ਯੋਗੀ ਅਦਿਤਿਆਨਾਥ ਦੁਆਰਾ ਚੰਡੀਗੜ੍ਹ ਦੇ ਮੁੱਦਿਆਂ ਤੇ ਗੱਲ ਨਾ ਕਰਨਾ ਬੇਹੱਦ ਮੰਦਭਾਗਾ: ਡਾ. ਐਸ.ਐਸ. ਆਹਲੂਵਾਲੀਆ
- ਚੰਡੀਗੜ੍ਹ ਵਾਸੀ ਬੀਜੇਪੀ ਦੀ ਧਰਮ ਵਾਲੀ ਰਾਜਨੀਤੀ ਨਹੀਂ ਚੱਲਣ ਦੇਣਗੇ: ਡਾ. ਆਹਲੂਵਾਲੀਆ
- ਬੀਜੇਪੀ ਵਲੋਂ ਦੇਸ਼ ਨੂੰ ਧਰਮ ਦੇ ਨਾਮ ਤੇ ਵੰਡਿਆ ਜਾ ਰਿਹਾ ਹੈ
- ਬੀਜੇਪੀ ਨੂੰ ਸ਼ਹਿਰ ਵਾਸੀਆਂ ਨੂੰ ਦੇਣਾ ਪਵੇਗਾ ਜਵਾਬ
ਚੰਡੀਗੜ੍ਹ, 20 ਮਈ, 2024: ਚੰਗਾ ਹੁੰਦਾ ਜੇ ਅੱਜ ਉਤਰ ਪ੍ਰੇਦਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਚੰਡੀਗੜ੍ਹ ਵਾਸੀਆਂ ਦੇ ਅਹਿਮ ਮੁੱਦਿਆਂ ਤੇ ਗੱਲ ਕਰਦੇ। ਚੰਡੀਗੜ੍ਹ ਵਾਸੀਆਂ ਨਾਲ ਬੀਜੇਪੀ ਦੁਆਰਾ ਕੀਤੇ ਗਏ ਵਾਅਦਿਆਂ ਨੂੰ ਪੂਰਾ ਨਾ ਹੋਣ ਤੇ ਮਾਫੀ ਮੰਗਦੇ। ਬੀਜੇਪੀ ਦੁਆਰਾ ਮੇਅਰ ਚੋਣ ਦੌਰਾਨ ਕੀਤੀ ਗਈ ਲੋਕਤੰਤਰ ਦੀ ਹੱਤਿਆ ਦੇ ਦੋਸ਼ੀਆਂ ਤੇ ਕਾਰਵਾਈ ਦੀ ਗੱਲ ਕਰਦੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੱਜ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਕੋ–ਇੰਚਾਰਜ ਆਪ ਚੰਡੀਗੜ੍ਹ ਡਾ. ਐਸ.ਐਸ. ਆਹਲੂਵਾਲੀਆ ਨੇ ਯੋਗੀ ਅਦਿਤਿਆਨਾਥ ਨੂੰ ਕਰੜੇ ਹੱਥੀਂ ਲੈਂਦੇ ਹੋਏ ਕੀਤਾ।
ਡਾ. ਆਹਲੂਵਾਲੀਆ ਨੇ ਕਿਹਾ ਕਿ ਅੱਜ ਚੰਡੀਗੜ੍ਹ ਪਹੁੰਚੇ ਯੋਗੀ ਅਦਿਤਿਆਨਾਥ ਨੇ ਸਿਰਫ ਲੋਕਾਂ ਨੂੰ ਧਰਮ ਦੇ ਨਾਮ ਤੇ ਵੰਡਣ ਦੀ ਗੱਲ ਕੀਤੀ ਗਈ, ਜੋ ਕਿ ਬੀਜੇਪੀ ਵਲੋਂ ਪੂਰੇ ਦੇਸ਼ ਵਿੱਚ ਕੀਤਾ ਜਾ ਰਿਹਾ ਹੈ। ਚੰਡੀਗੜ੍ਹ ਵਿੱਚ ਬੀਜੇਪੀ ਵਲੋਂ ਪਿਛਲੀਆਂ ਦੋ ਲੋਕ ਸਭਾ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਬਾਰੇ ਯੋਗੀ ਅਦਿਤਿਆਨਾਥ ਵਲੋਂ ਕੋਈ ਵੀ ਗੱਲ ਨਹੀਂ ਕੀਤੀ ਗਈ। ਚੰਡੀਗੜ੍ਹ ਵਾਸੀਆਂ ਦੇ ਮੁੱਖ ਮੁੱਦਿਆਂ ਤੋਂ ਯੋਗੀ ਅਦਿਤਿਆਨਾਥ ਪੂਰੀ ਤਰ੍ਹਾਂ ਭੱਜਦੇ ਨਜ਼ਰ ਆਏ। ਪਿਛਲੇ 10 ਸਾਲਾਂ ਤੋਂ ਚੰਡੀਗੜ੍ਹ ਵਾਸੀਆਂ ਦਾ ਬੀਜੇਪੀ ਦੁਆਰਾ ਜੋ ਬੁਰਾ ਹਾਲ ਕੀਤਾ ਗਿਆ, ਉਸ ਬਾਰੇ ਉਨ੍ਹਾਂ ਵਲੋਂ ਕੋਈ ਗੱਲ ਨਹੀਂ ਕੀਤੀ ਗਈ। ਇਸ ਗੱਲ ਤੋਂ ਸਾਫ਼ ਨਜ਼ਰ ਆ ਰਿਹਾ ਹੈ, ਕਿ ਬੀਜੇਪੀ ਸਿਰਫ਼ ਲੋਕਾਂ ਨੂੰ ਧਰਮ ਦੇ ਨਾਮ ਤੇ ਵੰਡ ਸਕਦੀ ਹੈ, ਜਦੋਂ ਵੀ ਵਿਕਾਸ ਦੇ ਮੁੱਦਿਆਂ ਦੀ ਗੱਲ ਆਉਂਦੀ ਹੈ ਤਾਂ ਬੀਜੇਪੀ ਦੇ ਸਾਰੇ ਆਗੂ ਉਸ ਉਤੇ ਬੋਲਣ ਤੋਂ ਇਨਕਾਰ ਕਰ ਦਿੰਦੇ ਹਨ।
ਡਾ. ਆਹਲੂਵਾਲੀਆ ਨੇ ਅੱਗੇ ਕਿਹਾ ਕਿ ਚੰਗਾ ਹੁੰਦਾ ਜੇ ਯੋਗੀ ਅਦਿਤਿਆਨਾਥ ਅੱਜ ਚੰਡੀਗੜ੍ਹ ਵਾਸੀ ਨੂੰ ਭਰੋਸਾ ਦਵਾਉਂਦੇ ਕਿ ਜੋ ਜਨਵਰੀ ਵਿੱਚ ਮੇਅਰ ਚੋਣ ਦੌਰਾਨ ਬੀਜੇਪੀ ਵਲੋਂ ਲੋਕਤੰਤਰ ਦੀ ਹੱਤਿਆ ਕਰਵਾਈ ਗਈ ਸੀ, ਉਸਦੇ ਦੋਸ਼ੀਆਂ ਨੂੰ ਸਜਾ ਦਵਾਈ ਜਾਵੇਗੀ। ਪਰ ਅਜਿਹਾ ਕੁੱਝ ਵੀ ਨਹੀਂ ਹੋਇਆ, ਯੋਗੀ ਅਦਿਤਿਆਨਾਥ ਵਲੋਂ ਇਨ੍ਹਾਂ ਸਾਰੇ ਮੁੱਦਿਆਂ ਤੋਂ ਕਿਨਾਰਾ ਕੀਤਾ ਗਿਆ। ਇਨ੍ਹਾਂ ਗੱਲਾਂ ਤੋਂ ਸਾਫ਼ ਹੈ, ਕਿ ਯੋਗੀ ਅਦਿਤਿਆਨਾਥ ਨੂੰ ਚੰਡੀਗੜ੍ਹ ਵਾਸੀਆਂ ਦੇ ਕਿਸੇ ਮੁੱਦੇ ਤੋਂ ਕੋਈ ਲੈਣਾ ਦੇਣਾ ਨਹੀਂ ਹੈ, ਉਨ੍ਹ੍ਹਾਂ ਨੇ ਸਿਰਫ ਧਰਮ ਦੇ ਨਾਮ ਤੇ ਰਾਜਨੀਤੀ ਕਰਨੀ ਹੈ।
ਡਾ. ਆਹਲੂਵਾਲੀਆ ਨੇ ਕਿਹਾ ਕਿ ਚੰਡੀਗੜ੍ਹ ਸ਼ਹਿਰ ਵਿੱਚ ਬੀਜੇਪੀ ਦੀ ਧਰਮ ਦੇ ਨਾਮ ਤੇ ਕੀਤੀ ਜਾ ਰਹੀ ਰਾਜਨੀਤੀ ਬਿਲਕੁੱਲ ਨਹੀਂ ਚੱਲੇਗੀ। ਚੰਡੀਗੜ੍ਹ ਵਾਸੀ ਬੀਜੇਪੀ ਤੋਂ ਸੁਆਲ ਪੁੱਛ ਰਹੇ ਹਨ, ਕਿ ਜੋ ਵਾਅਦੇ ਬੀਜੇਪੀ ਦੁਆਰਾ ਪਿਛਲੀਆਂ 2 ਲੋਕਾਂ ਚੋਣਾਂ ਦੌਰਾਨ ਕੀਤੇ ਗਏ ਸਨ, ਉਹ ਪੂਰੇ ਕਿਉਂਕਿ ਨਹੀਂ ਕੀਤੇ ਗਏ। ਚੰਡੀਗੜ੍ਹ ਵਾਸੀਆਂ ਦੇ ਮਨ ਵਿੱਚ ਬੀਜੇਪੀ ਦੇ ਪ੍ਰਤੀ ਬਹੁਤ ਗੁੱਸਾ ਹੈ। ਕਿਉਂਕਿ ਬੀਜੇਪੀ ਨੇ ਆਪਣੇ ਕਾਰਜਕਾਲ ਦੌਰਾਨ ਚੰਡੀਗੜ੍ਹ ਸ਼ਹਿਰ ਦਾ ਬੁਰਾ ਹਾਲ ਕਰ ਦਿੱਤਾ ਹੈ। ਇਸ ਦੇ ਲਈ ਚੰਡੀਗੜ੍ਹ ਵਾਸੀ ਬੀਜੇਪੀ ਨੂੰ ਕਦੇ ਮਾਫ਼ ਨਹੀਂ ਕਰਨਗੇ।