ਖਰਚਾ ਮਿਲਾਨ ਦੀ ਨਿਰਧਾਰਿਤ ਤਾਰੀਖ ਮੌਕੇ ਖਰਚਾ ਰਿਕਾਰਡ ਨਾ ਪੇਸ਼ ਕਰਨ ਵਾਲੇ 2 ਉਮੀਦਵਾਰਾਂ ਨੂੰ ਨੋਟਿਸ ਜਾਰੀ ਕਰਨ ਦੀ ਹਦਾਇਤ
- ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰਾਂ ਨੂੰ ਤਿੰਨ ਵਾਰ ਆਪਣੇ ਵੇਰਵੇ ਪ੍ਰਕਾਸ਼ਿਤ ਤੇ ਪ੍ਰਸਾਰਿਤ ਕਰਕੇ ਰਿਪੋਰਟ ਸਬਮਿਟ ਕਰਨ ਦੀ ਹਦਾਇਤ
ਦਲਜੀਤ ਕੌਰ
ਸੰਗਰੂਰ, 21 ਮਈ, 2024: ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਖਰਚਿਆਂ ਦੇ ਮਿਲਾਨ ਸਬੰਧੀ ਲੋਕ ਸਭਾ ਹਲਕਾ 12-ਸੰਗਰੂਰ ਦੇ ਉਮੀਦਵਾਰਾਂ ਤੇ ਉਨ੍ਹਾਂ ਵੱਲੋਂ ਅਧਿਕਾਰਤ ਚੋਣ ਏਜੰਟਾਂ ਦੀ ਪਹਿਲੀ ਖਰਚਾ ਮਿਲਾਨ ਮੀਟਿੰਗ ਦੌਰਾਨ 2 ਉਮੀਦਵਾਰਾਂ ਦੀ ਤਰਫੋਂ ਕੋਈ ਰਿਕਾਰਡ ਪੇਸ਼ ਨਾ ਕੀਤੇ ਜਾਣ ਦਾ ਖਰਚਾ ਆਬਜ਼ਰਵਰ ਸ਼੍ਰੀ ਅਮਿਤ ਸੰਜੇ ਗੁਰਵ ਨੇ ਗੰਭੀਰ ਨੋਟਿਸ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੱਧਰੀ ਖਰਚਾ ਨਿਗਰਾਨ ਕਮੇਟੀ ਦੇ ਨੋਡਲ ਅਫ਼ਸਰ-ਕਮ-ਡੀ.ਸੀ.ਐਫ਼.ਏ ਸ਼੍ਰੀ ਅਸ਼ਵਨੀ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬੰਧਤ ਦੋਵੇਂ ਉਮੀਦਵਾਰਾਂ ਨੂੰ ਨੋਟਿਸ ਜਾਰੀ ਕਰਨ ਦੀ ਪ੍ਰਕਿਰਿਆ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਇਨ੍ਹਾਂ ਉਮੀਦਵਾਰਾਂ ਵੱਲੋਂ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕੀਤੀ ਗਈ ਹੈ ਕਿਉਂਕਿ ਖਰਚਾ ਮਿਲਾਨ ਦੀਆਂ ਤਾਰੀਖਾਂ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਸ਼ਡਿਊਲ ਅਨੁਸਾਰ ਰੱਖੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਸਾਰੇ ਹੀ ਉਮੀਦਵਾਰ ਜਾਂ ਉਨ੍ਹਾਂ ਦੇ ਅਧਿਕਾਰਤ ਚੋਣ ਏਜੰਟ ਹਾਜ਼ਰ ਸਨ ਜਿਨ੍ਹਾਂ ਨੂੰ ਖਰਚਾ ਮਿਲਾਨ ਵਿੱਚ ਮਦਦ ਮੁੱਹਈਆ ਕਰਵਾਈ ਗਈ। ਇਸ ਦੌਰਾਨ ਦਸਤਾਵੇਜ਼ੀ ਕਮੀਆਂ ਪਾਏ ਜਾਣ ਉਤੇ ਸਬੰਧਤ ਉਮੀਦਵਾਰਾਂ ਅਤੇ ਚੋਣ ਏਜੰਟਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਬਾਕੀ ਦੋ ਮਿਲਾਨ ਮੀਟਿੰਗਾਂ ਦੌਰਾਨ ਧਿਆਨ ਰੱਖਣਗੇ।
ਇਸੇ ਤਰ੍ਹਾਂ ਖਰਚਾ ਆਬਜ਼ਰਵਰ ਸ਼੍ਰੀ ਅਮਿਤ ਸੰਜੇ ਗੁਰਵ ਨੇ ਚੋਣ ਲੜ ਰਹੇ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰਾਂ ਨੂੰ ਵੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤਿੰਨ ਵਾਰ ਆਪਣੇ ਵੇਰਵੇ ਨਿਰਧਾਰਿਤ ਫਾਰਮੈਟ ਵਿੱਚ ਅਖ਼ਬਾਰਾਂ/ਟੀ.ਵੀ ਚੈਨਲ ’ਤੇ ਪ੍ਰਕਾਸ਼ਿਤ/ਪ੍ਰਸਾਰਿਤ ਕਰਕੇ ਇਸ ਦੀ ਰਿਪੋਰਟ ਡੀ.ਸੀ.ਐਫ.ਏ ਦਫ਼ਤਰ, ਤੀਜੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੰਗਰੂਰ ਵਿਖੇ ਜਮ੍ਹਾਂ ਕਰਵਾਉਣ ਦੀ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਪਰਾਧਿਕ ਪਿਛੋਕੜ ਵਾਲਾ ਕੋਈ ਉਮੀਦਵਾਰ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਜਾਵੇਗਾ ਤਾਂ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।