ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਵੋਟਰਾਂ ਨੂੰ 1 ਜੂਨ ਨੂੰ ਵੋਟ ਪਾਉਣ ਅਤੇ ਪੌਦਾ ਲਗਾਉਣ ਦੀ ਕੀਤੀ ਅਪੀਲ
- 10 ਸਾਲਾਂ ਬਾਅਦ ਲੋਕ ਡਾ. ਹੀਰਾ ਲਾਲ ਜਨਰਲ ਅਬਜਰਵਰ ਵੱਲੋਂ ਕੀਤੇ ਗਏ ਕਾਰਜ ਨੂੰ ਕਰਨਗੇ ਯਾਦ: ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਪਾਲ ਸਿੰਘ ਰੰਧਾਵਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 30 ਮਈ 2024 - ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵੋਟਰਾਂ ਨੂੰ ਕਿਹਾ ਕਿ ਉਹ 1 ਜੂਨ 2024 ਨੂੰ ਵੋਟ ਜ਼ਰੂਰ ਪਾਉਣ ਅਤੇ ਵੋਟ ਪਾਉਣ ਦੇ ਨਾਲ-ਨਾਲ ਇੱਕ ਪੌਦਾ ਵੀ ਲਗਾਉਣ। ਉਨ੍ਹਾਂ ਕਿਹਾ ਕਿ ਅੱਜ ਮਿਤੀ 30 ਮਈ 2024 ਨੂੰ ਸ਼ਾਮ 06:00 ਵਜੇ ਤੋਂ ਚੋਣ ਪ੍ਰਚਾਰ ਬੰਦ ਹੋ ਜਾਵੇਗਾ ਅਤੇ ਜਿੰਨੇ ਵੀ ਆਊਟਸਾਈਡਰ ਨੇ ਜੋ ਕੰਪੇਨ ਕਰਨ ਆਏ ਹਨ, ਉਨ੍ਹਾਂ ਨੂੰ ਹਦਾਇਤ ਹੈ ਕਿ ਉਹ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਛੱਡ ਕੇ ਆਪਣੇ-ਆਪਣੇ ਜ਼ਿਲ੍ਹੇ ਵਿੱਚ ਚੱਲੇ ਜਾਣ। ਇਸ ਤੋਂ ਬਾਅਦ ਚੈਂਕਿੰਗ ਬਹੁਤ ਸਖਤ ਹੋ ਜਾਵੇਗੀ ਅਤੇ ਜਿਹੜੀਆਂ ਬਾਹਰ ਦੇ ਜ਼ਿਲ੍ਹਿਆ ਦੀਆਂ ਗੱਡੀਆਂ ਬਿਨ੍ਹਾਂ ਕਾਰਨ ਇੱਥੇ ਘੁੰਮ ਰਹੀਆਂ ਹੋਣਗੀਆਂ, ਉਨ੍ਹਾਂ ‘ਤੇ ਐਕਸ਼ਨ ਲਿਆ ਜਾਵੇਗਾ।
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚੋਣਾਂ ਨੂੰ ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤਮਈ ਢੰਗ ਨਾਲ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਪਾਬੰਦ ਹੈ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿੱਥੇ ਵੀ ਮੀਡੀਆ ਨੂੰ ਪਤਾ ਲਗਦਾ ਹੈ ਕਿ ਕੁੱਝ ਗਲਤ ਹੋ ਰਿਹਾ ਤਾਂ ਸਾਡੇ ਧਿਆਨ ਵਿੱਚ ਲਿਆਉਣ। ਉਨ੍ਹਾਂ ਕਿਹਾ ਕਿ ਸਾਡਾ ਟੀਚਾ ਵੋਟਿੰਗ ਪ੍ਰਤੀਸ਼ਤ ਨੂੰ 75 ਫੀਸਦੀ ਤੋਂ ਪਾਰ ਲੈ ਕੇ ਜਾਣਾ ਹੈ। ਉਨ੍ਹਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 1 ਜੂਨ 2024 ਨੂੰ ਆਪਣੇ ਘਰ ਤੋਂ ਬਾਹਰ ਨਿਕਲ ਕੇ ਵੋਟ ਪਾਉਣ ਜ਼ਰੂਰ ਆਉਣ ਅਤੇ ਸਹੀ ਨੇਤਾ ਨੂੰ ਚੁਣਨ।
ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਜਨਰਲ ਅਬਜਰਵਰ ਡਾ. ਹੀਰਾ ਲਾਲ ਆਈ.ਏ.ਐਸ. ਨੇ ਗਰੀਨ ਇਲੈਕਸ਼ਨ ਦਾ ਐਲਾਨ ਕਰਦੇ ਹੋਏ ਖੱਟਕੜ ਕਲਾਂ ਵਿਖੇ ਪਹਿਲਾ ਪੌਦਾ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਘਰ ਦੇ ਕੰਪੋਡ ਵਿੱਚ ਲਗਾਇਆ। ਉਨ੍ਹਾਂ ਕਿਹਾ ਕਿ ਗਰੀਨ ਇਲੈਕਸ਼ਨ ਚੋਣ ਕਮਿਸ਼ਨ ਦਾ ਬਹੁਤ ਮਹੱਤਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣ ਹਲਕਾ 06-ਅਨੰਦਪੁਰ ਸਾਹਿਬ ਦੇ ਜਨਰਲ ਅਬਜਰਵਰ ਡਾ. ਹੀਰਾ ਲਾਲ ਨੇ ਸਾਨੂੰ ਸਾਰੀਆਂ ਨੂੰ ਗਰੀਨ ਇਲੈਕਸ਼ਨ ਦੇ ਮਹੱਤਵ ਬਾਰੇ ਸਮੱਝਾਇਆ ਹੈ ਕਿ ਦਿਨ ਪ੍ਰਤੀ ਦਿਨ ਕਾਰਬਨ ਫੁਟਪ੍ਰਿੰਟ ਵੱਧ ਰਿਹਾ ਹੈ, ਪਾਣੀ ਦਾ ਪੱਧਰ ਹੇਠਾ ਜਾ ਰਿਹਾ ਹੈ ਅਤੇ ਰੁੱਖਾਂ ਦਾ ਗਰੀਨ ਕਵਰ ਘੱਟ ਰਿਹਾ ਹੈ ਜਿਸ ਨਾਲ ਵਾਤਾਵਰਣ ਵਿੱਚ ਤਬਦੀਲੀ ਆ ਰਹੀ ਹੈ।
ਇਸ ਲਈ ਵਾਤਾਵਰਣ ਨੂੰ ਬਚਾਉਣ ਲਈ ਪੌਦੇ ਲਗਾਉਣੇ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ 10 ਸਾਲਾਂ ਬਾਅਦ ਲੋਕ ਡਾ. ਹੀਰਾ ਲਾਲ ਜਨਰਲ ਅਬਜਰਵਰ ਵੱਲੋਂ ਕੀਤੇ ਗਏ ਕਾਰਜ ਨੂੰ ਯਾਦ ਕਰਨਗੇ ਜਦੋਂ ਉਸ ਸਮੇਂ ਗਰਮੀ ਦਾ ਟੈਂਪਰੇਚਰ 55 ਪਾਰ ਹੋਵੇਗਾ।ਲੋਕ ਕਹਿਣਗੇ ਕਿ ਬਾਂਦਾ ਤੋਂ ਇੱਕ ਆਈ.ਏ.ਐਸ. ਅਫ਼ਸਰ ਆਇਆ ਸੀ ਜਿਸ ਨੇ ਬੂਟੇ ਲਗਵਾਏ ਸਨ। ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਡਾ. ਹੀਰਾ ਲਾਲ ਜਨਰਲ ਅਬਜਰਵਰ ਦੀ ਗਾਈਡੈਂਸ ਨਾਲ ਜ਼ਿਲ੍ਹੇ ਅੰਦਰ ਲਗਭਗ 2 ਲੱਖ ਪੌਦੇ ਪਿਛਲੇ ਮਹੀਨੇ ਦੌਰਾਨ ਲਗਾਏ ਗਏ ਹਨ।