ਡੇਰਾ ਬਾਬਾ ਨਾਨਕ, 17 ਅਕਤੂਬਰ, 2019 : ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੇ ਚਾਹਵਾਨ ਸ਼ਰਧਾਲੂਆਂ ਲਈ ਆਨ ਲਾਈਨ ਰਜਿਸਟਰੇਸ਼ਨ 20 ਅਕਤੂਬਰ ਤੋਂ ਸ਼ੁਰੂ ਹੋਵੇਗੀ। ਇਹ ਜਾਣਕਾਰੀ ਦਿੰਦਿਆਂ ਕੇਂਦਰੀ ਗ੍ਰਹਿ ਮੰਤਰਾਲੇ ਦੇ ਵਧੀਕ ਸਕੱਤਰ ਅਤੇ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਦੇ ਚੇਅਰਮੈਨ ਗੋਵਿੰਦ ਮੋਹਨ ਨੇ ਦੱਸਿਆ ਕਿ ਅਸੀਂ ਸਾਰਾ ਕੰਮ ਨਿਸ਼ਚਿਤ 31 ਅਕਤੂਬਰ ਤੱਕ ਪੂਰਾ ਕਰ ਲਵਾਂਗੇ ਤੇ ਅਗਲੇ ਸੋਮਵਾਰ ਤੋਂ ਆਨ ਲਾਈਨ ਰਜਿਸਟਰੇਸ਼ਨ ਦਾ ਕੰਮ ਸ਼ੁਰੂ ਹੋ ਜਾਵੇਗਾ।
ਊਹਨਾਂ ਦੱਸਿਆ ਕਿ ਪਹਿਲਾਂ ਆਓ, ਪਹਿਲਾਂ ਪਾਓ ਦੇ ਸਿਧਾਂਤ ਅਨੁਸਾਰ ਹੀ ਰਜਿਸਟਰੇਸ਼ਨ ਹੋਵੇਗੀ ਤੇ ਰੋਜ਼ਾਨਾ 5 ਹਜ਼ਾਰ ਆਮ ਦਿਨਾਂ ਵਿਚ ਅਤੇ ਵਿਸ਼ੇਸ਼ ਦਿਨਾਂ ਵਿਚ 10 ਹਜ਼ਾਰ ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਜਾ ਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਇਜਾਜ਼ਤ ਹੋਵੇਗੀ। ਉਹਨਾਂ ਇਹ ਵੀ ਦੱਸਿਆ ਕਿ ਇਕ ਵਾਰ ਦਰਸ਼ਨ ਮਗਰੋਂ ਸ਼ਰਧਾਲੂ ਨੂੰ ਇਕ ਸਾਲ ਦੀ ਉਡੀਕ ਮਗਰੋਂ ਹੀ ਦੂਜੀ ਵਾਰ ਵਾਸਤੇ ਅਪਲਾਈ ਕਰਨ ਦੀ ਇਜਾਜ਼ਤ ਹੋਵੇਗੀ। ਉਹਨਾਂ ਦੱਸਿਆ ਕਿ ਜਿਹੜੇ ਸ਼ਰਧਾਲੂ ਆਨ ਲਾਈਨ ਅਰਜ਼ੀਆਂ ਨਹੀਂ ਭਰ ਸਕਦੇ, ਉਹ ਸਰਹੱਦ 'ਤੇ ਇਮੀਗਰੇਸ਼ਨ ਕੇਂਦਰ ਵਿਚ ਬਣਾਏ ਜਾਣ ਵਾਲੇ ਦਫਤਰ ਵਿਚ ਆ ਕੇ ਵੀ ਆਪਣਾ ਨਾਂ ਤੇ ਹੋਰ ਲੋੜੀਂਦੇ ਦਸਤਾਵੇਜ਼ ਦੇ ਸਕਦੇ ਹਨ। ਉਹਨਾਂ ਕਿਹਾ ਕਿ ਜੇਕਰ ਕਿਸੇ ਕਾਰਨ ਕਿਸੇ ਸ਼ਰਧਾਲੂ ਦੀ ਅਰਜ਼ੀ ਰੱਦ ਹੋ ਜਾਂਦੀ ਹੈ ਤਾਂ ਫਿਰ ਉਹ ਚਾਰ ਦਿਨ ਬਾਅਦ ਮੁੜ ਅਰਜ਼ੀ ਦਾਖਲ ਕਰ ਸਕਦਾ ਹੈ। ਸ਼ਰਧਾਲੂਆਂ ਨੂੰ ਜਾਣ ਬਾਰੇ ਜਾਣਕਾਰੀ ਉਹਨਾਂ ਦੇ ਮੋਬਾਈਲਾਂ 'ਤੇ ਦਿੱਤੀ ਜਾਵੇਗੀ।
ਗੋਵਿੰਦ ਮੋਹਨ ਨੇ ਇਹ ਵੀ ਦੱਸਿਆ ਕਿ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦਾ ਪਾਸਪੋਰਟ ਇਕ ਕਾਨੂੰਨੀ ਤੇ ਸ਼ਨਾਖਤੀ ਦਸਤਾਵੇਜ਼ ਵਜੋਂ ਵਰਤਿਆ ਜਾਵੇਗਾ ਅਤੇ ਇਹ ਪਾਸਪੋਰਟ ਪਾਕਿਸਤਾਨ ਇਮੀਗਰੇਸ਼ਨ ਵੱਲੋਂ ਰੱਖ ਕੇ ਇਕ ਸ਼ਨਾਖਤੀ ਪੇਪਰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਦਿੱਤਾ ਜਾਵੇਗਾ। ਸ਼ਰਧਾਲੂਆਂ ਨੂੰ ਉਸੇ ਦਿਨ ਸ਼ਾਮ ਨੂੰ ਪਰਤਣਾ ਲਾਜ਼ਮੀ ਹੋਵੇਗਾ ਅਤੇ ਆਉਂਦੇ ਸਮੇਂ ਉਹ ਆਪਣਾ ਪਾਸਪੋਰਟ ਪਾਕਿਸਤਾਨ ਅਧਿਕਾਰੀਆਂ ਤੋਂ ਲੈ ਸਕਣਗੇ।