ਤੁਸੀਂ ਸਾਰੀਆਂ ਪਾਰਟੀਆਂ ਨੂੰ ਮੌਕਾ ਦਿੱਤਾ, ਪਰ ਪਾਰਲੀਮੈਂਟ ਵਿੱਚ ਤੁਹਾਡੇ ਲਈ ਕਿਸੇ ਨੇ ਆਵਾਜ਼ ਨਹੀਂ ਉਠਾਈ, ਇਸ ਵਾਰ ਉਨ੍ਹਾਂ ਨੂੰ ਨਕਾਰ ਕੇ 'ਆਪ' ਦੇ ਉਮੀਦਵਾਰ ਨੂੰ ਜਿਤਾਓ
- ਭਾਜਪਾ ਵਾਲੇ ਮੈਨੂੰ ਭ੍ਰਿਸ਼ਟ ਕਹਿੰਦੇ ਹਨ, ਜੇਕਰ ਅਰਵਿੰਦ ਕੇਜਰੀਵਾਲ ਇਮਾਨਦਾਰ ਨਹੀਂ ਤਾਂ ਦੁਨੀਆ ਦਾ ਕੋਈ ਵੀ ਇਨਸਾਨ ਇਮਾਨਦਾਰ ਨਹੀਂ-ਕੇਜਰੀਵਾਲ
- ਨਰਿੰਦਰ ਮੋਦੀ ਖ਼ੁਦ ਨੂੰ ਭਗਵਾਨ ਦਾ ਅਵਤਾਰ ਸਮਝਣ ਲੱਗ ਪਏ ਹਨ, ਕਹਿੰਦੇ ਹਨ ਕਿ ਮੈਂ ਮਾਂ ਦੀ ਕੁੱਖੋਂ ਨਹੀਂ ਜੰਮਿਆ, ਇਸ ਵਾਰ ਤੁਸੀਂ ਮੋਦੀ ਦਾ ਹੰਕਾਰ ਤੋੜੋ-ਕੇਜਰੀਵਾਲ
- ਅਮਿਤ ਸ਼ਾਹ ਪੰਜਾਬੀਆਂ ਨੂੰ ਸਰਕਾਰ ਡੇਗਣ ਦੀ ਧਮਕੀ ਦੇ ਰਹੇ ਹਨ, ਉਨ੍ਹਾਂ ਦਾ ਮਕਸਦ ਮੁਫ਼ਤ ਬਿਜਲੀ ਅਤੇ ਮੁਹੱਲਾ ਕਲੀਨਿਕ ਬੰਦ ਕਰਨਾ ਹੈ- ਅਰਵਿੰਦ ਕੇਜਰੀਵਾਲ
- ਕੇਜਰੀਵਾਲ ਨੇ ਗੁਰਦਾਸਪੁਰ ਤੋਂ 'ਆਪ' ਉਮੀਦਵਾਰ ਸ਼ੈਰੀ ਕਲਸੀ ਲਈ ਕੀਤਾ ਚੋਣ ਪ੍ਰਚਾਰ, 'ਆਪ' ਉਮੀਦਵਾਰ ਨਾਲ ਰੋਡ ਸ਼ੋਅ ਕਰਕੇ ਲੋਕਾਂ ਤੋਂ ਮੰਗੀਆਂ ਵੋਟਾਂ
ਗੁਰਦਾਸਪੁਰ/ਪਠਾਨਕੋਟ/ਚੰਡੀਗੜ੍ਹ, 28 ਮਈ 2024 - ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਗੁਰਦਾਸਪੁਰ ਤੋਂ 'ਆਪ' ਉਮੀਦਵਾਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਲਈ ਚੋਣ ਪ੍ਰਚਾਰ ਕੀਤਾ। ਕੇਜਰੀਵਾਲ ਨੇ 'ਆਪ' ਉਮੀਦਵਾਰ ਦੇ ਨਾਲ ਪਠਾਨਕੋਟ 'ਚ ਵੱਡਾ ਰੋਡ ਸ਼ੋਅ ਕੀਤਾ ਅਤੇ ਲੋਕਾਂ ਨੂੰ ਸ਼ੈਰੀ ਕਲਸੀ ਨੂੰ ਜਿਤਾਉਣ ਦੀ ਅਪੀਲ ਕੀਤੀ।
ਕੇਜਰੀਵਾਲ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਮੌਕਾ ਦਿੱਤਾ, ਪਰ ਕਿਸੇ ਨੇ ਤੁਹਾਡੇ ਲਈ ਕੁਝ ਨਹੀਂ ਕੀਤਾ ਅਤੇ ਨਾ ਹੀ ਤੁਹਾਡੇ ਹੱਕਾਂ ਲਈ ਪਾਰਲੀਮੈਂਟ ਵਿੱਚ ਆਵਾਜ਼ ਉਠਾਈ। ਇਸ ਲਈ ਤੁਸੀਂ ਇਸ ਵਾਰ ਇਨ੍ਹਾਂ ਸਾਰਿਆਂ ਨੂੰ ਨਕਾਰ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੱਡੇ ਫ਼ਰਕ ਨਾਲ ਜਿਤਾਓ। ਸਾਡਾ ਉਮੀਦਵਾਰ ਸ਼ੈਰੀ ਕਲਸੀ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਨੂੰ ਸਮਝਦਾ ਹੈ। ਸ਼ੈਰੀ ਕਲਸੀ ਇਕ ਆਮ ਪਰਿਵਾਰ ਤੋਂ ਉੱਠਿਆ ਹੈ। ਉਹ ਤੁਹਾਡਾ ਮੁੱਦਾ ਸੰਸਦ ਵਿੱਚ ਉਠਾਉਣਗੇ ਅਤੇ ਤੁਹਾਡੇ ਹੱਕਾਂ ਲਈ ਕੇਂਦਰ ਸਰਕਾਰ ਨਾਲ ਲੜਨਗੇ।
ਕੇਜਰੀਵਾਲ ਨੇ ਕਿਹਾ ਕਿ ਮੈਂ ਤੁਹਾਨੂੰ ਦੇਸ਼ ਬਚਾਉਣ ਦੀ ਅਪੀਲ ਕਰਨ ਆਇਆ ਹਾਂ। ਤੁਸੀ ਲੋਕਾਂ ਨੇ ਦੋ ਸਾਲ ਪਹਿਲਾਂ ਵਿਧਾਨ ਸਭਾ ਵਿੱਚ ਭਾਰੀ ਬਹੁਮਤ ਦਿੱਤਾ ਸੀ। ਇਹ ਲੋਕ ਸਭਾ ਚੋਣਾਂ ਹਨ। ਇਸ ਵਾਰ ਸਾਨੂੰ ਕੇਂਦਰ ਵਿੱਚ ਮਜ਼ਬੂਤ ਕਰੋ। ਤੁਸੀ ਆਮ ਆਦਮੀ ਪਾਰਟੀ ਨੂੰ ਸਾਰੀਆਂ 13 ਦੀਆਂ 13 ਸੀਟਾਂ ਜਿੱਤ ਕੇ 13 ਆਵਾਜ਼ਾਂ ਦਿਓ। ਸਾਡੇ ਸਾਰੇ ਸੰਸਦ ਮੈਂਬਰ ਪੰਜਾਬ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਨਗੇ ਅਤੇ ਕੇਂਦਰ ਨਾਲ ਸਬੰਧਿਤ ਸਾਰੇ ਮਸਲੇ ਹੱਲ ਕਰਵਾਉਣਗੇ। ਜਦੋਂ ਸਾਡੇ ਪੰਜਾਬ ਦੇ 13 ਸੰਸਦ ਮੈਂਬਰ ਹੋਣਗੇ ਤਾਂ ਕੇਂਦਰ ਸਰਕਾਰ ਪੰਜਾਬ ਦਾ 1 ਰੁਪਏ ਦਾ ਫੰਡ ਵੀ ਨਹੀਂ ਰੋਕ ਸਕਦੀ।
ਕੇਜਰੀਵਾਲ ਨੇ ਕਿਹਾ ਕਿ ਭਾਜਪਾ ਦੇ ਲੋਕਾਂ ਨੇ ਦੇਸ਼ ਵਿੱਚ ਤਾਨਾਸ਼ਾਹੀ ਪੈਦਾ ਕਰ ਦਿੱਤੀ ਹੈ। 16 ਮਾਰਚ ਨੂੰ ਚੋਣਾਂ ਦਾ ਐਲਾਨ ਹੋਇਆ ਅਤੇ ਮੈਨੂੰ 21 ਮਾਰਚ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਕਿਉਂਕਿ ਮੋਦੀ ਜੀ ਨੂੰ ਡਰ ਸੀ ਕਿ ਜੇ ਕੇਜਰੀਵਾਲ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਕੇਜਰੀਵਾਲ ਦੇਸ਼ ਭਰ ਵਿੱਚ ਘੁੰਮੇਗਾ, ਜਿਸ ਨਾਲ ਮੇਰੀਆਂ ਸੀਟਾਂ ਘੱਟ ਜਾਣਗੀਆਂ। ਇਸ ਲਈ ਕੇਜਰੀਵਾਲ ਨੂੰ ਜੇਲ੍ਹ ਵਿੱਚ ਪਾ ਦਿਓ । ਉਨ੍ਹਾਂ ਕਿਹਾ ਕਿ ਜੇਕਰ ਅਰਵਿੰਦ ਕੇਜਰੀਵਾਲ ਇਮਾਨਦਾਰ ਨਹੀਂ ਤਾਂ ਇਸ ਦੁਨੀਆ ਦਾ ਕੋਈ ਵੀ ਇਨਸਾਨ ਇਮਾਨਦਾਰ ਨਹੀਂ ਹੈ।
ਕੇਜਰੀਵਾਲ ਨੇ ਕਿਹਾ ਕਿ ਭਾਜਪਾ ਦਾ ਹੰਕਾਰ ਐਨਾ ਵੱਧ ਗਿਆ ਹੈ ਕਿ ਭਗਵਾਨ ਜਗਨ ਨਾਥ ਜੀ ਜੋ ਪੂਰੀ ਦੁਨੀਆ ਦੇ ਨਾਥ ਕਹੇ ਜਾਂਦੇ ਹਨ ਨੂੰ ਭਾਜਪਾ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਭਗਵਾਨ ਜਗਨ ਨਾਥ ਜੀ ਮੋਦੀ ਦੇ ਭਗਤ ਹਨ। ਉਹ ਐਨੇ ਹੰਕਾਰੀ ਹੋ ਗਏ ਹਨ, ਕਿ ਉਹ ਮੋਦੀ ਜੀ ਨੂੰ ਰੱਬ ਤੋਂ ਉੱਪਰ ਸਮਝਣ ਲੱਗ ਪਏ ਹਨ। ਕੁਝ ਦਿਨ ਪਹਿਲਾਂ ਹੀ ਮੋਦੀ ਜੀ ਆਪਣੇ ਇੰਟਰਵਿਊ ਵਿੱਚ ਕਹਿ ਰਹੇ ਸਨ ਕਿ ਮੈਂ ਆਪਣੀ ਮਾਂ ਦੀ ਕੁੱਖ ਤੋਂ ਪੈਦਾ ਨਹੀਂ ਹੋਇਆ। ਮੈਨੂੰ ਭਗਵਾਨ ਨੇ ਧਰਤੀ 'ਤੇ ਸਿੱਧਾ ਭੇਜਿਆ ਹੈ। ਮੈਂ ਰੱਬ ਦਾ ਅਵਤਾਰ ਹਾਂ। ਕੇਜਰੀਵਾਲ ਨੇ ਕਿਹਾ ਕਿ ਕੁਝ ਹੀ ਦਿਨਾਂ 'ਚ ਭਾਜਪਾ ਵਾਲੇ ਮੰਦਰਾਂ 'ਚੋਂ ਭਗਵਾਨ ਦੀ ਮੂਰਤੀ ਹਟਾ ਕੇ ਮੋਦੀ ਜੀ ਦੀ ਮੂਰਤੀ ਲਗਾ ਦੇਣਗੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਮੋਦੀ ਜੀ ਭਗਵਾਨ ਰਾਮ ਨੂੰ ਲੈ ਕੇ ਆਏ ਹਨ। ਜਦਕਿ ਇਸ ਬ੍ਰਹਿਮੰਡ ਦੀ ਰਚਨਾ ਭਗਵਾਨ ਰਾਮ ਨੇ ਕੀਤੀ ਹੈ।
ਕੇਜਰੀਵਾਲ ਨੇ ਕਿਹਾ ਕਿ 2022 'ਚ ਤੁਸੀਂ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਚੁਣੀ ਸੀ, ਜਿਸ ਕਾਰਨ ਪਿਛਲੇ ਦੋ ਸਾਲਾਂ 'ਚ ਇੱਥੇ ਕਈ ਵੱਡੇ ਕੰਮ ਹੋਏ ਹਨ। ਹੁਣ ਲੋਕਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ। ਵੱਖ-ਵੱਖ ਥਾਵਾਂ 'ਤੇ ਮੁਹੱਲਾ ਕਲੀਨਿਕ ਅਤੇ ਸਕੂਲ ਆਫ਼ ਐਮੀਨੈਂਸ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿੱਚ ਕਿਤੇ ਵੀ ਅਜਿਹਾ ਕੁਝ ਨਹੀਂ ਹੈ। ਇਹ ਦਿੱਲੀ ਅਤੇ ਪੰਜਾਬ ਵਿੱਚ ਹੀ ਹੈ, ਕਿਉਂਕਿ ਇੱਥੇ ਆਮ ਆਦਮੀ ਪਾਰਟੀ ਸੱਤਾ ਵਿੱਚ ਹੈ।
ਕੇਜਰੀਵਾਲ ਨੇ ਅਮਿਤ ਸ਼ਾਹ 'ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਧਮਕੀ ਦਿੱਤੀ ਹੈ ਕਿ 4 ਜੂਨ ਤੋਂ ਬਾਅਦ ਉਹ ਪੰਜਾਬ 'ਚ 'ਆਪ' ਸਰਕਾਰ ਨੂੰ ਡੇਗ ਦੇਣਗੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਟਾ ਦੇਣਗੇ। ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਨੂੰ ਡੇਗਣ ਦਾ ਅਮਿਤ ਸ਼ਾਹ ਦਾ ਮੁੱਖ ਮਕਸਦ ਤੁਹਾਡੀ ਮੁਫ਼ਤ ਬਿਜਲੀ ਅਤੇ ਮੁਹੱਲਾ ਕਲੀਨਿਕ ਬੰਦ ਕਰਨਾ ਹੈ। ਇਸ ਲਈ ਕਿਸੇ ਵੀ ਕੀਮਤ 'ਤੇ ਭਾਜਪਾ ਨੂੰ ਵੋਟ ਨਾ ਪਾਓ। ਇਸ ਵਾਰ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਭਾਜਪਾ ਦੀ ਤਾਨਾਸ਼ਾਹੀ ਦਾ ਜਵਾਬ ਦਿਓ।
ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕਦੇ ਵੀ ਕੰਮ ਦੀ ਗੱਲ ਨਹੀਂ ਕਰਦੇ, ਉਹ ਹਮੇਸ਼ਾ ਜਾਤ, ਧਰਮ ਅਤੇ ਨਫਰਤ ਦੀ ਰਾਜਨੀਤੀ ਦੀ ਗੱਲ ਕਰਦੇ ਹਨ। ਮਹਿੰਗਾਈ, ਬੇਰੁਜ਼ਗਾਰੀ, ਭੁੱਖਮਰੀ, ਗਰੀਬੀ, ਸਿੱਖਿਆ ਅਤੇ ਦਵਾਈ ਵਰਗੇ ਅਹਿਮ ਮੁੱਦਿਆਂ ਦੀ ਬਜਾਏ ਉਹ ਹਿੰਦੂ, ਮੁਸਲਮਾਨ, ਮੱਝ, ਬੱਕਰੀ ਅਤੇ ਮੰਗਲ-ਸੂਤਰ ਦੇ ਨਾਂ 'ਤੇ ਵੋਟਾਂ ਮੰਗ ਰਹੇ ਹਨ । 10 ਸਾਲ ਰਾਜ ਕਰਨ ਦੇ ਬਾਵਜੂਦ ਉਨ੍ਹਾਂ ਕੋਲ ਗਿਣਨ ਲਈ ਇੱਕ ਵੀ ਕੰਮ ਨਹੀਂ ਹੈ।