬੇੜਾ ਹਰ ਖੇਤਰ ਵਿਚ ਅਕਾਲੀ ਦਲ ਦੇ ਵਰਕਰ ਪੂਰੀ ਮਿਹਨਤ ਨਾਲ ਕੰਮ ਕਰਨ ਅਤੇ ਪਾਰਟੀ ਦੀ ਜਿੱਤ ਯਕੀਨੀ ਬਣਾਉਣ। ਉਹਨਾਂ ਕਿਹਾ ਕਿ ਇਸ ਵਾਰ ਚੋਣਾਂ ਵਿਚ ਸਿਰਫ ਅਕਾਲੀ ਦਲ ਹੀ ਪੰਜਾਬੀਆਂ ਦੀ ਆਪਣੀ ਪਾਰਟੀ ਹੈ ਜਦੋਂ ਕਿ ਬਾਕੀ ਪਾਰਟੀਆਂ ਦਿੱਲੀ ਵਾਲੀਆਂ ਪਾਰਟੀਆਂ ਹਨ ਜਿਹਨਾਂ ਨੂੰ ਪੰਜਾਬ ਤੇ ਪੰਜਾਬੀਆਂ ਦੀ ਬੇਹਤਰੀ ਨਾਲ ਕੋਈ ਸਰੋਕਾਰ ਨਹੀਂ ਜਦੋਂ ਕਿ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਤੇ ਪੰਜਾਬੀਆਂ ਵਾਸਤੇ ਸੰਘਰਸ਼ ਕੀਤਾ ਹੈ।
ਇਸ ਮੌਕੇ ’ਤੇ ਲਖਵਿੰਦਰ ਸਿੰਘ ਲੱਖਾ ਸਾਬਕਾ ਸਰਪੰਚ ਬਹਾਦਰਗੜ੍ਹ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਮੁੜ ਸ਼ਾਮਲ ਹੋਏ। ਪ੍ਰੋ. ਚੰਦੂਮਾਜਰਾ ਨੇ ਸਿਰੋਪਾਓ ਦੇ ਕੇ ਉਹਨਾਂ ਦਾ ਪਾਰਟੀ ਵਿਚ ਮੁੜ ਸ਼ਾਮਲ ਹੋਣ ’ਤੇ ਸਵਾਗਤ ਕੀਤਾ ਤੇ ਉਹਨਾਂ ਨੂੰ ਪੂਰਾ ਮਾਣ ਤਾਣ ਦੇਣ ਦਾ ਭਰੋਸਾ ਦੁਆਇਆ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਸ਼੍ਰੋਮਣੀ ਕਮੇਟੀ ਮੈਂਬਰ ਜਸਮੇਰ ਸਿੰਘ ਲਾਛੜੂ, ਸੁਸ਼ਮਾਨ ਸ਼ਰਮਾ, ਗੁਰਜੀਤ ਸਿੰਘ ਉੱਪਲੀ ਸਰਕਲ ਪ੍ਰਧਾਨ, ਕੁਲਦੀਪ ਸਿੰਘ ਹਰਪਾਲਪੁਰ ਸਰਕਲ ਪ੍ਰਧਾਨ, ਕੁਲਦੀਪ ਸਿੰਘ ਸਾਮਸ਼ਪੁਰ ਸਰਕਲ ਪ੍ਰਧਾਨ, ਨਿਰੰਜਨ ਸਿੰਘ ਫੌਜੀ ਸਰਕਲ ਪ੍ਰਧਾਨ, ਸ਼ਾਨਵੀਰ ਸਿੰਘ ਬ੍ਰਹਮਪੁਰਾ ਸਰਕਲ ਪ੍ਰਧਾਨ, ਭਰਪੂਰ ਸਿੰਘ ਮਹਿਤਾਬਗੜ੍ਹ ਸਰਕਲ ਪ੍ਰਧਾਨ, ਗੁਰਬਾਗ ਸਿੰਘ ਟਿਵਾਣਾ ਸਰਕਲ ਪ੍ਰਧਾਨ, ਪ੍ਰੀਤਮ ਸਿੰਘ ਸਨੌਰ ਸਰਕਲ ਪ੍ਰਧਾਨ ਇਲਾਵਾ ਵੱਡੀ ਗਿਣਤੀ ’ਚ ਆਗੂ ਪਹੁੰਚੇ ਹੋਏ ਸਨ।